ਆਸਟ੍ਰੇਲੀਆ ਵੱਲੋਂ ਵਿਦੇਸ਼ਾਂ ਤੋਂ ਭਾਰਤੀਆਂ ਨੂੰ ਰੱਖੜੀ ਦੇ ਤੋਹਫ਼ਿਆਂ ਸੰਬੰਧੀ ਚੇਤਾਵਨੀ

(ਬ੍ਰਿਸਬੇਨ) ਇੱਥੇ ਆਸਟ੍ਰੇਲਿਆਈ ਖੇਤੀਬਾੜੀ, ਪਾਣੀ ਅਤੇ ਵਾਤਾਵਰਣ ਵਿਭਾਗ ਨੇ 3 ਅਗਸਤ ਨੂੰ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਵਿਦੇਸ਼ਾਂ ਤੋਂ ਤੋਹਫ਼ੇ ਅਤੇ ਮਿਠਾਈਆਂ ਆਉਣ ਦੀ ਉਮੀਦ ਕਰ ਰਹੇ ਆਸਟ੍ਰੇਲਿਆਈ ਭਾਰਤੀ ਪਰਿਵਾਰਾਂ ਨੂੰ ‘ਸਖ਼ਤ’ ਜੈਵਿਕ ਵਿਭਿੰਨਤਾ ਕਾਨੂੰਨਾਂ ਦੀ ਉਲੰਘਣਾ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ। ਮਸਲਨ ਕੀੜੇ ਅਤੇ ਬਿਮਾਰੀ ਦੇ ਖ਼ਤਰੇ ਨੂੰ ਭਾਂਪਦਿਆ ਵਿਭਾਗ ਨੇ ਕੁੱਝ ਰਵਾਇਤੀ ਤੋਹਫ਼ੇ ਅਤੇ ਦੁੱਧ ਤੋਂ ਬਣਾਈਆਂ ਗਈਆਂ ਰਵਾਇਤੀ ਮਿਠਾਈਆਂ ਨੂੰ ਪਾਰਸਲ ਰਾਹੀਂ ਭੇਜਣ ਦੀ ਆਗਿਆ ਨਹੀਂ ਦਿੱਤੀ ਹੈ ਤਾਂ ਜੋ ਜਾਣੇ ਅਣਜਾਣੇ ‘ਚ ਜੈਵ ਵਿਭਿੰਨਤਾ ਕਾਨੂੰਨਾਂ ਦੀ ਉਲੰਘਣਾ ਨਾ ਹੋ ਸਕੇ। ਆਸਟ੍ਰੇਲਿਆਈ ਬਾਰਡਰ ਫੋਰਸ, ਜੈਵ ਵਿਭਿੰਨਤਾ ਕਾਨੂੰਨਾਂ (ਵਾਤਾਵਰਣ ਸੁਰੱਖਿਆ) ਤਹਿਤ ਹਰ ਸਾਲ ਤਕਰੀਬਨ 80,000 ਪੱਤਰ ਅਤੇ ਪਾਰਸਲਾਂ ਨੂੰ ਰੋਕ ਦਿੰਦਾ ਹੈ। ਜਿਕਰਯੋਗ ਹੈ ਕਿ ਸਮੁੱਚੇ ਵਿਸ਼ਵ ਵਿੱਚ ਰਹਿੰਦੇ ਭਾਰਤੀ ਪਰਵਾਸੀ ਭੈਣ-ਭਰਾ ਰੱਖੜੀ ਦੇ ਤਿਓਹਾਰ ‘ਤੇ ਅਕਸਰ ਮਹਿੰਗੇ ਤੋਹਫ਼ੇ ਅਤੇ ਰਵਾਇਤੀ ਭਾਰਤੀ ਮਿਠਾਈਆਂ ਇੱਕ ਦੂਜੇ ਨੂੰ ਭੇਜ ਕੇ ਅਪਣੇ ਸਨੇਹ ਤੇ ਪਿਆਰ ਦਾ ਪ੍ਰਗਟਾਵਾ ਕਰਦੇ ਆਏ ਹਨ।