ਪ੍ਰਧਾਨ ਮੰਤਰੀ ਆਪਣੇ ਦੌਰਿਆਂ ਲਈ ਅਰਬਾਂ ਰੁਪਏ ਦਾ ਜਹਾਜ ਕਰਵਾ ਰਿਹੈ ਤਿਆਰ

ਦੇਸ਼ ਦੀ ਅਰਥ ਵਿਵਸਥਾ ਨੂੰ ਦਰਕਿਨਾਰ ਕਰਕੇ ਅਮਰੀਕਾ ਦੀ ਰੀਸ ਘਾਤਕ

”ਜਦੋਂ ਲਹਿ ਗਈ ਲੋਈ, ਤਾਂ ਕੀ ਕਰੂਗਾ ਕੋਈ’ ਵਾਲੀ ਨੀਤੀ ਅਪਨਾ ਕੇ ਭਾਰਤ ਨੂੰ ਚਲਾ ਰਹੇ ਹਨ ਦੇਸ਼ ਦੀ ਸਤ੍ਹਾ ਤੇ ਕਾਬਜ ਸਿਆਸਤਦਾਨ। ਦੇਸ਼ ਦੇ ਲੋਕ ਭੁੱਖਮਰੀ ਦਾ ਸ਼ਿਕਾਰ ਹਨ, ਰਹਿਣ ਲਈ ਮਕਾਨ ਨਹੀਂ, ਪਰ ਦੇਸ਼ ਦਾ ਪ੍ਰਧਾਨ ਮੰਤਰੀ ਸਰਮਾਏਦਾਰ ਦੇਸ਼ ਦੀ ਤਰਜ਼ ਤੇ ਅਰਬਾਂ ਰੁਪਏ ਖ਼ਰਚ ਕੇ ਆਪਣੇ ਸਫ਼ਰ ਲਈ ਆਲੀਸ਼ਾਨ ਜਹਾਜ ਤਿਆਰ ਕਰਵਾ ਰਿਹਾ ਹੈ। ਨਿੱਘਰ ਰਹੀ ਦੇਸ਼ ਦੀ ਅਰਥ ਵਿਵਸਥਾ ਤੇ ਵਿਕਾਸ ਦਰ ਤੋਂ ਅੱਖਾਂ ਮੀਚ ਕੇ ਸਰਮਾਏਦਾਰ ਮੁਲਕ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਇਹ ਰੀਸ ਦੇਸ਼ ਅਤੇ ਲੋਕਾਂ ਲਈ ਘਾਤਕ ਹੈ।
ਸਰਮਾਏਦਾਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਆਪਣੇ ਸਫ਼ਰ ਲਈ ਇੱਕ ਆਲੀਸ਼ਾਨ ਜਹਾਜ ‘ਏਅਰ ਫੋਰਸ 1’ ਵਰਤਿਆ ਜਾਂਦਾ ਹੈ। ਜਿਸ ਵਿੱਚ ਉਸਦਾ ਦਫ਼ਤਰ, ਰਸੋਈ, ਅਰਾਮ ਕਰਨ ਲਈ ਕਮਰਾ, ਗੱਲਬਾਤ ਕਰਨ ਲਈ ਡਰਾਇੰਗ ਰੂਮ ਆਦਿ ਸਭ ਸਹੂਲਤਾਂ ਹਨ। ਕੁੱਝ ਸਮਾਂ ਪਹਿਲਾਂ ਜਦੋਂ ਅਮਰੀਕਾ ਦਾ ਰਾਸਟਰਪਤੀ ਭਾਰਤ ਦੇ ਦੌਰੇ ਤੇ ਆਇਆ ਤਾਂ ਉਸਦੇ ਇਸ ਜਹਾਜ ਬਾਰੇ ਮੀਡੀਆ ਵਿੱਚ ਵੀ ਬਹੁਤ ਪ੍ਰਚਾਰ ਹੋਇਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਇੱਛਾ ਵੀ ਅਜਿਹੇ ਜਹਾਜ ਵਿਚ ਸਫ਼ਰ ਕਰਨ ਦੀ ਉੱਠ ਖੜੀ। ਹੁਣ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਫ਼ਰ ਲਈ ਅਮਰੀਕਾ ਦੀ ਇੱਕ ਕੰਪਨੀ ਵੱਲੋਂ ਉਸੇ ਤਰਜ ਤੇ ‘ਏਅਰ ਫੋਰਸ 1’ ਜਹਾਜ ਤਿਆਰ ਕਰਵਾਇਆ ਗਿਆ ਹੈ। ਅਜਿਹਾ ਇੱਕ ਹੋਰ ਜਹਾਜ ਦਸੰਬਰ ਤੱਕ ਤਿਆਰ ਹੋ ਕੇ ਆ ਜਾਵੇਗਾ। ਇਹਨਾਂ ਦੋਵਾਂ ਜਹਾਜਾਂ ਤੇ 8500 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ।

