ਬਿਅਦਬੀਆਂ ਸਨਮੁੱਖ ਸ਼੍ਰੋਮਣੀ ਅਕਾਲੀ ਦਲ

Harpal Singh Pannu 180905 akali cancerrrr
ਆਰਟਿਸਟ ਕਿਰਪਾਲ ਸਿੰਘ ਨੇ ਅਠਾਹਰਵੀਂ ਸਦੀ ਦੀ ਸਟੇਟ-ਦ੍ਰਿੰਦਗੀ ਜਿਸ ਚਿੱਤਰ ਵਿਚ ਚਿਤਰੀ ਹੈ ਉਸ ਵਿਚ ਚੱਕੀ ਪੀਂਹਦੀਆਂ ਮਾਵਾਂ ਦੇ ਗਲਾਂ ਵਿੱਚ ਉਨ੍ਹਾਂ ਦੇ ਬੱਚਿਆਂ ਦੇ ਹਾਰ ਹਨ, ਇਸੇ ਚਿੱਤਰ ਵਿਚ ਬੱਚਾ ਹਵਾ ਵਿੱਚ ਉਛਾਲਿਆ ਹੋਇਆ ਹੈ, ਨੇਜ਼ੇ ਦੀ ਨੋਕ ਆਕਾਸ਼ ਵੱਲ ਹੈ, ਜਦੋਂ ਜਿਉਂਦਾ ਬੱਚਾ ਹੇਠਾਂ ਵੱਲ ਡਿੱਗੇਗਾ, ਨੇਜ਼ੇ ਵਿਚ ਪਰੋਇਆ ਜਾਏਗਾ। ਅਸਮਾਨ ਵਿਚ ਇੱਲਾਂ, ਗਿਰਝਾਂ, ਕਾਂ, ਬੋਟੀਆਂ ਦੀ ਉਡੀਕ ਵਿਚ ਉਡਦੇ ਫਿਰਦੇ ਮੰਡਰਾਂਦੇ ਦਿਸਦੇ ਹਨ, ਕੁੱਤੇ ਜੀਭਾਂ ਲਮਕਾਈ ਹਰਲ ਹਰਲ ਕਰਦੇ ਫਿਰਦੇ ਹਨ, ਗੱਲ ਕੀ ਖੂਨੀ ਮੌਤ, ਪੇਂਟਿੰਗ ਨੂੰ ਘੇਰੀ ਬੈਠੀ ਹੈ। ਇਸ ਚਿੱਤਰ ਦੇ ਦੂਰ ਕੋਨੇ ਵਿਚ ਇਕ ਲਕੀਰ ਹੈ, ਧਿਆਨ ਨਾਲ ਦੇਖਿਆਂ ਨਜ਼ਰ ਪੈਂਦੀ ਹੈ, ਉਹ ਲਕੀਰ ਹਥਿਆਰਬੰਦ ਘੋੜਸਵਾਰ ਖਾਲਸਾ ਪੰਥ ਹੈ ਜੋ ਇਸ ਕਰੂਰਤਾ ਨੂੰ ਦੇਖਦਿਆਂ ਅੱਗੇ ਵਧ ਰਿਹਾ ਹੈ। ਖਾਲਸਾ ਪੰਥ, ਘੋੜਿਆਂ ਨੂੰ ਅੱਡੀ ਲਾਏਗਾ, ਜ਼ਾਲਿਮ ਹਨੇਰੀ ਰੁਕ ਜਾਏਗੀ, ਖਿੜਿਆ ਸਵੇਰਾ ਚੜ੍ਹੇਗਾ, ਰੁਮਕਦੀਆਂ ਪੌਣਾਂ ਵਗਣਗੀਆਂ। ਗੁਰੂ ਖਾਲਸਾ ਪੰਥ, ਧੁਰ ਦਰਗਾਹ ਵਿਚ ਸੁਣੀ ਗਈ ਅਰਦਾਸ ਦਾ ਸਾਕਾਰ ਹੋਇਆ ਰੂਪ ਹੈ।

