ਮੂਰੂਗਪਨ ਪਰਿਵਾਰ ਦੀਆਂ ਮੁਸ਼ਕਿਲਾਂ ਖ਼ਤਮ, ਅੱਜ ਬਿਲੋਏਲਾ ਜਾਣ ਦਾ ਐਲਾਨ

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸੰਕੇਤ ਦਿੱਤੇ ਹਨ ਕਿ ਬੀਤੇ ਕਈ ਸਾਲਾਂ ਤੋਂ ਡਿਟੈਂਸ਼ਨ ਸੈਂਟਰਾਂ ਦੇ ਸੰਤਾਪ ਭੋਗ ਰਹੇ ਮੂਰੂਗਪਨ ਪਰਿਵਾਰ (ਪਤੀ-ਪਤਨੀ ਅਤੇ ਉਨ੍ਹਾਂ ਦੀਆਂ ਦੋ ਬੱਚੀਆਂ) ਦੀਆਂ ਮੁਸ਼ਕਿਲਾਂ ਹੁਣ ਖ਼ਤਮ ਹੋ ਰਹੀਆਂ ਹਨ ਅਤੇ ਅੱਜ ਹੀ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਘਰੇਲੂ ਮਾਮਲਿਆਂ ਦੇ ਨਵੇਂ ਬਣੇ ਮੰਤਰੀ ਜਿਮ ਚਾਮਰਜ਼ ਅੱਜ ਦੀ ਤਾਰੀਖ਼ ਵਿੱਚ ਹੀ ਅਜਿਹੇ ਐਲਾਨ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਬੀਤੀ ਸਰਕਾਰ ਵੇਲੇ ਤੋਂ ਇਹ ਪਰਿਵਾਰ ਬਹੁਤ ਜ਼ਿਆਦਾ ਸਖ਼ਤੀਆਂ ਦਾ ਸਾਹਮਣਾ ਕਰਦਾ ਆ ਰਿਹਾ ਹੈ ਅਤੇ ਲਗਾਤਾਰ ਡਿਟੈਂਸ਼ਨ ਸੈਂਟਰਾਂ ਆਦਿ ਵਿੱਚ ਇਨ੍ਹਾਂ ਪਤੀ ਪਤਨੀ ਅਤੇ ਇਨ੍ਹਾਂ ਦੀਆਂ ਦੋ ਮਾਸੂਮ ਬੱਚੀਆਂ, ਸੰਤਾਪ ਭੋਗਦੇ ਰਹੇ ਹਨ ਅਤੇ ਸੱਤਾਧਾਰੀਆਂ ਨੇ ਇਨ੍ਹਾਂ ਦੀਆਂ ਮੁਸ਼ਕਲਾਂ ਆਦਿ ਵਧਾਉਣ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ।
ਉਕਤ ਪਰਿਵਾਰ ਦਾ ਮਾਮਲਾ ਕਈ ਅਦਾਲਤਾਂ ਵਿੱਚ ਚੱਲਿਆ, ਬਹੁਤ ਸਾਰੀਆਂ ਸਮਾਜ ਸੇਵਾ ਜੱਥੇਬੰਦੀਆਂ ਨੇ ਵੀ ਇਨ੍ਹਾਂ ਦੀ ਪੱਖ ਪੂਰਦਿਆਂ ਪਿਛਲੀ ਸਰਕਾਰ ਕੋਲ ਕਈ ਅਪੀਲਾਂ ਕੀਤੀਆਂ ਸਨ ਕਿ ਇਸ ਪਰਿਵਾਰ ਨੂੰ ਡਿਟੈਂਸ਼ਨ ਸੈਂਟਰਾਂ ਵਿੱਚ ਕੱਢ ਕੇ ਵਾਪਿਸ ਬਿਲੋਏਲਾ ਭੇਜ ਦਿੱਤਾ ਜਾਵੇ ਪਰੰਤੂ ਸਰਕਾਰ ਅਤੇ ਖਾਸ ਕਰਕੇ ਇਮੀਗ੍ਰੇਸ਼ਨ ਮੰਤਰੀ ਨੇ ਇਸ ਬਾਬਤ ਕੋਈ ਧਿਆਨ ਹੀ ਨਹੀਂ ਦਿੱਤਾ।
ਲੇਬਰ ਸਰਕਾਰ ਨੇ ਆਪਣੇ ਚੋਣ ਵਾਅਦਿਆਂ ਦੌਰਾਨ ਇਹ ਵਾਅਦਾ ਵੀ ਕੀਤਾ ਸੀ ਕਿ ਜੇਕਰ ਲੇਬਰ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਬਿਨ੍ਹਾਂ ਦੇਰੀ ਦੇ ਉਕਤ ਪਰਿਵਾਰ ਨੂੰ ਬਿਲੋਏਲਾ ਭੇਜ ਦਿੱਤਾ ਜਾਵੇਗਾ ਅਤੇ ਅੱਜ ਸਰਕਾਰ ਇਸ ਵਾਅਦੇ ਦੀ ਪੂਰਤੀ ਦਾ ਐਲਾਨ ਕਰ ਸਕਦੀ ਹੈ।
ਸੱਤਾਧਾਰੀ ਧਿਰ ਦੇ ਐਮ.ਪੀ. -ਮੈਡਲਿਨ ਕਿੰਗ ਜੋ ਕਿ ਪੱਛਮੀ ਆਸਟ੍ਰੇਲੀਆ ਦੇ ਬਰੈਂਡ ਖੇਤਰ ਵਿੱਚੋਂ ਆਉਂਦੇ ਹਨ, ਨੇ ਵੀ ਉਕਤ ਐਲਾਨ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਲੇਬਰ ਸਰਕਾਰ ਦਾ ਵਾਅਦਾ, ਵਫ਼ਾ ਹੋਣ ਜਾ ਰਿਹਾ ਹੈ ਅਤੇ ਇਹ ਪਰਿਵਾਰ ਵਾਪਿਸ ਬਿਲੋਏਲਾ ਪਹੁੰਚਾ ਦਿੱਤਾ ਜਾਵੇਗਾ।

Install Punjabi Akhbar App

Install
×