ਇਸ ਜਹਾਜ ਵਿੱਚ 350 ਵਿਅਕਤੀਆਂ ਦੇ ਬੈਠਣ ਲਈ ਸੀਟਾਂ ਹਨ, ਇਹ 300 ਟਨ ਵਜ਼ਨ ਲਿਆ ਸਕਦਾ ਹੈ ਅਤੇ ਬਗੈਰ ਰੁਕਿਆਂ 15000 ਕਿਲੋਮੀਟਰ ਦਾ ਸਫ਼ਰ ਤਹਿ ਕਰ ਸਕਦਾ ਹੈ। ਇਸ ਜਹਾਜ ਵਿੱਚ ਪ੍ਰਧਾਨ ਮੰਤਰੀ ਦੇ ਕੰਮ ਕਰਨ ਲਈ ਦਫ਼ਤਰ, ਅਰਾਮ ਕਰਨ ਲਈ ਬੈੱਡ ਰੂਮ, ਮੀਟਿੰਗ ਕਰਨ ਲਈ ਡਰਾਇੰਗ ਰੂਮ ਸਮੇਤ ਸੁਰੱਖਿਆ ਦਾ ਵੀ ਪੂਰਾ ਇੰਤਜਾਮ ਕੀਤਾ ਗਿਆ ਹੈ, ਜੇਕਰ ਇਸ ਵੱਲ ਕੋਈ ਮਿਜ਼ਾਇਲ ਦਾਗੀ ਜਾਵੇ ਤਾਂ ਜਹਾਜ ਵਿੱਚ ਫਿੱਟ ਰਾਡਾਰ ਦੀ ਮੱਦਦ ਨਾਲ ਉਸਨੂੰ ਰੋਕਿਆ ਜਾ ਸਕਦਾ ਹੈ। ਇਸ ਜਹਾਜ ਨੂੰ ਪ੍ਰਧਾਨ ਮੰਤਰੀ ਤੋਂ ਇਲਾਵਾ ਦੇਸ਼ ਦਾ ਰਾਸਟਰਪਤੀ ਵੀ ਵਰਤ ਸਕੇਗਾ। ਅਜਿਹਾ ਇੱਕ ਹੋਰ ਜਹਾਜ ਦਸੰਬਰ ਤੱਕ ਤਿਆਰ ਹੋ ਕੇ ਆ ਜਾਵੇਗਾ।
ਦੇਸ਼ ਨੂੰ ਆਜਾਦ ਹੋਇਆਂ ਸੱਤ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਉਸ ਸਮੇਂ ਤੋਂ ਦਰਜਨਾਂ ਪ੍ਰਧਾਨ ਮੰਤਰੀ ਬਣ ਚੁੱਕੇ ਹਨ ਅਤੇ ਉਹ ਦੁਨੀਆਂ ਭਰ ਦੇ ਦੌਰੇ ਕਰਦੇ ਰਹੇ ਹਨ। ਅਮਰੀਕਾ ਇੱਕ ਅਮੀਰ ਦੇਸ਼ ਹੈ ਉੱਥੋਂ ਦੇ ਲੋਕ ਖੁਸ਼ਹਾਲ ਹਨ, ਉਹ ਅਜਿਹੇ ਜਹਾਜ ਲਈ ਸਮਰੱਥ ਹਨ, ਪਰ ਉਸਦੀ ਰੀਸ ਕਰਨ ਤੋਂ ਪਹਿਲਾਂ ਇਹ ਵਿਚਾਰਨਾ ਵੀ ਜਰੂਰੀ ਹੈ ਕਿ ਕੀ ਭਾਰਤ ਆਪਣੇ ਦੇਸ਼ ਦੀ ਜਨਤਾਂ ਦੀ ਹਾਲਤ ਅਨੁਸਾਰ ਅਜਿਹੀਆਂ ਸਹੂਲਤਾਂ ਮਾਣਨ ਦਾ ਹੱਕਦਾਰ ਹੈ ਅਤੇ ਸਮਰੱਥ ਹੈ? ਪਿਛਲੇ 44 ਸਾਲਾਂ ਦੌਰਾਨ ਦੇਸ਼ ਦੀ ਅਰਥ ਵਿਵਸਥਾ ਵਿੱਚ ਸਭ ਤੋਂ ਵੱਧ ਗਿਰਾਵਟ ਆਈ ਹੈ। ਗਲੋਬਲ ਇਕਨਾਮਿਕ ਫਾਰਕਾਸਿੰਟਗ ਏਜੰਸੀ ਆਕਸਫੋਰਡ ਇਕਨਾਮਿਕਸ ਦੀ ਰਿਪੋਰਟ ਅਨੁਸਾਰ ਭਾਰਤ ਦੀ ਇਹ ਰਫ਼ਤਰ 11 ਫੀਸਦੀ ਤੋਂ ਘਟ ਕੇ ਸਾਢੇ 9 ਫੀਸਦੀ ਰਹਿ ਗਈ ਹੈ। ਸੰਸਾਰ ਬੈਂਕ ਦੀ ਰਿਪੋਰਟ ਅਨੁਸਾਰ ਆਰਥਿਕ ਵਿਕਾਸ ਦਰ 2021 ਵਿੱਚ 8.3 ਅਤੇ 2022 ਵਿੱਚ 7.5 ਰਹਿਣ ਦੀ ਉਮੀਦ ਹੈ। ਦੂਜੇ ਪਾਸੇ ਅਮਰੀਕਾ ਦੀ ਆਰਥਿਕ ਵਿਕਾਸ ਦਰ 33.1 ਫੀਸਦੀ ਹੈ, ਜੋ ਪਿਛਲੇ 70 ਸਾਲਾਂ ਦੌਰਾਨ ਸਭ ਤੋਂ ਤੇਜ ਦਰ ਹੈ।
ਭਾਰਤ ਦੇ ਲੋਕ ਅਤੀ ਗਰੀਬੀ ਵਾਲਾ ਜੀਵਨ ਹੰਢਾ ਰਹੇ ਹਨ, ਪੇਟ ਭਰਨ ਲਈ ਖਾਣਾ ਨਹੀਂ ਮਿਲ ਰਿਹਾ, ਸਿਰ ਢਕਣ ਲਈ ਛੱਤ ਨਹੀਂ, ਤਨ ਢਕਣ ਲਈ ਲੋੜ ਮੁਤਾਬਿਕ ਕੱਪੜਾ ਨਹੀਂ ਹੈ। ਜਿੰਦਗੀ ਮੌਤ ਨਾਲ ਜੂਝ ਰਹੇ ਮਰੀਜਾਂ ਲਈ ਦਵਾਈਆਂ ਨਹੀਂ ਤੇ ਮ੍ਰਿਤਕਾਂ ਦੇ ਸਸਕਾਰ ਕਰਨ ਲਈ ਲੱਕੜਾਂ ਨਹੀਂ ਮਿਲ ਰਹੀਆਂ। ਦੇਸ਼ ਦੀ ਇਸ ਅਤੀ ਮਾੜੀ ਤੇ ਚਿੰਤਜਨਕ ਹਾਲਤ ਦੇ ਬਾਵਜੂਦ ਸਤ੍ਹਾ ਤੇ ਕਾਬਜ ਲੋਕ ਸਿਰਫ਼ ਆਪਣੀਆਂ ਐਸ਼ਪ੍ਰਸਤੀ ਵਾਲੀਆਂ ਸਹੂਲਤਾਂ ਮਾਣਨ ਵਿੱਚ ਰੁਝੇ ਹੋਏ ਹਨ।
ਸੀ ਪੀ ਆਈ ਐੱਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਰਾਜਸੱਤ੍ਹਾ ਭੋਗਣ ਵਾਲਿਆਂ ਲਈ ਅਜਿਹੇ ਆਲੀਸ਼ਾਨ ਜਹਾਜਾਂ ਦਾ ਸਫ਼ਰ ਉਦੋਂ ਹੀ ਸੋਂਹਦਾ ਹੈ ਜਦੋਂ ਦੇਸ਼ ਦੇ ਲੋਕ ਖੁਸ਼ਹਾਲ ਹੋਣ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਅਮਰੀਕਾ ਵਰਗੇ ਦੇਸਾਂ ਵਰਗੀਆਂ ਸਹੂਲਤਾਂ ਮਾਣਨ ਦੀ ਬਜਾਏ ਆਪਣੇ ਦੇਸ਼ ਦੇ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਨੂੰ ਰੋਟੀ, ਕੱਪੜਾ, ਮਕਾਨ ਸਮੇਤ ਸਿੱਖਿਆ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਅਜਿਹੀਆਂ ਸਾਰੀਆਂ ਸਹੂਲਤਾਂ ਅਮਰੀਕਾ ਵਰਗੇ ਦੇਸ਼ ਆਪਣੇ ਲੋਕਾਂ ਨੂੰ ਮੁਹੱਈਆ ਕਰਦੇ ਹਨ, ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਰੀਸ ਕਰਨੀ ਹੈ ਤਾਂ ਅਜਿਹੀਆਂ ਸਹੂਲਤਾਂ ਦੇਣ ਦੀ ਕਰਨੀ ਚਾਹੀਦੀ ਹੈ।

Install Punjabi Akhbar App

Install
×