ਬਾਦ ਵਿਚ ਇਸ ਖਾਲਸਾ ਪੰਥ ਦੀ ਤਾਕਤ ਸਦਕਾ ਮ. ਰਣਜੀਤ ਸਿੰਘ ਦੀ ਸਰਕਾਰ ਖਾਲਸਾ ਪ੍ਰਗਟ ਹੋਈ, ਫਿਰ ਅੰਗ੍ਰੇਜ਼ੀ-ਕਾਲ ਦੌਰਾਨ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਇਹ ਸ਼ੋਮਣੀ ਅਕਾਲੀ-ਦਲ ਦੇ ਨਾਮ ਨਾਲ ਪ੍ਰਕਾਸ਼ਵਾਨ ਹੋਇਆ। ਕਰਤਾਰ ਸਿੰਘ ਝੱਬਰ ਨੂੰ ਖਬਰ ਮਿਲੀ ਕਿ ਲਹਿੰਦੇ ਪੰਜਾਬ ਦੇ ਪਿੰਡ ਵਿਚ ਇਕ ਘਰ ਸਿੱਖ ਦਾ ਸੀ ਬਾਕੀ ਸਾਰੇ ਮੁਸਲਮਾਨ। ਸਿੱਖ ਦੇ ਘਰ ਮਹਿਮਾਨ ਆਏ, ਉਸ ਨੇ ਮੁਰਗਾ ਚਾੜ੍ਹ ਲਿਆ, ਮੁਸਲਮਾਨ ਇਕੱਠੇ ਹੋਏ, ਘੇਰਾ ਪਾ ਲਿਆ- ਮੁਸਲਮਾਨਾਂ ਦੇ ਪਿੰਡ ਵਿਚ ਝਟਕਾ ਕਰਨ ਦੀ ਹਿੰਮਤ ਕਿਵੇਂ ਹੋਈ? ਪਤੀਲਾ ਮੂਧਾ ਮਾਰਿਆ, ਸਾਰਾ ਸਿਖ ਪਰਿਵਾਰ ਮਹਿਮਾਨਾਂ ਸਣੇ ਕੁੱਟਿਆ।
ਕਰਤਾਰ ਸਿੰਘ ਝੱਬਰ ਨੂੰ ਖਬਰ ਮਿਲੀ, ਉਸਨੇ ਅਖਬਾਰਾਂ ਵਿਚ ਬਿਆਨ ਦਿੱਤਾ, -ਆਉਂਦੇ ਦੋ ਹਫਤਿਆਂ ਬਾਦ ਨਿਸ਼ਚਿਤ ਦਿਨ ਉਸੇ ਪਿੰਡ ਵਿਚ ਚਾਲੀ ਬੱਕਰੇ ਝਟਕਾਏ ਜਾਣਗੇ, ਛਕੇ ਜਾਣਗੇ, ਰੋਕਣ ਵਾਲੇ ਹਿੰਮਤ ਕਰਨ ਤੇ ਰੋਕਣ।

ਵਾਇਸਰਾਏ ਤੱਕ ਤਾਰਾਂ ਖੜਕੀਆਂ। ਡੀਸੀ ਨੇ ਝੱਬਰ ਨੂੰ ਕਿਹਾ- ਸਰਕਾਰ ਤੁਹਾਨੂੰ ਅਜਿਹਾ ਨਹੀਂ ਕਰਨ ਦਏਗੀ। ਝੱਬਰ ਨੇ ਕਿਹਾ- ਅਸੀਂ ਸਰਕਾਰ ਦੇ ਖੈਰ ਖਵਾਹ ਹਾਂ। ਸਰਕਾਰ ਨਾਲ ਕੋਈ ਟੱਕਰ ਨਹੀਂ। ਮੁਸਲਮਾਨ ਕੀ ਖਾਂਦੇ ਹਨ, ਕਿਵੇਂ ਬਣਾਂਦੇ ਹਨ, ਅਸੀਂ ਕਦੀ ਵਿਘਨ ਨਹੀਂ ਪਾਇਆ। ਮੁਸਲਮਾਨ, ਸਿੱਖ ਦੇ ਖਾਣ ਪੀਣ ਕਾਰਨ ਹਮਲਾਵਰ ਹੋਣਗੇ ਤੇ ਸਰਕਾਰ ਮੁਸਲਮਾਨਾਂ ਨੂੰ ਰੋਕਣ ਦੀ ਬਜਾਇ ਸਿੱਖਾਂ ਨੂੰ ਰੋਕੇਗੀ ਫਿਰ ਖਾਲਸਾ ਪੰਥ ਦੀ ਟੱਕਰ ਸਰਕਾਰ ਨਾਲ ਵੀ ਹੋਇਗੀ ਜਿਸਦੀ ਜ਼ਿਮੇਵਾਰ ਸਰਕਾਰ ਅੰਗਰੇਜ਼ੀ ਹੋਇਗੀ।ਫੌਜ ਨੇ ਪਿੰਡ ਘੇਰਦਿਆਂ ਮੁਸਲਮਾਨ ਵੱਸੋਂ ਨੂੰ ਚਿਤਾਵਣੀ ਦਿੱਤੀ- ਜਿਸ ਕਿਸੇ ਨੇ ਸਿੱਖਾਂ ਦੇ ਖਾਣ ਪੀਣ ਵਿਚ ਵਿਘਨ ਪਾਉਣਾ ਚਾਹਿਆ, ਗੋਲੀ ਨਾਲ ਫੁੰਡਿਆ ਜਾਇਗਾ। ਪਿੰਡਾਂ ਦੇ ਪਿੰਡ ਆ ਉਤਰੇ, ਝਟਕੇ ਦੀਆਂ ਦੇਗਾਂ ਚੜੀ੍ਹਆਂ ਤੇ ਛਕੀਆਂ। ਸਭ ਸ਼ਰਾਰਤੀ ਅਨਸਰ ਸੁੱਸਰੀ ਵਾਂਗ ਸੌਂ ਗਏ।

ਇਹ ਇੰਨਾ ਕੁ ਭੂਤਕਾਲੀ ਪ੍ਰਸੰਗ ਇਸ ਲਈ ਦਿੱਤਾ ਤਾਂ ਕਿ ਪਾਠਕ ਜਾਣ ਸਕਣ, ਹੁਣ ਦਾ ਸ਼੍ਰੋਮਣੀ ਅਕਾਲੀ ਦਲ, ਵਰਤਮਾਨ ਖਾਲਸਾ ਪੰਥ ਹੈ ਜੋ ਗਊ ਗਰੀਬ ਦਾ ਰਖਿਅਕ ਹੈ। ਇਕ ਇਕ ਸਿਖ ਵਾਸਤੇ ਫਿਕਰਮੰਦ ਹੈ।ਖਾਲਸਾ ਪੰਥ ਦੀ ਰੂਹਾਨੀ ਤਾਕਤ ਦਾ ਸੋਮਾ ਗੁਰੂ ਗ੍ਰੰਥ ਹੈ।

ਗੁਰੂ ਗ੍ਰੰਥ ਦੀ, ਗੁਟਕਿਆਂ ਦੀ ਬੇਅਦਬੀ ਉਦੋਂ ਹੋਈ ਜਦੋਂ ਸਰਕਾਰ ਅਜੋਕੇ ਖਾਲਸਾ ਪੰਥ ਦੀ ਸੀ, ਯਾਨੀ ਕਿ ਅਕਾਲੀ ਦਲ ਬਾਦਲ ਦੀ। ਸੜਕੀ ਆਵਾਜਾਈ ਰੋਕੀ ਨਹੀਂ, ਪਟੜੀਆਂ ਕਿਨਾਰੇ ਧਰਨੇ ਦਿੱਤੇ, ਵਾਹਿਗੁਰੂ ਦਾ ਜਾਪ ਕੀਤਾ। ਲੰਗਰ ਵਰਤਾਏ, ਲੰਗਰ ਵਿਚ ਡਿਉਟੀ ਦਿੰਦੇ ਪੁਲਿਸ ਕਰਮੀ ਵੀ ਭੋਜਨ ਕਰਦੇ, ਜੁਆਨ ਆਦਰ ਨਾਲ ਲੰਗਰ ਵਰਤਾਉਂਦੇ ਵੀਡੀਓਜ਼ ਵਿਚ ਦਿੱਸਦੇ ਹਨ।

