ਸਿਰਜਣਾ ਦਿਵਸ ਸ੍ਰੀ ਅਕਾਲ ਤਖਤ ਸਾਹਿਬ

ਸ੍ਰੀ ਅਕਾਲ ਤਖਤ ਦੇ ਵਾਰਸ ਗੁਰੂ ਖਾਲਸਾ ਪੰਥ ਜੀਓ ।

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ।।

akaal takhat sahib

ਅੱਜ ਦਾ ਉਹ ਇਤਿਹਾਸਕ ਦਿਨ ਹੈ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਛੇਵੇਂ ਜਾਮੇ ਸ੍ਰੀ ਗੁਰੂ ਹਰਿਗੋਬਿੰਦ ਦੇ ਰੂਪ ਵਿਚ ਅਕਾਲ ਬੁੰਗਾ ( ਸ੍ਰੀ ਅਕਾਲ ਤਖਤ ਸਾਹਿਬ) ਦੀ ਸਿਰਜਣਾ ਕੀਤੀ ਸੀ। ਵਿਸਥਾਰ ਨਾਲ ਆਪ ਜੀ ਨੂੰ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਕਿਉਂਕਿ ਆਪ ਜੀ ਉਸ ਵਕਤ ਦੇ ਸਾਰੇ ਹਾਲਾਤ ਤੋਂ ਭਲੀ ਭਾਂਤ ਵਾਕਫ ਹੋ । ਹਾਂ, ਮਹਾਨ ਕੋਸ਼ ਦੇ ਕਰਤਾ ਦੁਆਰਾ ਲਿਖੇ ਸ਼ਬਦ ਜਰੂਰ ਲਿਖਣੇ ਯੋਗ ਜਾਣੇ ਹਨ। “ਅਕਾਲ ਬੁੰਗਾ :- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ੬੬੫ ਵਿਚ ਸ੍ਰੀ ਅੰਮ੍ਰਿਤਸਰ ਹਰਿਮੰਦਰਿ ਦੇ ਸਾਮ੍ਹਣੇ ਇਕ ਉੱਚਾ ਰਾਜ ਸਿੰਘਸਾਨ (ਸ਼ਾਹੀ ਤਖਤ) ਤਿਆਰ ਕਰਵਾ ਕੇ ਉਸ ਦਾ ਨਾਉਂ “ ਅਕਾਲ ਬੁੰਗਾ ” ਰੱਖਿਆ । ਜਿਸ ਥਾਂ ਸਵੇਰੇ ਅਤੇ ਸੰਝ ਦੀਵਾਨ ਲਗਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ । ਅਕਾਲ ਬੁੰਗਾ ਪੰਥਕ ਜਥੇਬੰਦੀ ਦਾ ਕੇਂਦਰ ਹੈ , ਪੰਥ ਇਸ ਥਾਂ ਮੁੱਢ ਤੋਂ ਗੁਰਮਤੇ ਸੋਧਤਾ ਆਇਆ ਹੈ, ਇਹ ਗੁਰਦੁਆਰਾ ਸਿਖਾਂ ਦਾ ਪਹਿਲਾ ਤਖਤ ਹੈ।” ਅੱਜ ਦੀ ਤਰੀਕ ਵਿਚ ਖਾਲਸਾ ਪੰਥ , ਸ੍ਰੀ ਅਕਾਲ ਤਖਤ ਤਥਾ ਅਕਾਲ ਬੁੰਗੇ ਨੂੰ ਨਾ ਰਾਜ ਸਿੰਘ ਤੇ ਸ਼ਾਹੀ ਤਖਤ ਦੇ ਤੌਰ ਤੇ ਨਹੀਂ ਜਾਣਦਾ। ਪੰਥਕ ਚੜਦੀ ਕਲਾ ਲਈ ਗੁਰਮਤੇ ਕਰਨ ਵਾਲੀ ਗੱਲ, ਬੀਤੇ ਦਾ ਇਤਿਹਾਸ ਬਣ ਗਿਆ ਹੈ।

ਖਾਲਸਾ ਪੰਥ ਅੱਜ ਮੁੜ ਯਹੀਆ ਖਾਨ, ਮੀਰ ਮੰਨੂ, ਲੱਖਪਤ ਰਾਏ , ਜਸਪਤ ਰਾਏ ਹਿੰਦਾਲੀਆਂ ਤੇ ਵਕਤ ਦੇ ਅਬਦਾਲੀਆਂ, ਫਰਕਸ਼ੀਅਰਾਂ ਦੀ ਅੱਖ ਵਿਚ ਬੁਰੀ ਤਰ੍ਹਾਂ ਰੜਕਦਾ ਹੈ। ਵਕਤ ਦੀਆਂ ਸਾਰੀਆਂ ਅੰਦਰਲੀਆਂ ਤੇ ਬਾਹਰ ਦੀਆਂ ਦੁਸ਼ਮਣ ਤਾਕਤਾਂ ਨੇ ਖਾਲਸਾ ਪੰਥ ਅੱਗੇ, ਸਮਾਜਿਕ , ਧਾਰਮਿਕ, ਰਾਜਨੀਤਕ ਅਤੇ ਆਰਥਿਕ ਪੱਖੋਂ ਗੰਭੀਰ ਚੁਣੌਤੀਆਂ ਤਥਾ ਵੰਗਾਰਾਂ ਖੜੀਆਂ ਕਰ ਦਿੱਤੀਆਂ ਹਨ। ਖਾਲਸਾ ਪੰਥ,ਸੰਪਰਦਾਵਾਂ, ਡੇਰੇ ਦਾਰਾਂ ਤੇ ਅਨੇਕਾਂ ਜੱਥੇਬੰਦੀਆਂ ਦੀ ਮਾਰੂ ਫੁੱਟ ਦਾ ਸ਼ਿਕਾਰ ਹੈ। ਅੱਜ ਕੌਮ ਕੋਲ ਭਾਈ ਗੁਰਬਖਸ਼ ਸਿੰਘ ਤਥਾ ਬੰਦਾ ਸਿੰਘ ਬਹਾਦਰ ਵਰਗੇ ਅਤੇ ਸ. ਜੱਸਾ ਸਿੰਘ ਆਹਲੂਵਾਲੀਆ, ਸ.ਜੱਸਾ ਸਿੰਘ ਰਾਮਗੜੀਆ , ਨਵਾਬ ਕਪੂਰ ਸਿੰਘ ਜਥੇ : ਬਘੇਲ ਸਿੰਘ ਤੇ ਸ : ਚੜਤ ਸਿੰਘ ਵਰਗੇ ਦੂਰ ਅੰਦੇਸ਼ ਆਗੂ ( ਜਥੇਦਾਰ ) ਨਹੀਂ ਹਨ। ਅੱਜ ਪ੍ਰਵਾਰਵਾਦ , ਜਾਤਵਾਦ , ਇਲਾਕਾਵਾਦ, ਪਦਵੀਆਂ ਤੇ ਮਾਇਆ ਦਾ ਲੋਭ ਲਾਲਚ ਬੁਰੀ ਤਰ੍ਹਾਂ ਭਾਰੂ ਹੈ। ਪੰਥਕ ਤਾਕਤ 1947 ਤੋਂ ਲੈ ਕੇ ਹੁਣ ਤੱਕ ਖੇਰੂੰ ਖੇਰੂੰ ਹੋ ਕੇ ਕਮਜੋਰ ਹੋ ਚੁੱਕੀ ਹੈ। ਕੌਮ ਅੰਦਰੋਂ ਪੰਥ ਪ੍ਰਸਤੀ ਦੀ ਸੋਚ ਤੇ ਜਜਬਾ ਮਰ ਗਿਆ ਹੈ। ਧੀਆਂ ਪੁੱਤਰਾਂ ਨੂੰ ਵਿਦੇਸ਼ ਭੇਜਣਾ ਤੇ ਆਪਸੀ ਈਰਖਾ ਦਵੇਸ ਦਾ ਸ਼ਿਕਾਰ ਹੋ ਕੇ ਭਰਾ ਮਾਰੂ ਜੰਗ ਕਰਨਾ ਆਪੇ ਪੱਗਾਂ ਉਤਾਰਨੀਆਂ ਵਰਗੀਆਂ ਪ੍ਰਾਪਤੀਆਂ ਹਨ। ਖਾਲਸਾ ਪੰਥ ਦਾ ਨਿਰਮਲ ਨਿਆਰਾਪਨ, ਮੁੜ ਬ੍ਰਹਾਮਣਵਾਦ ਦੀਆਂ ਰਵਾਇਤਾਂ ਦੀ ਬਲੀ ਚਾੜ ਦਿੱਤਾ ਗਿਆ ਹੈ। ਕਿਸੇ ਵੀ ਪਾਸੇ, ਖਾਲਸਾ ਪੰਥ ਦੀ ਇਕਸੁਰਤਾ – ਇਕਸਾਰਤਾ ਲਈ ਆਹ ਦਾ ਨਾਹਰਾ ਨਹੀਂ ਉਠ ਰਿਹਾ। ਹਰ ਪਾਸੇ ਆਪਣੀ ਆਪਣੀ ਸੰਸਥਾ, ਆਪਣੀ ਆਪਣੀ ਸੰਪਰਦਾ ਦਾ ਬੇਸੁਰਾ ਰਾਗ ਅਲਾਪਣ ਵਿਚ ਸਭ ਮਸਤ ਹਨ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦਿਹਾੜੇ ਮੌਕੇ ਆਓ ਖਾਲਸਾ ਪੰਥ ਦਰਦੀਓ, ਆਪਣੇ ਅੰਦਰ ਝਾਤ ਮਾਰ ਕੇ ਗੁਰੂ ਵੱਲੋਂ ਬਖਸ਼ੇ ਗਏ ਕੌਮੀ ਕੇਂਦਰ ਦੀ ਇਤਿਹਾਸਕ ਮਹੱਤਤਾ ਮੁੜ ਸਮਝੀਏ ਅਤੇ ਸੰਭਾਲੀਏ । ਇਸ ਲਈ ਜੋ ਕੁਝ ਵੀ ਸਾਨੂੰ ਕਰਨਾ ਪਵੇ ਕਰਨ ਤੋਂ ਸੰਕੋਚ ਨ ਕਰੀਏ । ਛੱਡੀਏ ਆਪਣੀ ਆਪਣੀ ਹੋਂਦ , ਪਹਿਚਾਣਈਏ ਪੰਥਕ ਜਿੰਮੇਵਾਰੀ ! ਆਪਸੀ ਪਿਆਰ , ਵਿਸਵਾਸ਼ ਤੇ ਇਤਫਾਕ ਨੂੰ ਮੁੜ ਸੁਰਜੀਤ ਕਰੀਏ । ਸੰਸਾਰ ਭਰ ਵਿਚ ਵੱਸਦਾ ਖਾਲਸਾ ਪੰਥ, ਸਭ ਵਖਰੇਵੇਂ , ਸਭ ਦੁਬਿਧਾਵਾਂ ਛੱਡ ਕੇ ਖਾਲਸਾ ਪੰਥ ਦੀ ਨਿਰਮਲ ਨਿਆਰੀ ਹੋਂਦ ਸਮਰੱਥਾ ਤੇ ਸਿਧਾਤਾਂ ਦਾ ਅਸਲੀ ਪਹਿਰੇਦਾਰ ਬਣ ਸਕਦਾ ਹੈ। ਆਓ ਜੀ ਕੰਮ ਕਰੀਏ ।

ਚਾਕਰ ਗੁਰੂ ਪੰਥ ਦਾ
ਕੇਵਲ ਸਿੰਘ
ਸਾਬਕਾ ਜਥੇਦਾਰ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ
ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ
ਤਰੀਕ ਸੰਮਤ ਨਾਨਕਸ਼ਾਹੀ ੫੫ (551) ਹਾੜ 18
2 ਜੁਲਾਈ 2019
ਸੰਪਰਕ 9592093472
Email: panthaknagara@gmail.com

Install Punjabi Akhbar App

Install
×