ਗੋਤਾਖੋਰਾਂ ਨੂੰ ਸਮੁੰਦਰ ਤੋਂ ਮਿਲਿਆ ਏਅਰ ਏਸ਼ੀਆ ਜਹਾਜ਼ ਦਾ ਬਲੈਕਬਾਕਸ ਰਿਕਾਰਡਰ

blackboxਲਗਭਗ ਦੋ ਹਫ਼ਤੇ ਪਹਿਲਾਂ ਜਾਵਾ ਸਮੁੰਦਰ ‘ਚ ਦੁਰਘਟਨਾਗ੍ਰਸਤ ਹੋਏ ਏਅਰ ਏਸ਼ੀਆ ਜਹਾਜ਼ ਕਿਊ ਜ਼ੈਡ 8501 ਦੇ ਬਲੈਕ ਬਾਕਸ ਰਿਕਾਰਡਰ ਨੂੰ ਅੱਜ ਖੋਜਕਰਤਾਵਾਂ ਨੇ ਬਰਾਮਦ ਕਰ ਲਿਆ। ਦੁਰਘਟਨਾ ਦਾ ਸ਼ਿਕਾਰ ਬਣੇ ਉਸ ਜਹਾਜ਼ ‘ਚ ਕੁਲ 162 ਲੋਕ ਸਵਾਰ ਸਨ। ਇੰਡੋਨੇਸ਼ੀਆ ਦੀ ਖੋਜ ਤੇ ਬਚਾਅ ਏਜੰਸੀ ਦੇ ਪ੍ਰਮੁੱਖ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਨੂੰ ਨੈਸ਼ਨਲ ਟਰਾਂਸਪੋਰਟ ਸੇਫ਼ਟੀ ਕਮੇਟੀ ਦੇ ਪ੍ਰਮੁੱਖ ਵੱਲੋਂ ਇਹ ਜਾਣਕਾਰੀ ਮਿਲੀ ਹੈ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ ਸੱਤ ਵੱਜ ਕੇ 11 ਮਿੰਟ ‘ਤੇ ਸਾਨੂੰ ਬਲੈਕ ਬਾਕਸ ਜਾਂ ਫਲਾਈਟ ਡਾਟਾ ਰਿਕਾਰਡਰ (ਐਫਡੀਆਰ) ਦਾ ਹਿੱਸਾ ਮਿਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਅਸੀਂ ਕਾਕਪਿਟ ਜਾਂ ਰਿਕਾਰਡਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੰਡੋਨੇਸ਼ਿਆਈ ਟਰਾਂਸਪੋਰਟ ਮੰਤਰੀ ਨੇ ਇਹ ਭਰੋਸਾ ਦਿੱਤਾ ਹੈ ਕਿ ਹੁਣ ਤੱਕ ਨਾ ਮਿਲ ਸਕੀਆਂ ਲਾਸ਼ਾਂ ਦੀ ਖੋਜ ਲਈ ਪੈਸਾ ਸਰਕਾਰੀ ਬਜਟ ‘ਚੋਂ ਦਿੱਤਾ ਜਾਵੇਗਾ ਤੇ ਖੋਜ ਦੀ ਕੋਸ਼ਿਸ਼ ਜਾਰੀ ਰਹੇਗੀ, ਚਾਹੇ ਕਿੰਨਾ ਵੀ ਸਮਾਂ ਕਿਉਂ ਨਾ ਲੱਗ ਜਾਵੇ।