ਸਫ਼ਲਤਾ ਦੀ ਵੱਡੀ ਮਿਸਾਲ ਬਣਿਆ ‘ਪੰਜਾਬੀਆਂ ਦਾ ਮਾਣ ਸ੍ਰ: ਅਜੈ ਸਿੰਘ ਬੰਗਾ’

ਇਨਸਾਨ ਦੀ ਜਿੰਦਗੀ ਦਾ ਅਸਲ ਮਕਸਦ ਸਫ਼ਲਤਾ ਹਾਸਲ ਕਰਨਾ ਹੀ ਹੁੰਦਾ ਹੈ। ਸਫ਼ਲਤਾ ਸਮਝਦਾਰੀ ਤੇ ਮਿਹਨਤ ਨਾਲ ਹੀ ਮਿਲਦੀ ਹੈ, ਜੇਕਰ ਇਸਨੂੰ ਪ੍ਰਾਪਤ ਕਰਨਾ ਹੈ ਤਾਂ ਦੋਵਾਂ ਨੂੰ ਅਪਣਾਉਣਾ ਪੈਣਾ ਹੈ। ਪਰ ਸਫ਼ਲਤਾ ਇਸ ਪੈਮਾਨੇ ਨਾਲ ਨਹੀਂ ਮਾਪੀ ਜਾਂਦੀ ਕਿ ਆਪਣੇ ਲਈ ਕੀਤਾ ਹੈ, ਬਲਕਿ ਮਾਪਣ ਦਾ ਪੈਮਾਨਾ ਹੈ ਕਿ ਹੋਰਾਂ ਲਈ ਕੀ ਕੀਤਾ ਹੈ। ਮਨ ਉਦੋਂ ਖੁਸ਼ੀ ਨਾਲ ਭਰ ਜਾਂਦਾ ਹੈ, ਜਦੋਂ ਸੋਚਦੇ ਹਾਂ ਕਿ ਪੰਜਾਬੀਆਂ ਨੇ ਸਫ਼ਲਤਾ ਪ੍ਰਾਪਤ ਕਰਕੇ ਦੁਨੀਆਂ ਭਰ ‘ਚ ਸਿੱਖਿਆ, ਤਕਨੀਕ, ਰਾਜਨੀਤੀ, ਅਹੁਦੇਦਾਰੀਆਂ ਆਦਿ ਵਿੱਚ ਬਹੁਤ ਉੱਚੀਆਂ ਉੱਚੀਆਂ ਪ੍ਰਾਪਤੀਆਂ ਕਰਕੇ ਝੰਡੇ ਗੱਡੇ ਹਨ। ਇਸ ਲੜੀ ਵਿੱਚ ਹੁਣ ਇੱਕ ਨਵਾਂ ਨਾਂ ਜੁੜ ਰਿਹੈ ‘ਸ੍ਰ: ਅਜੈ ਸਿੰਘ ਬੰਗਾ’। ਉਸਦਾ ਦੁਨੀਆਂ ਭਰ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਵਾਲੀ ਸਭ ਤੋਂ ਵੱਡੀ ਸੰਸਥਾ ‘ਵਿਸ਼ਵ ਬੈਂਕ’ ਦਾ ਪ੍ਰਧਾਨ ਬਣਨਾ ਲੱਗਭੱਗ ਤਹਿ ਹੋ ਚੁੱਕਾ ਹੈ, ਜਿਸ ਸਦਕਾ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
ਜਲੰਧਰ ਦੇ ਸਿੱਖ ਪਰਿਵਾਰ ਦੇ ਹੋਣਹਾਰ ਸੱਜਣ ਅਜੈ ਸਿੰਘ ਬੰਗਾ ਦਾ ਜਨਮ ਭਾਰਤੀ ਫੌਜ ਦੇ ਅਫ਼ਸਰ ਸ੍ਰ: ਹਰਭਜਨ ਸਿੰਘ ਬੰਗਾ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ 10 ਨਵੰਬਰ 1959 ਨੂੰ ਮਹਾਂਰਾਸਟਰ ਦੇ ਸ਼ਹਿਰ ਪੁਨੇ ਦੀ ਖੜਕੀ ਛਾਉਣੀ ਵਿਖੇ ਹੋਇਆ। ਸ੍ਰ: ਹਰਭਜਨ ਸਿੰਘ ਉਸ ਸਮੇਂ ਇਸ ਛਾਉਣੀ ਵਿਖੇ ਤਾਇਨਾਤ ਸਨ, ਜੋ ਬਾਅਦ ਵਿੱਚ ਲੈਫਟੀਨੈੱਟ ਜਨਰਲ ਵਜੋਂ ਸੇਵਾਮੁਕਤ ਹੋਏ। ਸ੍ਰ: ਬੰਗਾ ਨੇ ਮੁੱਢਲੀ ਵਿੱਦਿਆ ਸੇਂਟ ਅਡਵਰਡ ਸਕੂਲ ਸਿਮਲਾ ਤੇ ਹੈਦਰਾਬਾਦ ਸਕੂਲ ਹੈਦਰਾਬਾਦ ਤੋਂ ਪ੍ਰਾਪਤ ਕਰਨ ਉਪਰੰਤ ਸੇਂਟ ਸਟੀਫਨ ਕਾਲਜ ਦਿੱਲੀ ਤੋਂ ਉੱਚ ਵਿੱਦਿਆ ਹਾਸਲ ਕਰਕੇ ਅਹਿਮਦਾਬਾਦ ਤੋਂ ਐੱਮ ਬੀ ਏ ਦੀ ਡਿਗਰੀ ਹਾਸਲ ਕੀਤੀ।
ਵਿੱਦਿਆ ਪੂਰੀ ਕਰਕੇ ਉਹ ਅਮਰੀਕਾ ਚਲੇ ਗਏ। ਸਾਲ 1981 ਵਿੱਚ ਉਹਨਾਂ ਨੈਸਲੇ ਨਾਲ ਕੰਮ ਦੀ ਸੁਰੂਆਤ ਕੀਤੀ ਤੇ ਫੇਰ ਪੈਸਿਕੋ ਵਿੱਚ ਸ਼ਾਮਲ ਹੋ ਗਏ। ਭਾਰਤ ਵਿੱਚ ਪੀਜ਼ਾ ਹੱਟ ਤੇ ਕੇ ਐੱਫ ਸੀ ਲਾਂਚ ਕਰਨ ਵਿੱਚ ਉਹਨਾਂ ਦੀ ਵੱਡੀ ਭੂਮਿਕਾ ਰਹੀ। ਸਾਲ 2007 ਵਿੱਚ ਉਹ ਅਮਰੀਕਾ ਦੇ ਪੱਕੇ ਨਾਗਰਿਕ ਬਣ ਗਏ। ਸਾਲ 2008 ਵਿੱਚ ਉਹਨਾਂ ਦੀ ਅਮਰੀਕਾ ਵਿੱਚ ਬੈਂਕ ਅਫ਼ਸਰ ਵਜੋਂ ਨਿਯੁਕਤੀ ਹੋ ਗਈ। ਕਈ ਅਹੁਦਿਆਂ ਤੇ ਸੇਵਾ ਨਿਭਾਉਂਦਿਆਂ ਸਾਲ 2020 ਵਿੱਚ ਇੰਟਰਨੈਸ਼ਨਲ ਚੈਂਬਰ ਆਫ ਕਮਰਸ ਦੇ ਪ੍ਰਧਾਨ ਚੁਣੇ ਗਏ। ਇਸੇ ਸਾਲ ਉਹਨਾਂ ਨੂੰ ਜਨਰਲ ਅਟਲਾਂਟਿਕਾ ਵਿੱਚ ਵਾਈਸ ਚੇਅਰਮੈਨ ਦੀ ਜੁਮੇਵਾਰੀ ਨਿਭਾਉਣ ਲਈ ਨਿਯੁਕਤ ਕਰ ਦਿੱਤਾ ਗਿਆ। ਸਾਲ 2015 ਵਿੱਚ ਉਸਦੀ ਕਾਰਗੁਜਾਰੀ ਤੋਂ ਖੁਸ਼ ਹੋ ਕੇ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਪਾਰ ਨੀਤੀ ਸਬੰਧੀ ਰਾਸਟਰਪਤੀ ਦੀ ਸਲਾਹਕਾਰ ਕਮੇਟੀ ਵਿੱਚ ਵੀ ਸ਼ਾਮਲ ਕਰ ਲਿਆ ਸੀ, 2020 ਤੋਂ ਬਾਅਦ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਲਾਹਕਾਰ ਵਜੋਂ ਸੇਵਾ ਨਿਭਾਉਂਦੇ ਰਹੇ।
