
ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊਜ਼ ਕੰਸਟੈਂਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਿਕ, ਨਿਊ ਸਾਊਥ ਵੇਲਜ਼ ਵਿਚਲੇ ਗ੍ਰੇਟਰ ਵੈਸਟਰਨ ਸਿਡਨੀ ਅਤੇ ਨਿਊ ਵੈਸਟਰਨ ਸਿਡਨੀ ਅੰਤਰ ਰਾਸ਼ਟਰੀ ਹਵਾਈ ਅੱਡੇ (ਨੈਨਸੀ-ਬਰਡ ਵਾਲਟਨ) ਵਿਚਾਲੇ ਲਿੰਕ ਰੇਲਵੇ ਲਾਈਨ ਦਾ ਕੰਮ ਸ਼ੁਰੂ ਕਰਨ ਵੱਲ ਇੱਕ ਹੋਰ ਕਦਮ ਸਰਕਾਰ ਵੱਲੋਂ ਪੁੱਟਿਆ ਗਿਆ ਹੈ ਜਿਸ ਦੇ ਤਹਿਤ ਸਰਕਾਰ ਵੱਲੋਂ ਤਿੰਨ ਕੰਪਨੀਆਂ (ਬਾਇਗਜ਼ ਕੰਸਟ੍ਰਕਸ਼ਨ ਆਸਟ੍ਰੇਲੀਆ ਪ੍ਰਾਈਵੇਟ ਲਿਮਿਟੇਡ; ਜੋਹਨ ਹੋਲੈਂਡ ਗਾਮੂਡਾ ਜਾਇੰਟ ਵੈਂਚਰ; ਅਤੇ ਐਕੀਓਨਾ ਕੰਸਟ੍ਰਕਸ਼ਨ ਆਸਟ੍ਰੇਲੀਆ ਪ੍ਰਾਈਵੇਟ ਲਿਮਿਟੇਡ) ਨੂੰ ਸੁਰੰਗਾਂ ਦੇ ਨਿਰਮਾਣ ਦੇ ਕੰਮ ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਵਿੱਚੋਂ ਚੁਣਿੰਦਾ ਕੰਪਨੀ ਨੂੰ 10ਿ ਕਿਲੋਮੀਟਰ ਲੰਬੀ ਦੁਹਰੀ ਸੁਰੰਗ ਬਣਾਉਣ ਦਾ ਕੰਮ ਸੌਂਪਿਆ ਜਾਵੇਗਾ ਅਤੇ ਇਨ੍ਹਾਂ ਸੁਰੰਗਾਂ ਨੂੰ ਸਟੇਸ਼ਨਾਂ ਨਾਲ ਜੋੜਿਆ ਜਾਵੇਗਾ। ਸਟੇਸ਼ਨ ਬਾਕਸ ਅਤੇ ਸੁਰੰਗਾਂ ਦੇ ਕੰਮ ਨੂੰ ਇਸੇ ਸਾਲ ਦੇ ਅੰਤ ਤੱਕ ਇੰਕ ਕੰਪਨੀ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਇਸ ਨਾਲ 2023 ਦੇ ਮਧ ਤੱਕ ਘੱਟੋ ਘੱਟ ਚਾਰ ਵੱਡੀਆਂ ਬੋਰਿੰਗ ਮਸ਼ੀਨਾਂ ਨਾਲ ਕੰਮ ਦੀ ਸ਼ੁਰੂਆਤ ਕਰ ਲਈ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਪ੍ਰਾਜੈਕਟ ਨਾਲ ਸਥਾਨਕ ਖੇਤਰ ਵਿਖੇ ਘੱਟੋ ਘੱਟ ਵੀ 14,000 ਸਿੱਧੇ ਅਤੇ ਅਸਿੱਧੇ ਤੌਰ ਤੇ ਰੌਜ਼ਗਾਰ ਸਥਾਪਤ ਹੋਣਗੇ ਅਤੇ ਇਨ੍ਹਾਂ ਵਿੱਚ 250 ਦੇ ਕਰੀਬ ਅਪ੍ਰੈਂਟਿਸ ਵੀ ਕੰਮ ਕਰਨਗੇ ਅਤੇ ਇਹ ਵੀ ਜਾਹਿਰ ਹੈ ਕਿ ਉਕਤ ਪ੍ਰਾਜੈਕਟ ਨਾਲ ਰਾਜ ਸਰਕਾਰ ਅਤੇ ਦੇਸ਼ ਦੀ ਅਰਥ ਵਿਵਸਥਾ ਅੰਦਰ ਕਈ ਬਿਲੀਅਨ ਡਾਲਰਾਂ ਦਾ ਯੋਗਦਾਨ ਪਾਇਆ ਜਾਵੇਗਾ।
ਜ਼ਿਕਰਯੌਗ ਹੈ ਕਿ ਉਕਤ ਪ੍ਰਾਜੈਕਟ ਨੂੰ ਰਾਜ ਅਤੇ ਦੇਸ਼ ਦੀ ਸਰਕਾਰ ਮਿਲ ਕੇ ਬਣਾ ਰਹੀ ਹੈ ਅਤੇ ਇਸ 23 ਕਿ. ਮੀਟਰ ਦੇ ਮੈਟਰੋ ਰੇਲਵੇ ਵਿੱਚ 6 ਮੈਟਰੋ ਸਟਸ਼ਨ ਆਉਣੇ ਹਨ ਜਿਨ੍ਹਾਂ ਵਿੱਚ ਕਿ ਸੇਂਟ ਮੈਰੀਸ ਅਤੇ ਵੈਸਟਰਨ ਸਿਡਨੀ ਐਰੋਟ੍ਰੋਪੋਲਿਸ ਵਿਚਕਾਰ 4 ਸਟੇਸ਼ਨ ਅਤੇ ਏਅਰਪੋਰਟ ਦੇ 2 ਸਟੇਸ਼ਨ ਵੀ ਸ਼ਾਮਿਲ ਹਨ।