ਕੀ ਅਕਾਲੀ ਦਲ ਤੇ ਭਾਜਪਾ ਦੀ ਯਾਰੀ ਟੁੱਟ ਸਕਦੀ ਹੈ … ਤੜੱਕ ਕਰਕੇ ?

babalmodi.jpeg copy
ਸਿਆਸਤ ਦੀ ਡਿਕਸ਼ਨਰੀ ਵਿੱਚ ‘ਪੱਕੀ ਦੋਸਤੀ’ ਜਾਂ ‘ਪੱਕੀ ਦੁਸ਼ਮਣੀ’ ਵਰਗੇ ਲਫਜ਼ ਹੁੰਦੇ ਹੀ ਨਹੀ । ਇਥੇ ਹਮੇਸ਼ਾ ਮੌਕਾ ਪ੍ਰਸਤੀ ਦਾ ਹੀ ਬੋਲਬਾਲਾ ਰਹਿਣਾ ਹੁੰਦਾ ਹੈ । ਪਰ ਇਹ ਗੱਲ ‘ਐਂਗਰੀ ਯੰਗਮੈਨ’ ਨਵਜੋਤ ਸਿੰਘ ਸਿੱਧੂ ਨੂੰ ਕੌਣ ਸਮਝਾਵੇ ? ਉਹਨੂੰ ਤਾਂ ਭਾਜਪਾ ਹਾਈ ਕਮਾਨ ਨੇ ਥੋੜਾ ਜਿਹਾ ਗੁੱਸਾ ਵਿਖਾਉਣ ਨੂੰ ਕਾਹਦਾ ਕਹਿ ਦਿੱਤਾ ਕਿ ਉਹਨੇ ਤਾਂ ਅਕਾਲੀ ਲੀਡਰਸ਼ਿਪ ਨੂੰ ਗੋਡਿਆਂ ਥੱਲੇ ਹੀ ਲੈ ਲਿਆ। ਹਰਿਆਣੇ ਦੀਆਂ ਚੋਣਾਂ ਵਿੱਚ ਐਸੀਆਂ ਬੜ੍ਹਕਾਂ ਮਾਰ ਦਿੱਤੀਆਂ ਕਿ ਇੱਕ ਵਾਰੀ ਤਾਂ ਦੋਹਾਂ ਹੀ ਪਾਰਟੀਆਂ ਦੇ ਘਾਗ ਸਿਆਸਤਦਾਨਾਂ ਨੂੰ ਵਖਤ ਨੂੰ ਪਾ ਕੇ ਰੱਖ ਦਿੱਤਾ । ਭਾਜਪਾ ਹਾਈ ਕਮਾਨ ਨੇ ਤਾਂ ਸ਼ਾਇਦ ਕਿਹਾ ਹੋਣਾ ਹੈ ਕਿ ਅਕਾਲੀਆਂ ਦੀ ਥੋੜੀ ਜਿਹੀ ਮੰਜੀ ਹੀ ਠੋਕਣ ਵਾਲੀ ਹੈ, ਇਸ ਲਈ ਦੋ ਚਾਰ ਸੱਟਾਂ ਹੀ ਮਾਰ ਦਿਉ ਪਰ ਸਿੱਧੂ ਨੇ ਤਾਂ ਮੰਜੀ ਦੀਆਂ ਚੂਲਾਂ ਹੀ ਹਿਲਾ ਦਿੱਤੀਆਂ ।

ਅਸਲ ਵਿੱਚ ਭਾਜਪਾ ਵਾਲੇ ਅਕਾਲੀ ਦਲ ਤੋਂ ਔਖੇ ਤਾਂ ਜਰੂਰ ਸਨ ਅਤੇ ਆਪਣੇ ਗੁੱਸੇ ਦਾ ਇਜ਼ਹਾਰ ਵੀ ਕਰਨਾ ਚਾਹੁੰਦੇ ਸਨ । ਪਰ ਬੋਲਣ ਵਾਲੇ ਬੁਲਾਰੇ ਦੀ ਜ਼ੁਬਾਨ ਨੂੰ, ਉਹ ਜਰੂਰ ਹੀ ਆਪਣੇ ਰਿਮੋਟ ਨਾਲ ਚਲਾਉਣਾ ਚਾਹੁੰਦੇ ਸਨ । ਪਰ ਸਿੱਧੂ ਸਾਹਬ ਬੋਲਣ ਲੱਗੇ ਤੇ ਹੱਸਣ ਲੱਗੇ, ਰਿਮੋਟ ਦੀ ਰੇਂਜ ਤੋਂ ਅਕਸਰ ਹੀ ਬਾਹਰ ਚਲੇ ਜਾਂਦੇ ਹਨ । ਇਹੀ ਕੰਮ ਉਹਨਾਂ ਨੇ ਹਰਿਆਣੇ ਵਿੱਚ ਵੀ ਕਰ ਦਿੱਤਾ । ਪਰ ਇਸਦਾ ਨਤੀਜਾ ਮਾੜਾ ਹੀ ਨਿੱਕਲਿਆ ਕਿਉਂਕਿ ਜਿਹੜੇ ਵੀ ਹਲਕਿਆਂ ਵਿੱਚ ਸਿੱਧੂ ਨੇ ‘ਜੋਸ਼ੀਲਾ’ ਪ੍ਰਚਾਰ ਕੀਤਾ ਲਗਭਗ ਹਰ ਥਾਂ ਹੀ ਭਾਜਪਾ ਦੀ ਕਾਰਗੁਜ਼ਾਰੀ ਮਾੜੀ ਹੀ ਰਹੀ । ਅਸਲ ਵਿੱਚ ਸਿੱਧੂ ਨੇ ਭਾਜਪਾ ਲਈ ਪ੍ਰਚਾਰ ਘੱਟ ਕੀਤਾ ਪਰ ਅਕਾਲੀਆਂ ਵਿਰੁੱਧ ਭੜਾਸ ਵੱਧ ਕੱਢੀ । ਪਹਿਲੇ ਪਹਿਲ ਤਾਂ ਭਾਜਪਾ ਦੇ ਪੰਜਾਬ ਤੋਂ ਕੁਝ ਗਿਣਵੇਂ ਚੁਣਵੇਂ ਨੇਤਾ ਇਸ ਉੱਤੇ ਖੁਸ਼ ਵੀ ਹੋਏ ਪਰ ਜਦੋਂ ਭਾਜਪਾ ਨੂੰ ਸੰਘ ਦੀ ਘੁਰਕੀ ਮਿਲੀ ਕਿ ਪੰਜਾਬ ਬਾਰੇ ਐਨੀ ਜਲਦੀ ਵੱਡੇ ਭੁਲੇਖੇ ਨਾ ਪਾਲਣ ਲੱਗ ਜਾਉ, ਤਾਂ ਭਾਜਪਾ ਨੇ ਉਸੇ ਵੇਲੇ ਹੀ ਸਿੱਧੂ ਨੂੰ ਟਿਕਾ ਕੇ ਬਿਠਾ ਦਿੱਤਾ ਕਿ ‘ਕਾਕਾ ! ਸਿਆਸਤ ਅਜੇ ਤੇਰੇ ਵੱਸ ਦੀ ਗੱਲ ਨਹੀਂ, ਜਾਹ ਜਾ ਕੇ ਕਿਸੇ ਕਾਮੇਡੀ ਪ੍ਰੋਗਰਾਮ ਵਿੱਚ ਹੱਸ-ਹੁੱਸ ਕੇ ਆਪਣਾ ਦਿਮਾਗ ਠੰਡਾ ਕਰਲੈ ।’ ਕਾਂਗਰਸ ਖਿਲਾਫ਼ ਪ੍ਰਚਾਰ ਕਰਨਾ ਹੋਰ ਗੱਲ ਹੈ ਪਰ ਆਪਣੇ ਭਾਈਵਾਲਾਂ ਖਿਲਾਫ਼ ਬੋਲਣ ਲੱਗਿਆਂ ਬਹੁਤ ਤੋਲ – ਤੋਲ ਕੇ ਹੀ ਬੋਲਣਾ ਪੈਂਦਾ ਹੈ ।

