ਸਕਾਟਲੈਂਡ ਦੇ ਰੇਡੀਓ ਆਵਾਜ਼ ਐੱਫ ਐੱਮ ਵੱਲੋਂ ਮਿਰਜ਼ਾ ਸੰਗੋਵਾਲੀਆ ਦੀ ਆਰਥਿਕ ਮਦਦ

09 Feb 2019 KhurmiUK 01

ਲੰਡਨ —  ਇਹ ਗਿਲਾ ਅਕਸਰ ਹੀ ਕੀਤਾ ਜਾਂਦਾ ਹੈ ਕਿ ਗੀਤਕਾਰਾਂ ਦੇ ਗੀਤ ਗਾ ਕੇ ਗਾਇਕ ਐਸ਼ੋ-ਇਸ਼ਰਤ ਦੀ ਬੁਲੰਦੀ ਹਾਸਲ ਕਰ ਜਾਂਦੇ ਹਨ ਪਰ ਗੀਤਕਾਰ ਸਿਰਫ ਫੋਕੀ ਵਾਹ ਵਾਹ ਤੱਕ ਹੀ ਸਿਮਟ ਕੇ ਰਹਿ ਜਾਂਦੇ ਹਨ। ਜੇਕਰ ਗਾਇਕ ਆਪਣੀ ਮੰਜ਼ਿਲ ਦੀ ਪੌੜੀ ਦੇ ਡੰਡਿਆਂ ਰੂਪੀ ਗੀਤਕਾਰਾਂ ਦੇ ਦੁੱਖ ਸੁੱਖ ਵਿੱਚ ਵੀ ਸ਼ਰੀਕ ਹੁੰਦੇ ਰਹਿਣ ਤਾਂ ਗੀਤਕਾਰਾਂ ਨੂੰ ਕਿਸੇ ਵੇਲੇ ਉਂਗਲਾਂ ਦੇ ਪੋਟਿਆਂ ‘ਤੇ ਗਿਣੇ ਜਾਣ ਵਾਲੇ ਗੀਤਕਾਰ ਮਿਰਜ਼ਾ ਸੰਗੋਵਾਲੀਆ ਵਾਂਗ ਮਾੜੇ ਦੌਰ ਵਿੱਚੋਂ ਨਾ ਗੁਜ਼ਰਨਾ ਪਵੇ। ਮਿਰਜ਼ਾ ਸੰਗੋਵਾਲੀਆ ਦੇ ਹੁਣ ਤੱਕ ਤਕਰੀਬਨ 400 ਦੇ ਕਰੀਬ ਗੀਤ ਰਿਕਾਰਡ ਹੋਏ ਹਨ, ਜ਼ਿਹਨਾਂ ਨੂੰ ਪ੍ਰਸਿੱਧ ਗਾਇਕ ਕਰਤਾਰ ਰਮਲਾ, ਸੁਰਿੰਦਰ ਛਿੰਦਾ, ਮਿਸ ਪੂਜਾ, ਸੁਦੇਸ਼ ਕੁਮਾਰੀ, ਨਿਰਮਲ ਸਿੱਧੂ, ਸੀਤਲ ਸਿੰਘ ਸੀਤਲ, ਹਰਪਾਲ ਠੱਠੇਵਾਲੀਆ, ਅੰਮ੍ਰਿਤ ਬਰਾੜ, ਗੁਰਚਰਨ ਗਰੇਵਾਲ਼, ਬਲਕਾਰ ਸਿੱਧੂ, ਬਲਕਾਰ ਅਣਖੀਲਾ, ਰੇਸ਼ਮ ਸੁੰਨਰ, ਸੁਖਵੰਤ ਸੁੱਖੀ, ਦਲਜੀਤ ਬਿੱਟੂ ਆਦਿ ਨੇ ਆਪਣੀਆਂ ਮਨਮੋਹਕ ਆਵਾਜ਼ਾਂ ਦਿੱਤੀਆਂ। ਮਿਰਜ਼ਾ ਸੰਗੋਵਾਲੀਆ ਪਿਛਲੇ 5-6 ਸਾਲ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਹਨ ਤੇ ਉਹਨਾਂ ਦੀ ਮਾਲੀ ਹਾਲਤ ਚੰਗੀ ਨਾ ਹੋਣ ਕਰਕੇ ਉਹਨਾਂ ਦੇ ਇਲਾਜ ਵਿੱਚ ਅੜਚਨ ਆ ਰਹੀ ਹੈ। ਇਸ ਮਾਮਲੇ ਬਾਰੇ ਪਤਾ ਲੱਗਣ ‘ਤੇ ਸਕਾਟਲੈਂਡ ਦੇ ਰੇਡੀਓ ਆਵਾਜ਼ ਐੱਫ ਐੱਮ ਦੀ ਤਰਫੋਂ “ਗੁਰੂ ਕੀ ਗੋਲਕ ਪੰਜਾਬ” ਦੀ ਟੀਮ ਪਿੰਡ ਸੰਗੋਵਾਲ ਗੀਤਕਾਰ ਮਿਰਜ਼ੇ ਦਾ ਹਾਲ ਪੁੱਛਣ ਪਹੁੰਚੀ। ਬੇਹੱਦ ਮਾਯੂਸੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਮਿਰਜ਼ਾ ਸੰਗੋਵਾਲੀਆ ਦਾ ਮੋਢਾ ਥਾਪੜਦਿਆਂ ਰੇਡੀਓ ਦੇ ਡਾਇਰੈਕਟਰ ਚਰਨਜੀਤ ਸੰਘਾ ਵੱਲੋਂ ਉਹਨਾਂ ਦੀ ਗਿਆਰਾਂ ਹਜ਼ਾਰ ਰੁਪਏ ਨਾਲ ਸਹਾਇਤਾ ਕੀਤੀ। ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਸੰਘਾ ਨੇ ਕਿਹਾ ਕਿ ਗਾਇਕ ਤੇ ਲਿਖਾਰੀ ਕਿਸੇ ਵੀ ਖਿੱਤੇ ਦੇ ਸ਼ਾਂਤੀ ਦੂਤ ਹੁੰਦੇ ਹਨ। ਜੇਕਰ ਦੋਹਾਂ ਵਿੱਚੋਂ ਤਾਲ-ਮੇਲ ਘਟ ਜਾਵੇ ਤਾਂ ਉਸ ਖਿੱਤੇ ਦੇ ਸਮਾਜਿਕ ਵਾਤਾਵਰਣ ਵਿੱਚ ਵਿਗਾੜ ਉਤਪੰਨ ਹੋਣਾ ਲਾਜ਼ਮੀ ਹੈ। ਸੋ ਪੰਜਾਬੀ ਕਲਾਕਾਰਾਂ ਤੇ ਸੰਸਥਾਵਾਂ ਦਾ ਮੁੱਢਲਾ ਫਰਜ਼ ਬਣ ਜਾਂਦਾ ਹੈ ਕਿ ਉਹ ਆਰਥਿਕ ਮੰਦਹਾਲੀ ਦੇ ਸ਼ਿਕਾਰ ਗਾਇਕਾਂ, ਲਿਖਾਰੀਆਂ ਦੀ ਮਦਦ ਲਈ ਤਿਲ-ਫੁੱਲ ਜਰੂਰ ਭੇਂਟ ਕਰਦੇ ਰਹਿਣ ਤਾਂ ਜੋ ਸਮਾਜ ਉਹਨਾਂ ਦੀਆਂ ਕਲਾ-ਲਿਖਤਾਂ ਤੋਂ ਵਾਂਝਾ ਨਾ ਰਹੇ।

Welcome to Punjabi Akhbar

Install Punjabi Akhbar
×
Enable Notifications    OK No thanks