ਅਕਾਲੀ -ਭਾਜਪਾ ਦੀ ਖਿੱਚੜੀ ਦਿੱਲੀ ਚੋਣਾਂ ਤੋਂ ਬਾਅਦ ਅੱਡ ਚੁਲਿਆਂ ਤੇ ਰਿੱਝੇਗੀ

images

ਅਕਾਲੀ-ਭਾਜਪਾ ਦੀ ਯਾਰੀ ਵਿਚ ਲੋਕ ਸਭਾ ਚੋਣਾਂ ਤੋਂ ਬਾਅਦ ਕਾਫੀ ਫਰਕ ਪੈਂਦਾ ਨਜ਼ਰ ਆਇਆ ਹੈ। ਦੋਵੇਂ ਪਾਰਟੀਆਂ ਦੇ ਆਗੂ ਆਪਸ ਵਿਚ ਵੱਖਰੀ ਤੇ ਕਟਾਖਸ਼ ਵਾਲੀ ਬਿਆਨਬਾਜ਼ੀ ਕਰਦੇ ਆ ਰਹੇ ਹਨ। ਨਵਜੋਤ ਸਿੰਘ ਸਿੱਧੂ ਨੇ ਤਾਂ ਵਾਹਵਾ ਸਿੱਧੀਆਂ ਵਾਹਕੇ ਅਕਾਲੀ ਦਲ ਬਾਦਲ ਦੀ ਲੱਸੀ ਕੀਤੀ ਹੈ। ਜਿਸਤੋਂ ਅਕਾਲੀ ਲੀਡਰਸ਼ਿਪ ਕਾਫੀ ਔਖ ਮਹਿਸੂਸ ਕਰ ਰਹੀ ਹੈ। ਭਾਜਪਾ ਦੇ ਆਗੂ ਅਮਿਤ ਸ਼ਾਹ ਨੇ ਪੰਜਾਬ ਵਿਚ ਫੈਲੇ ਨਸ਼ਿਆਂ ਵਿਰੁੱਧ ਜਦੋਂ ਅੰਮ੍ਰਿਤਸਰ ਰੈਲੀ ਕਰਨ ਦਾ ਐਲਾਨ ਕੀਤਾ ਤਾਂ ਅਕਾਲੀ ਦਲ ਬਾਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਸੁਖਬੀਰ ਸਿੰਘ ਬਾਦਲ ਨੇ ਕਾਹਲੀ ਤੇ ਘਬਰਾਹਟ ਵਿਚ ਬਾਰਡਰ ਤੇ ਬੀ ਐਸ ਐਫ ਅਤੇ ਕੇਂਦਰ ਖਿਲਾਫ ਪਾਕਿਸਤਾਨ ਤੋਂ ਆਉਂਦੇ ਨਸ਼ੇ ਨਾਂ ਰੋਕਣ ਸਬੰਧੀ ਧਰਨੇ ਦੇਣ ਦਾ ਐਲਾਨ ਕਰ ਦਿੱਤਾ। ਜੋ ਹੋਰ ਉਲਟਾ ਪੈਂਦਾ ਦਿਸਿਆ ਤਾਂ ਸ: ਪ੍ਰਕਾਸ਼ਸਿੰਘ ਬਾਦਲ ਜੋ ਮੌਕਾ ਸੰਭਾਲਣ ਵਿਚ ਮਾਹਿਰ ਮੰਨੇ ਜਾਂਦੇ ਹਨ, ਨੇ ਇਸ ਧਰਨਿਆਂ ਨੂੰ ਜਾਗਰੂਕਤਾ ਧਰਨਿਆਂ ਵਿਚ ਬਦਲ ਦਿੱਤਾ ਤੇ ਵਿਗੜਦੇ ਹਾਲਾਤ ਬੋਚ ਲਏ। ਪਰ ਦੋਹਾਂ ਪਾਰਟੀਆ ਦਾ ਅੰਦਰੂਨੀ ਵਿਰੋਧ ਪਨਪਦਾ ਹੀ ਰਿਹਾ ਹੈ। ਅਚਾਨਕ ਮਾਘੀ ਮੇਲਾ ਸ਼੍ਰੀ ਮੁਕਤਸਰ ਸਾਹਿਬ ਤੇ ਪੰਜਾਬ ਪੱਧਰ ਦੇ ਭਾਜਪਾ ਆਗੂਆਂ ਦੇ ਅਕਾਲੀ ਕਾਨਫਰੰਸ ਵਿਚ ਸ਼ਾਮਲ ਹੋਣ ਤੇ ਦੋਹਾਂ ਧਿਰਾਂ ਦੇ ਆਪਸੀ ਸਬੰਧਾਂ ਵਿਚ ਵਿਖਾਵੇ ਮਾਤਰ ਕੁੱਝ ਮਿਠਾਸ ਬਣਦੀ ਨਜ਼ਰ ਆਈ। ਸ: ਬਾਦਲ ਨੇ ਤਾਂ ਆਪਣੇ ਭਾਸ਼ਣ ਵਿਚ ਅਕਾਲੀ ਭਾਜਪਾ ਦੀ ਯਾਰੀ ਨੂੰ ਖਿਚੜੀ ਚ ਘਿਉ ਵਾਂਗ ਦੱਸਿਆ ਜਿਹੜਾ ਅਲੱਗ ਨਹੀਂ ਹੋ ਸਕਦਾ। ਪਰ ਇਸ ਗੱਲ ਦਾ ਲੋਕਾਂ ਨੂੰ ਪਤਾ ਹੈ ਕਿ ਇਹ ਖਿਚੜੀ ਦੋ ਚੁੱਲਿਆਂ ਤੇ ਰਿਝਦੀ ਲੋਕਾਂ ਨੇ ਵੇਖ ਲਈ ਹੈ ਭਾਵੇਂ ਬਾਦਲ ਸਾਹਬ ਕੁੱਝ ਆਖੀ ਜਾਣ। ਇਹ ਜਿਹੜੀ ਸਾਂਝੀ ਖਿੱਚੜੀ ਰਿੱਝਣ ਦੀ ਗੱਲ ਹੈ, ਇਹ ਸਿਰਫ ਵਕਤੀ ਨਜ਼ਰ ਆ ਰਹੀ ਹੈ, ਜਿਸਦਾ ਕਾਰਨ ਦਿੱਲੀ ਚੋਣਾਂ ਹਨ। ਰਾਜਨੀਤੀ ਕਿਸੇ ਦੀ ਸਕੀ ਨਹੀਂ ਹੁੰਦੀ । ਇਹਦੇ ਲਈ ਜੱਫੀਆਂ ਪਾਉਣ ਤੇ ਮਿਹਣੋ ਮਿਹਣੀ ਹੋਣ ਚ ਕੋਈ ਸ਼ਰਮ ਮਹਿਸੂਸ ਨਹੀਂ ਕੀਤੀ ਜਾਂਦੀ। ਦਿੱਲੀ ਚੋਣਾਂ ਵਿਚ ਦੋਹਾਂ ਧਿਰਾਂ ਨੂੰ ਇਕ ਦੂਜੇ ਦੀ ਲੋੜ ਹੈ ਤਾਂ ਹੀ ਸੁਰ ਮਿੱਠੀ ਹੋਈ ਹੇ। ਪਰ ਇਹ ਮਿਠਾਸ ਬਹੁਤਾ ਚਿਰ ਰਹਿੰਦੀ ਨਜ਼ਰ ਨਹੀਂ ਆਉਂਦੀ, ਕਿਆਸ ਅਰਾਂਈਆਂ ਲੱਗ ਰਹੀਆਂ ਹਨ ਕਿ ਦਿੱਲੀ ਚੋਣਾਂ ਤੋਂ ਬਾਅਦ ਪਹਿਲਾਂ ਵਾਂਗ ਗਰਮ ਬਿਆਨਬਾਜ਼ੀ ਤੋਂ ਬਾਅਦ ਦੋਹਾਂ ਪਾਰਟੀਆਂ ਚ ਤੋੜ ਵਿਛੋੜਾ ਹੋਣਾ ਤਹਿ ਹੈ । ਜਿਸਤੋਂ ਬਾਅਦ ਅਕਾਲੀ ਸਰਕਾਰ ਨੂੰ ਤੋੜੇ ਜਾਣ ਦੀਆਂ ਸੰਭਾਵਨਾਵਾਂ ਹਨ ਅਤੇ ਮੱਧਕਾਲੀ ਚੋਣਾਂ ਹੋਣ ਦੇ ਆਸਾਰ ਬਣ ਸਕਦੇ ਹਨ। ਇਹ ਸਮਾਂ ਦੱਸੇਗਾ ਕਿ ਇਹ ਖਿਚੜੀ ਕਿਵੇਂ ਰਿੱਝਦੀ ਹੈ।

Install Punjabi Akhbar App

Install
×