ਇਸ ਲਈ ਹੁਣ ਭਾਵੇਂ ਕਿ ਸਿੱਧੂ ਦੇ ਕਈ ਹਮਾਇਤੀ ਤਾਂ ਉਸਨੂੰ ਅਗਲਾ ਮੁੱਖ ਮੰਤਰੀ ਹੀ ਮੰਨੀ ਬੈਠੇ ਹੋਣ ( ਜਿਵੇਂ ਭਗਵੰਤ ਮਾਨ ਦੇ ਹਮਾਇਤੀ ਉਸ ਨੂੰ ਮੰਨੀ ਬੈਠੇ ਹਨ ) ਪਰ ਅਸਲੀਅਤ ਇਹ ਹੈ ਕਿ ਸਿੱਧੂ ਨੂੰ ਭਾਜਪਾ ਦੀ ਕਪਤਾਨੀ ਅਜੇ ਨਹੀਂ ਮਿਲਣ ਵਾਲੀ । ਕਿਉਂਕਿ ਸੰਘ ਵਾਲੇ ਪੰਜਾਬ ਵਿੱਚ ਕਿਸੇ ਸਿੱਖ ਨੂੰ ਭਾਜਪਾ ਦੀ ਕਪਤਾਨੀ ਦੇਣੀ ਤਾਂ ਚਾਹੁੰਦੇ ਹਨ ਪਰ ਉਹ ਸਿੱਖ ਪੱਕਾ ਸੰਘੀ ਹੋਣਾ ਚਾਹੀਦਾ ਹੈ ਅਤੇ ਆਪਣੀ ਲਿਆਕਤ ਨਾਲ ਸਭ ਨੂੰ ਨਾਲ ਜੋੜਨ ਵਾਲਾ ਹੋਣਾ ਚਾਹੀਦਾ ਹੈ । ਸ਼ਾਇਦ ਸਿੱਧੂ ਇਹ ਸ਼ਰਤਾਂ ਪੂਰੀਆਂ ਨਹੀਂ ਕਰਦਾ । ਨਾਲੇ ਉਂਜ ਵੀ ਅਜੇ ਦੋ ਸਾਲ ਤੱਕ ਤਾਂ ਗੱਠਜੋੜ ਨੂੰ ਕੋਈ ਖਤਰਾ ਹੈ ਹੀ ਨਹੀਂ । ઠਭਾਜਪਾ ਹੌਲੀ – ਹੌਲੀ ਪੇਂਡੂ ਖੇਤਰਾਂ ਵਿੱਚ ਪੱਕੇ ਪੈਰੀਂ ਹੋਣਾ ਚਾਹੁੰਦੀ ਹੈ । ਪੰਜਾਬ ਵਿੱਚ ਸ਼ਾਇਦ ਉਸਦਾ ਨਿਸ਼ਾਨਾ ੨੦੧੭ ਨਾ ਹੋ ਕੇ ੨੦੨੨ ਹੀ ਹੋਵੇ. ਅਸਲ ਵਿੱਚ ਸੰਘ ਨੇ ਭਾਜਪਾ ਨੂੰ ਕਹਿ ਦਿੱਤਾ ਹੈ ਕਿ ਪੰਜਾਬ ਨੂੰ ਹਰਿਆਣੇ ਜਿੰਨਾ ਸੌਖਾ ਸਮਝਣ ਦੀ ਗਲਤੀ ਤੋਂ ਬਚੋ । ਨਾਲੇ ਹਰਿਆਣੇ ਵਿੱਚ ਭਾਜਪਾ ਨੂੰ ਸਥਾਪਤੀ ਵਿਰੋਧੀ ਰੁਝਾਨ ਦਾ ਬਹੁਤ ਲਾਹਾ ਮਿਲਿਆ ਸੀ । ਪਰ ਪੰਜਾਬ ਵਿੱਚ ਗੱਲ ਇਸਦੇ ਉਲਟ ਹੈ ਕਿਉਂਕਿ ਇਥੇ ਖੁਦ ਭਾਜਪਾ ਹੀ ਸਰਕਾਰ ਵਿੱਚ ਹੈ ਅਤੇ ਲੋਕ ਤਾਂ ਦਸ ਸਾਲ ਪੁਰਾਣੀ ਸਰਕਾਰ ਤੋਂ ਔਖੇ ਹੁੰਦੇ ਹੀ ਹਨ ।

