ਖਪਤਕਾਰਾਂ ਨੂੰ ਸਮਾਰਟ ਕਾਰਡ ਮੁਹੱਈਆ ਕਰਾਉਣ ਦਾ ਕੈਪਟਨ ਸਰਕਾਰ ਦਾ ਇਨਕਲਾਬੀ ਕਦਮ: ਸੰਧੂ

ਕੋਟਕਪੂਰਾ:- ਸਰਕਾਰੀ ਰਾਸ਼ਨ ਡਿਪੂ ਰਾਹੀਂ ਮਿਲਣ ਵਾਲੀਆਂ ਜਰੂਰੀ ਵਸਤੂਆਂ ਖਪਤਕਾਰਾਂ ਤੱਕ ਸੁਚਾਰੂ ਢੰਗ ਨਾਲ ਪਹੁੰਚਾਉਣ ਲਈ ਕੈਪਟਨ ਸਰਕਾਰ ਵਲੋਂ ਕੀਤੇ ਗਏ ਯਤਨ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ‘ਚ ਪ੍ਰਸੰਸਾ ਦੇ ਪਾਤਰ ਬਣ ਰਹੇ ਹਨ। ਨੇੜਲੇ ਪਿੰਡ ਕੋਟਸੁਖੀਆ ਵਿਖੇ ਲਗਭਗ 700 ਖਪਤਕਾਰਾਂ ਨੂੰ ਸਮਾਰਟ ਕਾਰਡ ਵੰਡਣ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਜਿਲਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਹੁਣ ਕੋਈ ਵੀ ਡਿਪੂ ਹੋਲਡਰ ਖਪਤਕਾਰ ਦਾ ਹੱਕ ਮਾਰਨ ਦੀ ਜੁਰਅੱਤ ਨਹੀਂ ਕਰ ਸਕੇਗਾ। ਉਨਾ ਆਖਿਆ ਕਿ ਖੁਰਾਕ ਸਪਲਾਈ ਵਿਭਾਗ ਦੇ ਉਕਤ ਨਿਯਮਾ ਮੁਤਾਬਿਕ ਸਮਾਰਟ ਕਾਰਡ ਹੋਲਡਰ ਆਪਣੇ ਹਿੱਸੇ ਦਾ ਸਮਾਨ ਪੰਜਾਬ ਭਰ ਦੇ ਕਿਸੇ ਵੀ ਸਰਕਾਰੀ ਰਾਸ਼ਨ ਡਿਪੂ ਤੋਂ ਪ੍ਰਾਪਤ ਕਰਨ ਦਾ ਹੱਕਦਾਰ ਬਣ ਗਿਆ ਹੈ। ਕਿਉਂਕਿ ਇਸ ਵਿੱਚ ਇਕ ਅਜਿਹੀ ਚਿੱਪ ਲੱਗੀ ਹੋਈ ਹੈ, ਜੋ ਡਿਪੂ ਹੋਲਡਰਾਂ ਅਤੇ ਖਪਤਕਾਰਾਂ ਲਈ ਰਾਹਤ ਦਾ ਕਾਰਜ ਮਹਿਸੂਸ ਕਰਨ ‘ਚ ਸਹਾਈ ਹੋਵੇਗੀ। ਪਿੰਡ ਦੇ ਸਰਪੰਚ ਬਲਜੀਤ ਸਿੰਘ ਕਾਲਾ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਾ ਸਿੰਘ ਢਿੱਲੋਂ ਨੇ ਅਜੈਪਾਲ ਸਿੰਘ ਸੰਧੂ ਅਤੇ ਉਨਾ ਨਾਲ ਆਈ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਪਿੰਡ ‘ਚ ਚੱਲਦੇ ਵਿਕਾਸ ਕਾਰਜ ਵੀ ਦਿਖਾਏ। ਉਨਾਂ ਪਿੰਡ ਦੀਆਂ ਗਲੀਆਂ-ਨਾਲੀਆਂ ਨਵਿਆਉਣ ਲਈ ਲੱਗ ਰਹੀਆਂ ਇੰਟਰਲਾਕਿੰਗ ਟਾਈਲਾਂ ਦੇ ਕੰਮ ‘ਤੇ ਤਸੱਲੀ ਪ੍ਰਗਟਾਉਂਦਿਆਂ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਮਾੜੀਆਂ ਅਰਥਾਤ ਹਲਕੀਆਂ ਟਾਈਲਾਂ ਵਰਤਣ ਦੀ ਹਰਕਤ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਉਂਕਿ ਠੇਕੇਦਾਰ ਨੇ ਆਪਣੀ ਬਣਦੀ ਰਕਮ ਲੈ ਕੇ ਆਪਣੇ ਘਰ ਚਲੇ ਜਾਣਾ ਹੁੰਦਾ ਹੈ ਪਰ ਉਕਤ ਵਿਕਾਸ ਕਾਰਜ ‘ਚ ਰਹਿ ਗਈਆਂ ਕਮੀਆਂ ਦਾ ਖਮਿਆਜਾ ਪਿੰਡ ਵਾਸੀਆਂ ਅਤੇ ਖਾਸਕਰ ਸਰਪੰਚ ਸਮੇਤ ਮੋਹਤਬਰਾਂ ਨੂੰ ਭੁਗਤਣਾ ਪੈਂਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਵੰਤ ਸਿੰਘ ਭਾਣਾ ਦਿਹਾਤੀ ਬਲਾਕ ਪ੍ਰਧਾਨ ਕੋਟਕਪੂਰਾ, ਗੁਰਸੇਵਕ ਸਿੰਘ ਨੀਲਾ ਸਰਪੰਚ ਨਾਨਕਸਰ, ਜੱਸਾ ਸਿੰਘ ਘੁਮਿਆਰਾ ਸਰਪੰਚ, ਸੁਖਦਰਸ਼ਨ ਸਿੰਘ ਬਰਾੜ, ਬੱਬੂ ਸਿੰਘ ਬਰਾੜ, ਲੱਖਾ ਸਿੰਘ ਮੈਂਬਰ, ਗੁਰਭੇਜ ਸਿੰਘ ਫਿੱਡੇ ਆਦਿ ਸਮੇਤ ਸਮੁੱਚੀ ਪੰਚਾਇਤ ਵੀ ਹਾਜਰ ਸੀ।

Install Punjabi Akhbar App

Install
×