ਦਿੱਲੀ ਚ’ ਹੋਏ ਨੈਸ਼ਨਲ ਪਾਵਰਲਿਫਟਿਗ ਦੇ ਮੁਕਾਬਲਿਆਂ ਚ’ ਭੁਲੱਥ ਦੇ ਅਜੇ ਗੋਗਨਾ ਨੇ ਜਿੱਤਿਆ ਗੋਲਡ

ਭੁਲੱਥ/ ਨਡਾਲਾ,1 ਦਸੰਬਰ – ਬੀਤੇਂ ਦਿਨ ਜਿ੍ਹਲਾ ਕਪੂਰਥਲਾ ਦੇ ਕਸਬਾ ਭੁਲੱਥ ਦੇ ਜੰਮਪਲ ਕੌਮਾਂਤਰੀ ਪਾਵਰਲਿਫਟਰ 29 ਸਾਲਾ  ਅਜੇ ਗੋਗਨਾ ਸਪੁੱਤਰ ਸੀਨੀਅਰ ਪਰਵਾਸੀ ਪੱਤਰਕਾਰ ਰਾਜ ਗੋਗਨਾ ਦੇ ਸਪੁੱਤਰ ਨੇ ਦਿੱਲੀ ਵਿਖੇਂ ਹੋਈ ਨੈਸ਼ਨਲ ਬੈਂਚ ਪ੍ਰੈੱਸ ਪਾਵਰਲਿਫਟਿੰਗ ਚੈਂਪੀਅਨਸ਼ਿਪ – 2019 ਵਿੱਚ ਆਪਣੇ 120 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿਚ ਸਭ ਤੋਂ ਵੱਧ ਬੈਂਚ ਪੈ੍ਸ ਲਾ ਕੇ  ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ ਹੈ । ਜਦ ਕਿ ਪੰਜਾਬ ਦੇ ਗੁਰਕੀਰਤ ਸਿੰਘ ਨੇ ਸਿਲਵਰ ਅਤੇ ਜੰਮੂ ਦੇ ਵਿਕਰਮਜੀਤ ਸਿੰਘ ਨੇ ਕਾਂਸ਼ੇ ਦਾ ਤਗਮਾ ਜਿੱਤ ਕੇ ਕ੍ਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ । ਪਾਵਰ ਲਿਫਟਿੰਗ ਸਪੋਰਟਸ ਐਸੋਸੀਏਸ਼ਨ ਦਿੱਲੀ ਵੱਲੋਂ 24 ਤੋਂ 27 ਨਵੰਬਰ ਤੱਕ ਨਵੀਂ ਦਿੱਲੀ ਦੀ ਰਾਜਾ ਜੀ ਗੋਲ ਮਾਰਕੀਟ ਵਿਖੇ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿਚ ਦੇਸ਼ ਭਰ ਤੋਂ 1000 ਹਜ਼ਾਰ  ਦੇ ਕਰੀਬ ਖਿਡਾਰੀਆਂ ਨੇ ਇਸ ਚੈਪੀਂਅਨਸਿਪ ਚ’ ਭਾਗ ਲਿਆ ਸੀ , ਜਿਸ ਵਿੱਚ ਲੜਕੀਆਂ ਤੇ ਲੜਕੇ ਦੋਵੇਂ ਸ਼ਾਮਲ ਸਨ । ਇਸ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ । ਦੱਸਣਯੋਗ ਹੈ ਕਿ ਅਗਲੇ ਸਾਲ 16 ਤੋਂ 23 ਮਈ ਨੂੰ ਯੂਰਪ ਦੇ ਚੈੱਕ ਗਣਰਾਜ ਵਿਚ ਵਰਲਡ ੳਪਨ ਬੈਂਚ ਪ੍ਰੈਸ ਚੈਂਪੀਅਨਸ਼ਿਪ ( ਇੰਟਰਨੈਸ਼ਨਲ ਪਾਵਰਲਿਫਟਿੰਗ ਫੈਡਰੇਸ਼ਨ ) ਦੇ ਮੁਕਾਬਲੇ ਹੋਣ ਜਾ ਰਹੇ ਹਨ । ਜਿਸ ਵਿਚ ਭਾਰਤ ਵਲੋਂ ਭਾਗ ਲੈਣ ਵਾਲੇ ਖਿਡਾਰੀ ਇਸ ਨੈਸ਼ਨਲ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀ ਹੋਣਗੇ । ਇੱਥੇ  ਇਹ ਵੀ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਕੈਨੇਡਾ ਵਿੱਚ ਹੋਈ ਕਾਮਨਵੈਲਥ ਪਾਵਰਲਿਫਟਿੰਗ ਵਿਚ ਅਜੇ ਗੋਗਨਾ ਨੇ 120 ਕਿਲੋ ਤੋਂ ਵੱਧ ਭਾਰ ਵਰਗ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਸੀ ਅਤੇ ਹੁਣ ਉਹ ਅੱਠਵੀਂ ਵਾਰ ਨੈਸ਼ਨਲ ਚੈਂਪੀਅਨ ਬਣਿਆ ਹੈ । ਇਹ ਜਾਣਕਾਰੀ ਸਾਂਝੀ ਕਰਦਿਆਂ ਅਜੇ ਗੋਗਨਾ ਨੇ ਯੂਥ ਨੂੰ ਅਪੀਲ ਕੀਤੀ ਉਹ ਕਿਸੇ ਵੀ ਕਿਸਮ ਦੇ ਕੋਈ ਵੀ ਨਸ਼ੇ ਦਾ ਸੇਵਨ ਨਾਂ ਕਰਨ।