ਇਹ ਵੀ ਵੇਖਣ ਵਾਲੀ ਗੱਲ ਹੈ ਕਿ ਦੋਹਾਂ ਪਾਰਟੀਆਂ ਵਿਚਲੀਆਂ ਇਹ ਦੂਰੀਆਂ ਸਿਰਫ ਹਰਿਆਣਾ ਚੋਣਾਂ ਕਰਕੇ ਹੀ ਨਹੀਂ ਬਣੀਆਂ ਸਗੋਂ ਕਾਫੀ ਪਹਿਲਾਂ ਦੀਆਂ ਹਨ । ਮਾਰਚ ੨੦੧੨ ਵਿੱਚ ਸਰਕਾਰ ਬਣਨ ਸਾਰ ਹੀ ਡੀਜੀਪੀ ਸੁਮੇਧ ਸੈਣੀ ਦੀ ਨਿਯੁਕਤੀ ਵੇਲੇ ਵੀ ਭਾਜਪਾ ਆਗੂ ਭਗਤ ਚੂਨੀ ਲਾਲ ਨੇ ਰੌਲਾ ਪਾ ਲਿਆ ਸੀ । ਭਾਜਪਾ ਦੀ ਫਾਇਰ ਬਰਾਂਡ ਲਕਸ਼ਮੀ ਕਾਂਤਾ ਚਾਵਲਾ ਅਕਸਰ ਹੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕਾਫੀ ਗਰਮ ਬੋਲਦੀ ਰਹਿੰਦੀ ਹੈ । ਅੰਮ੍ਰਿਤਸਰ ਦੀ ਸਿਆਸਤ ਵਿੱਚ ਬਿਕਰਮਜੀਤ ઠਸਿੰਘ ਮਜੀਠੀਏ ਅਤੇ ਨਵਜੋਤ ਸਿੰਘ ਸਿੱਧੂ ਦੀ ਹਮੇਸ਼ਾ ਹੀ ਖੜਕਦੀ ਰਹੀ । ਇਸੇ ਤਰਾਂ ਨਵਜੋਤ ਕੌਰ ਸਿੱਧੂ ਨੇ ਵੀ ਕਈ ਵਾਰੀ ਅਕਾਲੀ ਨੇਤਾਵਾਂ ਨੂੰ ਕਰੜੇ ਹੱਥੀਂ ਲਿਆ ਹੈ । ਹੁਣੇ ਥੋੜੇ ਦਿਨ ਪਹਿਲਾਂ ਵੀ ਉਹ ਤਾਂ ਕਹਿ ਹੀ ਚੁੱਕੀ ਹੈ ਕਿ ਭਾਜਪਾ ਵਾਸਤੇ ਅਕਾਲੀਆਂ ਨਾਲੋਂ ਰਿਸ਼ਤੇ ਤੋੜਨ ਦਾ ਸਮਾਂ ਆ ਚੁੱਕਾ ਹੈ । ਮੋਦੀ ਸਰਕਾਰ ਬਣਨ ਤੋਂ ਪਹਿਲਾਂ ਜਿਹੜਾ ਅਕਾਲੀ ਦਲ ਅਕਸਰ ਹੀ ਹਮਲਾਵਰ ਮੁਦਰਾ ਵਿੱਚ ਹੀ ਹੁੰਦਾ ਸੀ ਹੁਣ ਉਹ ਬਚਾਉ ਦੀ ਮੁਦਰਾ ਵਿੱਚ ਹੈ । ਅਰੁਣ ਜੇਤਲੀ ਦੀ ਅੰਮ੍ਰਿਤਸਰ ਤੋਂ ਹਾਰ ਨੇ ਵੀ ਅਕਾਲੀ ਦਲ ਨੂੰ ਕੱਖੋਂ ਹੌਲੇ ਕਰ ਕੇ ਰੱਖ ਦਿੱਤਾ ਹੈ ।

ਪੰਜਾਬ ਵਿੱਚ ਭਾਜਪਾ ਦੀ ਅੱਖ ਕਿਸਾਨ ਵੋਟਾਂ ਦੇ ਨਾਲ ਨਾਲ ਦਲਿਤ ਵੋਟਾਂ ਉੱਤੇ ਵੀ ਖਾਸ ਤੌਰ ਤੇ ਹੈ । ਜਿਵੇਂ ਕਿ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਵਿਜੈ ਸਾਂਪਲਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਮਸ਼ੰਕਰ ਕਥੇਰੀਆ ਜਿਨਾਂ ਨੂੰ ਕਿ ਹੁਣੇ ਹੁਣੇ ਮੰਤਰੀ ਬਣਾਇਆ ਗਿਆ ਹੈ, ਦੋਵੇਂ ਹੀ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ । ਅਸਲ ਵਿੱਚ ਭਾਜਪਾ, ਆਪਣੀ ਰਵਾਇਤੀ ਵਿਰੋਧੀ ਕਾਂਗਰਸ ਅਤੇ ਅਕਾਲੀ ਦਲ ਤੋਂ ਦਲਿਤ ਵੋਟਾਂ ਖੋਹਣ ਦੇ ਚੱਕਰ ਵਿੱਚ ਹੈ । ਕਿਉਂਕਿ ਪੰਜਾਬ ਵਿੱਚ ਦਲਿਤ ਆਬਾਦੀ ਸੂਬੇ ਦੀ ਕੁੱਲ ਆਬਾਦੀ ਦਾ ਲੱਗਭੱਗ ਤੀਸਰਾ ਹਿੱਸਾ ਹੈ ਜੋ ਕਿ ਦੇਸ਼ ਦੇ ਸਭ ਸੂਬਿਆਂ ਤੋਂ ਵੱਧ ਹੈ । ਇਹਨਾਂ ਵੋਟਾਂ ਉੱਤੇ ਸਾਰੀਆਂ ਹੀ ਪਾਰਟੀਆਂ ਦੀ ਖਾਸ ਅੱਖ ਰਹਿੰਦੀ ਹੈ । ਉਧਰੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਹਨ ਕਿ ਜੇਕਰ ਅਕਾਲੀ – ਭਾਜਪਾ ਗਠਜੋੜ ਟੁੱਟਿਆ ਤਾਂ ਪੰਜਾਬ ਦੀ ਸ਼ਾਂਤੀ ਨੂੰ ਖਤਰਾ ਪੈਦਾ ਹੋ ਜਾਵੇਗਾ । ਇਸ ਦੇ ਵੀ ਸਿਆਸੀ ਪੰਡਤਾਂ ਵੱਲੋਂ ਬੜੇ ਡੂੰਘੇ ਅਰਥ ਕੱਢੇ ਜਾ ਰਹੇ ਹਨ । ਨਾਲੇ ਸੰਘ ਨੂੰ ਵੀ ਅਜੇ ਪੰਜਾਬ ਵਿੱਚ ਆਪਣਾ ਹਿੰਦੂ ਏਜੰਡਾ ਲਾਗੂ ਕਰਨ ਦੀ ਕੋਈ ਕਾਹਲੀ ਨਹੀਂ ਹੈ । ਅਜੇ ਤਾਂ ਉਹ ਈਮਾਨਦਾਰ ਲੋਕਾਂ ਨੂੰ ਅੱਗੇ ਲਿਆ ਕੇ ਆਪਣਾ ਅਕਸ ਲੋਕ ਭਲਾਈ ਵਾਲਾ ਹੀ ਬਣਾਈ ਰੱਖਣਾ ਚਾਹੁੰਦੇ ਹਨ । ਉਹ ਦੇਸ਼ ਦੀ ਰਾਜਨੀਤੀ ਨੂੰ ਪਰਿਵਾਰਵਾਦ ਤੋਂ ਮੁਕਤ ਕਰਵਾਉਣ ਵਾਲਾ ਅਕਸ ਵੀ ਬਣਾਉਣਾ ਚਾਹੁੰਦੇ ਹਨ । ਪੰਜਾਬ ਵਿੱਚ ਉਹ ਇਸ ਤਰਾਂ ਦਾ ਅਕਸ ਬਣਾਉਣਾ ਚਾਹੁੰਦੇ ਹਨ ਕਿ ਸਿੱਖ ਭਾਈਚਾਰਾ ਆਮ ਕਰਕੇ ਅਤੇ ਜੱਟ ਭਾਈਚਾਰਾ ਖਾਸ ਕਰਕੇ, ઠਭਾਜਪਾ ਨੂੰ ਅਛੂਤ ਨਾ ਸਮਝੇ ਅਤੇ ਇਸ ਭਾਈਚਾਰੇ ਦੇ ਵੱਧ ਤੋਂ ਵੱਧ ਲੋਕ ਭਾਜਪਾ ਵਿੱਚ ਸ਼ਾਮਲ ਹੋਣ ।

ਸੋ ਭਾਵੇਂ ਕਿ ਪੰਜਾਬ ਦੇ ਕਈ ਭਾਜਪਾਈ ਨੇਤਾ ਅਕਾਲੀ ਦਲ ਨਾਲੋਂ ਰਿਸ਼ਤੇ ਛੇਤੀ ਤੋੜਨ ਦੀਆਂ ਸਲਾਹਾਂ ਦੇ ਰਹੇ ਹਨ ਪਰ ਅਸਲੀਅਤ ਦੀ ਧਰਤੀ ਉੱਤੇ ਅਜਿਹਾ ਕਰ ਸਕਣਾ ਅਜੇ ਸੰਭਵ ਨਹੀਂ । ਇਸ ਲਈ ਗਠਜੋੜ ਦੇ ਟੁੱਟਣ ਦੀਆਂ ਸੰਭਾਵਨਾਵਾਂ ਅਜੇ ਨਹੀਂ ਹਨ । ਕਿਉਂਕਿ ਦੋਵਾਂ ਹੀ ਧਿਰਾਂ ਨੂੰ ਆਪਣਾ ਅੱਗਾ ਦਿਸਦਾ ਹੈ । ਪਰ ਫਿਰ ਵੀ ਦੋਵੇਂ ਭਲਵਾਨ ਆਪੋ ਆਪਣੇ ਦਾਅ ਮਾਰ ਕੇ ਦੂਸਰੇ ਨੂੰ ਅੰਦਰੇ ਅੰਦਰ ਠਿੱਬੀ ਲਾਉਣ ਦੀ ਕੋਸ਼ਿਸ਼ ਜਰੂਰ ਕਰਦੇ ਰਹਿਣਗੇ । ਭਾਜਪਾ ਪੇਂਡੂ ਖੇਤਰਾਂ ਵਿਚਲੀ ਵੋਟ ਬੈਂਕ ਨੂੰ ਸੰਨ੍ਹ ਲਾਉਣ ਦੀ ਤਿਆਰੀ ਕਰੀ ਬੈਠੀ ਹੈ । ਇਸੇ ਤਰਾਂ ਅਕਾਲੀ ਦਲ ਵਾਲੇ ਪੇਂਡੂਆਂ ઠਦੇ ਨਾਲ – ਨਾਲ ਸ਼ਹਿਰੀ ਲੋਕਾਂ ਨੂੰ ਵੀ ਸਿਰੋਪੇ ਪਾਉਣ ਦੀ ਤਿਆਰੀ ਕੱਸੀ ਬੈਠੇ ਹਨ । ਜਦੋਂ ਸਿੰਗ ਫਸਣਗੇ ਤਾਂ ਨਿੱਤਰੂ ਤਾਂ ਕੋਈ ਵੜੇਵੇਂ ਖਾਣੀ ਹੀ ਪਰ ਅਜੇ ਤੱਕ ਤਾਂ ਦੋਵੇਂ ਧਿਰਾਂ ਆਪੋ – ਆਪਣੇ ਪੈਂਤਰੇ ਹੀ ਲੈ ਰਹੀਆਂ ਹਨ ।

Install Punjabi Akhbar App

Install
×