ਕੋਵਿਡ-19 ਦਾ ਸ੍ਰੋਤ ਜਾਣਨ ਵਾਸਤੇ ਸੰਸਾਰ ਸਿਹਤ ਸੰਸਥਾ ਹਾਲੇ ਵੀ ਕਾਰਜਰਤ ਅਤੇ ਜਾਂਚ ਦੇ ਸਭ ਦਰਵਾਜ਼ੇ ਹਾਲੇ ਵੀ ਖੁਲ੍ਹੇ

(ਦ ਏਜ ਮੁਤਾਬਿਕ) ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਧਨਮ ਦਾ ਕਹਿਣਾ ਹੈ ਕਿ ਡਬਲਿਊ ਐਚ ਓ ਹਾਲੇ ਵੀ ਕੋਵਿਡ-19 ਦਾ ਅਸਲ ਅਤੇ ਮੁੱਖ ਸ੍ਰੋਤ ਜਾਣਨ ਦੀ ਇੱਛਾ ਵਾਸਤੇ ਕੰਮ ਕਰ ਰਹੀ ਹੈ ਅਤੇ ਇਸਦੇ ਦਰਵਾਜ਼ੇ ਬੰਦ ਨਹੀਂ ਕੀਤੇ ਗਏ ਹਨ। ਸੰਸਥਾ ਦੇ ਮੁੰਖੀ ਟੈਡਰੋਸ ਦਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਕਿ ਅਮਰੀਕਾ ਨੇ ਡਬਲਿਊ ਐਚ ਓ ਵੱਲੋਂ ਚੀਨ ਤੋਂ ਇਕੱਠੇ ਕੀਤੇ ਗਏ ਉਨ੍ਹਾਂ ਆਂਕੜਿਆਂ ਨੂੰ ਮੁੜ ਤੋਂ ਵਾਚਣ ਅਤੇ ਘੋਖਣ ਦੀ ਮੰਗ ਕੀਤੀ ਹੈ ਜਿਨ੍ਹਾਂ ਨੂੰ ਕਿ ਡਬਲਿਊ ਐਚ ਓ ਵੱਲੋਂ ਸਥਾਪਿਤ ਕੀਤੀ ਗਈ ਟੀਮ ਦੁਆਰਾ ਵੂਹਾਨ ਸ਼ਹਿਰ ਆਦਿ ਵਿੱਚੋਂ ਇਕੱਠਾ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਅਜਿਹਾ ਇਸ ਲਈ ਕਿਹਾ ਸੀ ਕਿਉਂਕਿ ਡਬਲਿਊ ਐਚ ਓ ਦੀ ਉਕਤ ਟੀਮ ਵੱਲੋਂ ਵੂਹਾਨ ਦੀ ਲੈਬੋਰਟਰੀ ਵਿੱਚੋਂ ਵਾਇਰਸ ਦਾ ਲੀਕ ਹੋ ਕੇ ਬਾਹਰ ਫੈਲਣ ਦੀ ਕਿਰਿਆ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਸ ਵਿਚ ਮੁੜ ਤੋਂ ਪੜਤਾਲ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਹੈ। ਵੈਸੇ ਜਦੋਂ ਦੀ ਇਹ ਕਰੋਨਾ ਨਾਮ ਦੀ ਭਿਆਨਕ ਬਿਮਾਰੀ ਨੇ ਆਪਣੇ ਪੈਰ ਪਸਾਰੇ ਹਨ, ਉਦੋਂ ਤੋਂ ਹੀ ਡਬਲਿਊ ਐਚ ਓ ਦਾ ਚੀਨ ਦੀ ਤਰਫ਼ ਪੱਖਪਾਤੀ ਰਵੱਈਆ ਸਮੁੱਚੇ ਸੰਸਾਰ ਅੰਦਰ ਹੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਅਤੇ ਅਮਰੀਕਾ ਦੀ ਟਰੰਪ ਸਰਕਾਰ ਨੇ ਤਾਂ ਡਬਲਿਊ ਐਚ ਓ ਤੋਂ ਮੂੰਹ ਹੀ ਮੋੜ ਲਿਆ ਸੀ। ਉਧਰ ਚੀਨ ਦਾ ਕਹਿਣਾ ਹੈ ਕਿ ਉਸਦੇ ਵਿਗਿਆਨਿਕਾਂ ਨੇ ਵੂਹਾਨ ਸ਼ਹਿਰ ਦੀ ਲੈਬੋਰਟਰੀ ਆਦਿ ਅੰਦਰ ਅਜਿਹੇ ਕਿਸੇ ਵਾਇਰਸ ਨਾਲ ਕੋਈ ਕਿਸੇ ਕਿਸਮ ਦੀ ਛੇੜਛਾੜ ਜਾਂ ਉਸ ਉਪਰ ਕੋਈ ਵਿਗਿਆਨਿਕ ਤਜੁਰਬੇ ਨਹੀਂ ਕੀਤੇ।

Install Punjabi Akhbar App

Install
×