ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਵਲੋਂ ਵਿਰਾਸਤੀ ਯਾਤਰਾ

ਯਾਤਰਾ ਦਾ ਮੰਤਵ ਵਿਦਿਆਰਥਣਾਂ ਨੂੰ ਵਿਰਸੇ ਨਾਲ ਜੋੜਨਾ ਅਤੇ ਟੂਰੀਜ਼ਿਮ ਨੂੰ ਵਿਕਸਤ ਕਰਨਾ-ਕਰਨਵੀਰ ਸਿੰਘ ਸਿਬੀਆ

ਵਿਸ਼ਵ ਟੂਰਿਜ਼ਮ ਦਿਵਸ ਦੇ ਅਵਸਰ ਤੇ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਨੇ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਸੰਗਰੂਰ ਦੀ ਅਮੀਰ ਵਿਰਾਸਤ ਬਾਰੇ ਚੇਤਨਤਾ ਪੈਦਾ ਕਰਨ ਲਈ ਵਿਰਾਸਤੀ ਯਾਤਰਾ ਦਾ ਆਯੋਜਨ ਕੀਤਾ ਜਿਸਨੂੰ ਅਕਾਲ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਸ.ਕਰਨਵੀਰ ਸਿੰਘ ਸਿਬੀਆ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਵਿਲੱਖਣ ਯਾਤਰਾ ਵਿਚ ਵਿਦਿਆਰਥਣਾਂ ਨੇ ਖ਼ੂਬਸੂਰਤ ਬੈਨਰ , ਝੰਡੀਆਂ ਅਤੇ ਫਲੈਕਸ ਹੱਥਾਂ ਵਿਚ ਫੜੀਆਂ ਹੋਈਆਂ ਸਨ ਜੋ ਰਿਆਸਤ ਜੀਂਦ ਦੀ ਰਾਜਧਾਨੀ ਸੰਗਰੂਰ ਦੀਆਂ ਇਤਿਹਾਸਕ ਅਤੇ ਵਿਰਾਸਤੀ ਨਿਸ਼ਾਨੀਆਂ ਦੀ ਜਾਣਕਾਰੀ ਦੇ ਰਹੀਆਂ ਸਨ।ਡਾ. ਹਰਜੀਤ ਕੌਰ ਡਾਇਰੈਕਟਰ ਦੀ ਅਗਵਾਈ ਹੇਂਠ ਅਕਾਲ ਗਰੁੱਪ ਦਾ ਸਮੂਹ ਸਟਾਫ਼ ਹਾਜ਼ਰ ਸੀ।ਇਸ ਸੁਹਜਭਾਵੀ ਯਾਤਰਾ ਦੇ ਵਿਚ ਸੰਗਰੂਰ ਦੇ ਸ਼ਹਿਰੀਆਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ।ਇਹ ਯਾਤਰਾ ਸਭ ਤੋਂ ਪਹਿਲਾਂ 1885ਦੇ ਵਿਚ ਨਿਰਮਿਤ ਘੰਟਾ ਘਰ ਪਹੁੰਚੀ ਅਤੇ ਫਿਰ ਦੀਵਾਨ ਹਾਲ,ਬਾਰਾਂਦਰੀ ਬਨਾਸਰ ਬਾਗ਼,ਰਾਜ ਰਾਜੇਸ਼ਵਰੀ ਪ੍ਰਾਚੀਨ ਮੰਦਿਰ ਹੁੰਦੀ ਹੋਈ ਸ਼ਾਹੀ ਸਮਾਧਾਂ ਵਿਖੇ ਸਮਾਪਤ ਹੋਈ।

ਇਸ ਯਾਤਰਾ ਦੇ ਪ੍ਰਯੋਜਨ ਬਾਰੇ ਜਾਣਕਾਰੀ ਦਿੰਦੇ ਹੋਏ ਸ.ਕਰਨਵੀਰ ਸਿੰਘ ਸਿਬੀਆ ਨੇ ਦੱਸਿਆ ਕਿ ਅਸੀਂ ਆਪਣੇ ਕਾਲਜ ਦੀਆਂ ਪੇਂਡੂ ਵਿਦਿਆਰਥਣਾਂ ਨੂੰ ਸਾਡੀਆਂ ਇਤਿਹਾਸਿਕ ਸਮਾਰਕਾਂ ਦੇ ਇਤਿਹਾਸ, ਸ਼ਾਨਦਾਰ ਸ਼ਿਲਪਕਾਰੀ ਅਤੇ ਕਲਾ ਪੱਖ ਤੋਂ ਜਾਣੂ ਕਰਾਉਣ ਅਤੇ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਇਸ ਯਾਤਰਾ ਦਾ ਆਯੋਜਨ ਕੀਤਾ ਹੈ। ਸਾਡਾ ਮੰਤਵ ਬਹੁਮੁੱਲੀ ਵਿਰਾਸਤ ਨੂੰ ਸੰਭਾਲਣ ਦੇ ਨਾਲ ਨਾਲ ਇਸ ਇਲਾਕੇ ਵਿਚ ਟੂਰਿਜ਼ਮ ਨੂੰ ਵਧਾਉਣਾ ਵੀ ਹੈ ਤਾਂ ਜੋ ਇਲਾਕੇ ਦੇ ਵਿਕਾਸ ਲਈ ਨਵੇਂ ਰਾਹ ਖੋਲੇ ਜਾ ਸਕਣ। ਟੂਰਿਜ਼ਮ ਦੇ ਵਿਕਸਿਤ ਹੋਣ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ,ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ਨੂੰ ਉਸਾਰੂ ਪਾਸੇ ਤੋਰਨ ਲਈ ਅਜਿਹੀਆਂ ਵਿਰਾਸਤੀ ਯਾਤਰਾਵਾਂ ਮਹੱਤਵਪੂਰਨ ਭੂਮਿਕਾ ਅਦਾ ਕਰਨਗੀਆਂ।

Install Punjabi Akhbar App

Install
×