ਏਅਰ ਏਸ਼ੀਆ ਜਹਾਜ਼ ਦੇ ਤਬਾਹ ਹੋ ਕੇ ਸਮੁੰਦਰ ‘ਚ ਡਿੱਗਣ ਦਾ ਖ਼ਦਸ਼ਾ

indonesia airasiaae

ਇੰਡੋਨੇਸ਼ੀਆ ਤੋਂ ਸਿੰਗਾਪੁਰ ਜਾ ਰਿਹਾ ਏਅਰ ਏਸ਼ੀਆ ਦਾ ਜਹਾਜ਼ ਅੱਜ ਹਵਾਈ ਟਰੈਫਿਕ ਕੰਟਰੋਲਰਾਂ ਨਾਲ ਸੰਪਰਕ ਟੁੱਟਣ ਪਿੱਛੋਂ ਲਾਪਤਾ ਹੋ ਗਿਆ। ਇਸ ਜਹਾਜ਼ ਵਿਚ ਕੁਲ 162 ਵਿਅਕਤੀ ਸਵਾਰ ਸਨ। ਅਪੁਸ਼ਟ ਖ਼ਬਰਾਂ ਕਿਹਾ ਗਿਆ ਹੈ ਕਿ ਜਹਾਜ਼ ਸਮੁਤਾਰਾ ਦੇ ਪੂਰਬੀ ਤੱਟ ‘ਤੇ ਪੂਰਬੀ ਬੇਲੀਤੁੰਗ ਦੇ ਪਾਣੀਆਂ ‘ਚ ਹਾਦਸਾ ਗ੍ਰਸਤ ਹੋ ਗਿਆ। ਇਕ ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਜਕਾਰਤਾ ਹਵਾਈ ਆਵਾਜਾਈ ਕੰਟਰੋਲਰ ਨਾਲੋਂ ਜਹਾਜ਼ ਕਿਉ ਜ਼ੈਡ 8501 ਦਾ ਸੰਪਰਕ ਸਥਾਨਕ ਸਮੇਂ ਮੁਤਾਬਕ ਸਵੇਰੇ 7.20 ‘ਤੇ ਸੰਪਰਕ ਟੁੱਟ ਗਿਆ। ਸਿੰਗਾਪੁਰ ਦੀ ਸ਼ਹਿਰੀ ਹਵਾਬਾਜ਼ੀ ਆਥਾਰਟੀ ਨੇ ਦੱਸਿਆ ਕਿ ਜਹਾਜ਼ ਦਾ ਜਦੋਂ ਸੰਪਰਕ ਟੁੱਟਿਆ ਤਾਂ ਇਹ ਸਿੰਗਾਪੁਰ-ਜਕਾਰਤਾ ਉਡਾਨ ਸੂਚਨਾ ਖੇਤਰ ਸਰਹੱਦ ਦੇ 200 ਨੌਟੀਕਲ ਮੀਲ ਦੂਰ ਇੰਡੋਨੇਸ਼ੀਆ ਉਡਾਨ ਸੂਚਨਾ ਖੇਤਰ ਵਿਚ ਮੌਜੂਦ ਸੀ। ਜਹਾਜ਼ ਦਾ ਸੰਪਰਕ ਇਸ ਦੇ ਉਡਾਨ ਭਰਨ ਤੋਂ 42 ਮਿੰਟ ਪਿੱਛੋਂ ਟੁੱਟ ਗਿਆ। ਇਸ ‘ਤੇ ਕੋਈ ਭਾਰਤੀ ਨਾਗਰਿਕ ਸਵਾਰ ਨਹੀਂ ਸੀ। ਇੰਡੋਨੇਸ਼ੀਆ ਦੇ ਇਕ ਟਰਾਂਸਪੋਰਟ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਹਾਜ਼ ‘ਤੇ 7 ਅਮਲੇ ਦੇ ਮੈਂਬਰ ਅਤੇ 155 ਯਾਤਰੀ ਸਵਾਰ ਸਨ। ਜਹਾਜ਼ ਨੇ ਇੰਡੋਨੇਸ਼ੀਆ ਦੇ ਸੁਰਾਬਾਇਆ ਹਵਾਈ ਅੱਡੇ ਤੋਂ ਸਵੇਰੇ 5.20 ਵਜੇ ਉਡਾਨ ਭਰੀ ਅਤੇ ਇਸ ਨੇ ਸਵੇਰੇ 8.30 ਵਜੇ ਸਿੰਗੁਪਰ ਦੇ ਚਾਂਗੀ ਹਵਾਈ ਅੱਡੇ ‘ਤੇ ਉਤਰਨਾ ਸੀ। ਏਅਰਏਸ਼ੀਆ ਦੇ ਫੇਸਬੁੱਕ ਪੇਜ਼ ‘ਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰਏਸ਼ੀਆ ਇੰਡੋਨੇਸ਼ੀਆ ਨੂੰ ਇਸ ਗੱਲ ਦੀ ਪੁਸ਼ਟੀ ਕਰਨ ‘ਤੇ ਅਫਸੋਸ ਹੈ ਕਿ ਉਡਾਨ ਕਿਉ ਜ਼ੈਡ 8501 ਦਾ ਸੁਰਾਬਾਇਆ ਤੋਂ ਸਿੰਗਾਪੁਰ ਜਾਂਦੇ ਸਮੇਂ ਸਵੇਰੇ 7.24 ਵਜੇ ਏਅਰ ਟਰੈਫਿਕ ਕੰਟਰੋਲ ਨਾਲ ਸੰਪਰਕ ਟੁੱਟ ਗਿਆ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਕਿ ਮੌਜੂਦਾ ਸਮੇਂ ਜਹਾਜ਼ ‘ਤੇ ਸਵਾਰ ਯਾਤਰੀਆਂ ਅਤੇ ਅਮਲੇ ਦੇ ਮੈਂਬਰਾਂ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਦੋਂ ਸਾਨੂੰ ਕੋਈ ਹੋਰ ਜਾਣਕਾਰੀ ਮਿਲੇਗੀ ਤਾਂ ਅਸੀਂ ਸਾਰੇ ਪਰਿਵਾਰਾਂ ਨੂੰ ਇਸ ਸਬੰਧੀ ਜਾਣਕਾਰੀ ਦੇਵਾਂਗੇ। ਮੌਜੂਦਾ ਸਮੇਂ ਜਹਾਜ਼ ਦੀ ਭਾਲ ਜਾਰੀ ਹੈ। ਇੰਡੋਨੇਸ਼ੀਆ ਟਰਾਂਸਪੋਰਟ ਮੰਤਰਾਲੇ ਦੇ ਇਕ ਅਧਿਕਾਰੀ ਹੈਦੀ ਮੁਸਤਫਾ ਨੇ ਦੱਸਿਆ ਕਿ ਜਹਾਜ਼ ਦਾ ਸੰਪਰਕ ਟੁੱਟਣ ਤੋਂ ਪਹਿਲਾਂ ਜਹਾਜ਼ ਤੋਂ ਪਾਇਲਟਾਂ ਨੇ ਰਸਤਾ ਬਦਲਣ ਲਈ ਆਖਿਆ ਸੀ। ਏਅਰਏਸ਼ੀਆ ਨੇ ਕਿਹਾ ਕਿ ਪਾਇਲਟ ਨੇ ਉਡਾਨ ਯੋਜਨਾ ਬਦਲਣ ਲਈ ਬੇਨਤੀ ਕੀਤੀ ਸੀ ਕਿਉਂਕਿ ਮੌਸਮ ਖਰਾਬ ਸੀ। ਇਡੋਨੇਸ਼ੀਅਨ ਟੈਲੀਵੀਜ਼ਨ ਨੇ ਕਿਹਾ ਕਿ ਜਹਾਜ਼ ਉਪਰ 149 ਇੰਡੋਨੇਸ਼ੀਆ, ਤਿੰਨ ਕੋਰੀਆ, ਇਕ ਸਿੰਗਾਪੁਰ, ਇਕ ਬਰਤਾਨਵੀ ਅਤੇ ਇਕ ਮਲੇਸ਼ੀਆ ਦਾ ਨਾਗਰਿਕ ਸਵਾਰ ਸੀ।

Install Punjabi Akhbar App

Install
×