ਪਿੰਡ ਸੰਧਵਾਂ ਵਿਖੇ ਸਮਾਰਟ ਰਾਸ਼ਨ ਕਾਰਡ ਵੰਡਣ ਮੌਕੇ ਅਜੈਪਾਲ ਸਿੰਘ ਸੰਧੂ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ:- ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਜੱਦੀ ਪਿੰਡ ਸੰਧਵਾਂ ਵਿਖੇ ਸਮਾਰਟ ਕਾਰਡ ਵੰਡਣ ਸਬੰਧੀ ਕਰਵਾਏ ਗਏ ਸਮਾਰੋਹ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਪੁੱਜੇ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਹੁਣ ਖਪਤਕਾਰਾਂ ਨੂੰ ਸਰਕਾਰੀ ਰਾਸ਼ਨ ਡੀਪੂਆਂ ਤੋਂ ਮਿਲਣ ਵਾਲੇ ਸਮਾਨ ‘ਚ ਵਿਤਕਰੇਬਾਜੀ ਹੋਣ ਦੀ ਸੰਭਾਵਨਾ ਬਿਲਕੁੱਲ ਹੀ ਖਤਮ ਹੋ ਗਈ ਹੈ। ਉਨਾ ਦੱਸਿਆ ਕਿ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਵਿਰੋਧੀ ਪਾਰਟੀ ਦੇ ਕਿਸੇ ਵੀ ਲੋੜਵੰਦ ਦਾ ਪਹਿਲਾਂ ਤਾਂ ਰਾਸ਼ਨ ਕਾਰਡ ਹੀ ਨਹੀਂ ਸੀ ਬਣਨ ਦਿੱਤਾ ਜਾਂਦਾ ਤੇ ਜੇਕਰ ਉਹ ਕਾਫੀ ਮਿਹਨਤ-ਮੁਸ਼ੱਕਤ ਤੋਂ ਬਾਅਦ ਰਾਸ਼ਨ ਕਾਰਡ ਬਣਾਉਣ ‘ਚ ਕਾਮਯਾਬ ਵੀ ਹੋ ਜਾਂਦਾ ਤਾਂ ਸਰਕਾਰੀ ਰਾਸ਼ਨ ਦੇ ਡੀਪੂਆਂ ‘ਤੇ ਉਸ ਨਾਲ ਵਿਤਕਰੇਬਾਜੀ ਸ਼ੁਰੂ ਹੋ ਜਾਂਦੀ। ਸ੍ਰ ਸੰਧੂ ਮੁਤਾਬਿਕ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਾਰਦਰਸ਼ੀ ਢੰਗ ਨਾਲ ਸਮਾਰਟ ਰਾਸ਼ਨ ਕਾਰਡ ਬਣਾਉਣ ਅਤੇ ਲੋੜੀਂਦੀਆਂ ਵਸਤਾਂ ਸਬੰਧਤ ਖਪਤਕਾਰ ਤੱਕ ਪਹੁੰਚਾਉਣ ਦੇ ਸ਼ਲਾਘਾਯੋਗ ਉਪਰਾਲੇ ਕੀਤੇ ਹਨ। ਕਿਉਂਕਿ ਹੁਣ ਕੋਈ ਵੀ ਖਪਤਕਾਰ ਪੰਜਾਬ ਭਰ ਦੇ ਕਿਸੇ ਵੀ ਸਰਕਾਰੀ ਡੀਪੂ ਤੋਂ ਲੋੜ ਅਨੁਸਾਰ ਰਾਸ਼ਨ ਖਰੀਦ ਸਕਦਾ ਹੈ। ਦਰਸ਼ਨ ਸਿੰਘ ਸਹੋਤਾ ਉਪ ਚੇਅਰਮੈਨ ਜਿਲਾ ਪ੍ਰੀਸ਼ਦ ਫਰੀਦਕੋਟ ਨੇ ਦੱਸਿਆ ਕਿ ਪੰਜਾਬ ਭਰ ਦੇ ਸਾਰੇ ਡੀਪੂ ਹੋਲਡਰਾਂ ਨੇ ਵੀ ਸਰਕਾਰ ਦੇ ਉਕਤ ਫੈਸਲੇ ਦੀ ਪ੍ਰਸੰਸਾ ਕਰਦਿਆਂ ਹਰ ਤਰਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ ਹੈ। ਪਿੰਡ ਵਾਸੀਆਂ ਵਲੋਂ ਅਜੈਪਾਲ ਸਿੰਘ ਸੰਧੂ ਦਾ ਹਾਰ ਪਾ ਕੇ ਨਿੱਘਾ ਸੁਆਗਤ ਕਰਦਿਆਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਛਿੰਦਰਪਾਲ ਪੈਂਟਾ, ਅਮਰਜੀਤ ਸਿੰਘ ਟੀਟੂ, ਦਰਸ਼ਨ ਲਾਲ, ਬਤਲੇਜ ਸਿੰਘ, ਗੁਰਤੀਪ ਸਿੰਘ ਡੀਪੂ ਹੋਲਡਰ, ਸਰਪੰਚ ਨੀਲਾ ਸਿੰਘ ਨਾਨਕਸਰ, ਸਵਰਨ ਸਿੰਘ ਗੋਗੀ, ਗੁਰਵਿੰਦਰ ਸਿੰਘ ਗੋਰਾ, ਜਸਕਰਨ ਸਿੰਘ ਬਰਾੜ ਆਦਿ ਵੀ ਹਾਜਰ ਸਨ।

Install Punjabi Akhbar App

Install
×