ਕੋਈ ਪੁਲਿਸ ਅਫਸਰ ਅਚਾਨਕ ਗੋਲੀ ਦਾ ਹੁਕਮ ਦਿੰਦਾ ਹੈ, ਗੋਲੀ ਚਲਦੀ ਹੈ, ਦੋ ਜੁਆਨ ਥਾਂਏਂ ਢੇਰੀ, ਦਰਜਣਾ ਜ਼ਖਮੀ। ਪੰਜਾਬ ਪੁਲਿਸ, ਰਿਪੋਰਟ ਦਰਜ ਕਰਦਿਆਂ ਲਿਖਦੀ ਹੈ- ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈ ਗੋਲੀ ਨਾਲ ਕਤਲ ਅਤੇ ਜ਼ਖਮੀ…।

ਜਿਹੜਾ ਖਾਲਸਾ ਪੰਥ ਦਰ ਆਏ ਹਰੇਕ ਸਵਾਲੀ ਦਾ ਰਖਿਅਕ ਹੋਇਆ ਕਰਦਾ ਸੀ ਉਹ ਅਕਾਲੀ ਦਲ ਦੇ ਨਾਮ ਨਾਲ ਰਾਜ ਕਰਨ ਲੱਗਾ ਤਾਂ ਰੱਖਿਅਕ ਦੀ ਥਾਂ ਸਿਖਾਂ ਦਾ ਭੱਖਿਅਕ ਹੋ ਗਿਆ। ਸਿਖਾਂ ਦੀ ਰਾਖੀ ਕੀ ਕਰਨੀ ਹੋਈ, ਗੁਰੂ ਗ੍ਰੰਥ ਦੀ ਬੇਅਦਬੀ ਰੋਕਣ ਦੇ ਸਮਰੱਥ ਨਹੀਂ, ਜੋ ਬੇਅਦਬੀ ਰੋਕਣ ਦੇ ਇਛੁਕ ਸਨ, ਪੁਲਿਸ ਨੇ ਫੁੰਡ ਦਿਤੇ!