ਇਸ ਵਰ੍ਹੇ ਦੀ 23 ਫਰਵਰੀ ਨੂੰ ਮੌਜੂਦਾ ਰਾਸ਼ਟਰਪਤੀ ਜੋਏ ਬੋਇਡਨ ਨੇ ਸ੍ਰ: ਬੰਗਾ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਬੈਂਕ ਸੰਸਥਾ ”ਵਿਸ਼ਵ ਬੈਂਕ” ਦੀ ਪ੍ਰਧਾਨਗੀ ਲਈ ਉਮੀਦਵਾਰ ਐਲਾਨ ਦਿੱਤਾ। ਸ੍ਰ: ਬੰਗਾ ਨੇ ਹੋਰ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਇਸ ਚੋਣ ਲਈ ਕਾਗਜਾਤ ਦਾਖ਼ਲ ਕਰ ਦਿੱਤੇ। ਇਸ ਅਹੁਦੇ ਲਈ ਕਾਗਜ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਲੰਘ ਚੁੱਕੀ ਹੈ, ਕਿਸੇ ਵੀ ਹੋਰ ਵਿਅਕਤੀ ਨੇ ਕਾਗਜ ਦਾਖ਼ਲ ਨਹੀਂ ਕੀਤੇ। ਇਸ ਅਨੁਸਾਰ ਉਹ ਬਿਨ੍ਹਾਂ ਵਿਰੋਧ ਚੁਣੇ ਜਾ ਚੁੱਕੇ ਹਨ। ਹੁਣ ਉਹਨਾਂ ਦਾ ਵਿਸ਼ਵ ਬੈਂਕ ਦਾ ਪ੍ਰਧਾਨ ਬਣਨਾ ਤਕਰੀਬਨ ਤਹਿ ਹੋ ਚੁੱਕਾ ਹੈ। ਅਮਰੀਕਾ ਦੇ ਇੱਕ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਸ੍ਰ: ਬੰਗਾ ਦੀ ਇੰਟਰਵਿਊ ਕਰਨ ਉਪਰੰਤ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ।
ਇਸ ਉਪਰੰਤ ਉਹ 1944 ਵਿੱਚ ਸਥਾਪਤ ਹੋਈ ਸੰਸਾਰ ਭਰ ਦੀ ਪ੍ਰਸਿੱਧ ਸੰਸਥਾ ਵਿਸ਼ਵ ਬੈਂਕ ਦੇ ਵਸਿੰਗਟਨ ਡੀ ਸੀ ਵਿਖੇ ਸਥਿਤ ਦਫ਼ਤਰ ਵਿੱਚ ਆਪਣਾ ਆਹੁਦਾ ਸੰਭਾਲ ਲੈਣਗੇ। ਇਹ ਪੰਜਾਬ ਲਈ ਬੜੀ ਮਾਣ ਵਾਲੀ ਗੱਲ ਹੋਵੇਗੀ।
ਮੋਬਾ: 098882 75913