ਚੋਣਾਂ ਨੂੰ ਪੂਰਾ ਇੱਕ ਹਫ਼ਤਾ ਰਹਿ ਗਿਆ ਹੈ। ਜਿਉਂ ਜਿਉਂ ਚੋਣਾਂ ਦਾ ਦਿਹਾੜਾ (ਮਈ 21, 2022 ਦਿਨ ਸ਼ਨਿਚਰਵਾਰ) ਨਜ਼ਦੀਕ ਆ ਰਿਹਾ ਹੈ ਤਿਉਂ ਤਿਉਂ ਨੇਤਾਵਾਂ ਦੀਆਂ ਸਰਗਰਮੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਲੇਬਰ ਅਤੇ ਲਿਬਰਲ ਪਾਰਟੀਆਂ ਵਾਲੇ ਸਭ ਨੇਤਾ ਵੀ ਇਸ ਦੰਗਲ ਵਿੱਚ ਸ਼ਾਮਿਲ ਹਨ ਅਤੇ ਹਰ ਕੋਈ ਨਵੇਂ ਨਵੇਂ ਪ੍ਰੋਗਰਾਮ ਉਲੀਕ ਰਿਹਾ ਹੈ, ਨਵੇਂ ਨਵੇਂ ਮਨਮੋਹਕ ਵਾਅਦੇ ਕਰ ਰਿਹਾ ਹੈ।
ਲੇਬਰ ਪਾਰਟੀ ਦੇ ਨੇਤਾ, ਐਂਥਨੀ ਐਲਬਨੀਜ਼ ਨੇ, ਨਾਰਦਰਨ ਟੈਰਿਟਰੀ ਵਿੱਚ ਆਪਣਾ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਮੈਡੀਕੇਅਰ ਵਿੱਚ ਇੱਕ ਬਿਲੀਅਨ ਦੇ ਕਰੀਬ ਬਜਟ ਦਾ ਪ੍ਰਾਵਧਾਨ ਰੱਖਿਆ ਜਾਵੇਗਾ।
ਤਰਤੀਬ ਦਿੰਦਿਆਂ ਉਨ੍ਹਾਂ ਕਿਹਾ ਅਗਲੇ 3 ਸਾਲਾਂ ਵਾਸਤੇ ਮੈਡੀਕੇਅਰ ਦੀ ਫੰਡਿੰਗ 750 ਮਿਲੀਅਨ ਡਾਲਰਾਂ ਦੀ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ 220 ਮਿਲੀਅਨ ਡਾਲਰਾਂ ਦੀ ਗ੍ਰਾਂਟ ਜੀ.ਪੀਆਂ ਲਈ ਰੱਖੀ ਜਾਵੇਗੀ ਜਿਸ ਦੇ ਤਹਿਤ ਉਹ 25000 ਤੋਂ 50,000 ਡਾਲਰਾਂ ਤੱਕ ਦੀ ਮਾਲ਼ੀ ਮਦਦ ਹਾਸਿਲ ਕਰ ਸਕਣਗੇ ਜਿਸ ਨਾਲ ਉਹ ਨਵਾਂ ਸਾਜੋ ਸਾਮਾਨ ਖਰੀਦ ਸਕਣਗੇ, ਆਪਣੇ ਸਟਾਫ ਨੂੰ ਨਵੀਆਂ ਤਕਨੀਕਾਂ ਦੀ ਸਿਖਲਾਈ ਦਿਵਾਉਣ ਆਦਿ ਵਰਗੇ ਕਾਰਜ ਕਰ ਸਕਣਗੇ।