ਮੈਂ ਅਪਣੇ ਡਾਕਟਰ ਮਿੱਤਰ ਨੂੰ ਪੁਛਿੱਆ- ਸੌਖੇ ਢੰਗ ਨਾਮ ਮੈਨੂੰ ਦੱਸੋ ਕੈਂਸਰ ਕਿਸ ਕਿਸਮ ਦੀ ਬਿਮਾਰੀ ਹੋਇਆ ਕਰਦੀ ਹੈ। ਉਸ ਨੇ ਦੱਸਿਆ- ਸਰੀਰ ਦੇ ਹਰ ਹਿੱਸੇ ਨੂੰ ਉਸ ਦੀਆਂ ਜ਼ਿਮੇਵਾਰੀਆਂ ਕੁਦਰਤ ਨੇ ਸਮਝਾ ਦਿੱਤੀਆ ਹਨ। ਉਹ ਹਿੱਸਾ ਅਪਣਾ ਸੌਂਪਿਆ ਗਿਆ ਕੰਮ ਕਰੇ, ਉੱਨਾ ਕੁ ਕਰੇ ਜਿੰਨਾ ਕਰਨ ਲਈ ਕਿਹਾ ਗਿਆ ਹੈ, ਨਾ ਵੱਧ ਨਾ ਘੱਟ। ਉਦਾਹਰਣ ਲਈ ਦਸਦਾ ਹਾਂ ਕਿ ਅਸੀਂ ਹੱਥਾਂ ਪੈਰਾਂ ਤੋਂ ਕੰਮ ਲੈਂਦੇ ਹਾਂ ਤਾਂ ਇਸ ਨਾਲ ਚਮੜੀ ਘਸਦੀ ਰਹਿੰਦੀ ਹੈ। ਜਿੰਨੀਂ ਚਮੜੀ ਘਸੇ, ਉਨੀਂ ਕੁ ਹੋਰ ਬਣ ਜਾਏ। ਜੇ ਨਵੀਂ ਚਮੜੀ ਨਹੀਂ ਬਣਦੀ ਤਾਂ ਖੂਨ ਰਿਸਣ ਲੱਗੇਗਾ। ਪਰ ਇਹ ਵੀ ਨਹੀਂ ਕਿ ਨਵੀਂ ਚਮੜੀ ਬਣਾਈ ਹੀ ਜਾਏ, ਹਟੇ ਨਾਂ, ਫਿਰ ਹੱਥ ਪੈਰ ਮੋਟੇ ਹੁੰਦੇ ਜਾਣਗੇ। ਜਦੋਂ ਚਮੜੀ ਅਪਣਾ ਫਰਜ਼ ਭੁੱਲ ਕੇ ਮੁਰੰਮਤ ਕਰਨੋ ਹਟ ਜਾਏ, ਜਾਂ ਫਿਰ ਨਵੀਂ ਚਮੜੀ ਬਣਾਉਣੋ ਹਟੇ ਈ ਨਾ, ਉਸਨੂੰ ਕੈਂਸਰ ਕਿਹਾ ਜਾਂਦਾ ਹੈ। ਸਾਰਾ ਕਿੱਸਾ ਸਮਝ ਵਿਚ ਆ ਗਿਆ। ਗੁਰੂ ਖਾਲਸਾ ਪੰਥ ਨੂੰ ਜਿਹੜੀ ਕੈਂਸਰ ਦੀ ਬਿਮਾਰੀ ਲਗ ਗਈ ਹੈ ਉਸਦਾ ਨਾਮ ਅੱਜ ਸ਼੍ਰੋਮਣੀ ਅਕਾਲੀ ਦਲ ਹੈ। ਉਹ ਦਿੱਤੀ ਗਈ ਜ਼ਿਮੇਵਾਰੀ ਭੁੱਲ ਗਿਆ ਹੈ।

ਵਧੇਰੇ ਕਰਕੇ ਮੇਰਾ ਜੀ ਨੀਲੇ ਰੰਗ ਦੀ ਦਸਤਾਰ ਸਜਾਉਣ ਨੂੰ ਕਰਿਆ ਕਰਦਾ ਹੈ। ਸਮੁੰਦਰ ਦਾ ਰੰਗ, ਅਸਮਾਨ ਦਾ ਰੰਗ, ਨੀਲੇ ਦੇ ਸਵਾਰ ਦਾ ਪਸੰਦੀਦਾ ਰੰਗ। ਅੱਜ ਕੱਲ੍ਹ ਮੇਰੀ ਸਰਦਾਰਨੀ ਨੀਲੇ ਰੰਗ ਦੀ ਦਸਤਾਰ ਨਹੀਂ ਬੰਨ੍ਹਣ ਦਿੰਦੀ, ਕਹਿੰਦੀ ਹੈ- ਤੁਹਾਡੇ ਨਾਲ ਕਿਹੜਾ ਅੰਗ-ਰੱਖਿਅਕ ਨੇ? ਹਰ ਨੀਲੀ ਪੱਗ ਵਾਲੇ ਨੂੰ ਅਕਾਲੀ ਸਮਝ ਕੇ ਗੁਸੈਲੇ ਪੇਂਡੂ ਘੇਰ ਘੇਰ ਕੁੱਟਦੇ ਨੇ। ਮੈਂ ਸੋਚਦਾਂ- ਬਿਮਾਰ ਅਕਾਲੀ ਦਲ ਨੂੰ ਘੇਰ ਘੇਰ ਕੁੱਟਣ ਦੀ ਥਾਂ ਇਲਾਜ ਕਰਨਾ ਚਾਹੀਦਾ ਹੈ। ਇਸਦਾ ਇਲਾਜ ਹੋ ਸਕਦੈ।

Welcome to Punjabi Akhbar

Install Punjabi Akhbar
×