ਕੈਂਸਰ ਰੋਕੋ ਸੁਸਾਇਟੀ ਵੱਲੋਂ ਪੜ੍ਹਾਈ ਲਈ ਗੋਦ ਲਏ ਬੱਚਿਆਂ ਨੂੰ ਇਨਾਮ ਦੇ ਤੌਰ ‘ਤੇ ਦਿੱਤੀ ਸਹਾਇਤਾ

ਫਰੀਦਕੋਟ, 17 ਨਵੰਬਰ :- ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਕੈਂਸਰ ਪੀੜਤ ਅਤੇ ਲੋੜਵੰਦ ਪਰਿਵਾਰਾਂ ਦੇ ਪੜ੍ਹਾਈ ਲਈ ਗੋਦ ਲਏ ਬੱਚਿਆਂ ਨੂੰ ਵਰਦੀਆਂ, ਸਟੇਸ਼ਨਰੀ ਅਤੇ ਫੀਸਾਂ ਆਦਿ ਦੀ ਸੇਵਾ ਕਰਨ ਲਈ ਕੀਤੇ ਸਮਾਗਮ ਸਬੰਧੀ ਮਨਪ੍ਰੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਮਾਗਮ ‘ਚ ਇਨਾਂ ਬੱਚਿਆਂ ਨੂੰ ਕਾਪੀਆਂ, ਵਰਦੀਆਂ, ਬੈਗਾਂ ਤੋਂ ਇਲਾਵਾ ਆਰਥਿਕ ਮੱਦਦ ਦੇਣ ਦੇ ਨਾਲ-ਨਾਲ ਉਨਾਂ ਨੂੰ ਭਵਿੱਖ ਦੀ ਪੜਾਈ ਅਤੇ ਵਜ਼ੀਫਿਆਂ ਸਬੰਧੀ ਮਹੱਤਵਪੂਰਨ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ। ਸਮਾਗਮ ਦੀ ਸ਼ੁਰੂਆਤ ਮੌਕੇ ਹਰਵਿੰਦਰ ਸਿੰਘ ਨਿਸ਼ਕਾਮ ਨੇ ਬੱਚਿਆਂ ਨੂੰ ਮਿਹਨਤ ਲਗਨ ਨਾਲ ਉੱਚ ਦਰਜੇ ਦੀ ਸਿੱਖਿਆ ਹਾਸਲ ਕਰਨ ਲਈ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਤੋਂ ਜਾਣੂ ਕਰਵਾਇਆ। ਉਕਤ ਸਮਾਗਮ ‘ਚ ਵਿਸ਼ੇਸ ਮਹਿਮਾਨਾਂ ਵਜੋਂ ਡਾ. ਨਵਦੀਪ ਸਿੰਘ ਸਿੱਧੂ ਐਮ.ਡੀ., ਡਾ. ਕਵਿੰਨ ਖੱਤਰੀ, ਪ੍ਰੋਫੈਸਰ ਯਸ਼ਪਾਲ ਅਤੇ ਸੋਹਨ ਸਿੰਘ ਨੇ ਸ਼ਿਰਕਤ ਕਰਦਿਆਂ ਸੁਸਾਇਟੀ ਦੇ ਉਕਤ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਵੱਖ-ਵੱਖ ਜਿਲ੍ਹਿਆਂ ਦੇ ਕੈਂਸਰ ਪੀੜਤ ਅਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਨਿਰੰਤਰ ਜਾਰੀ ਹੈ। ਉਨਾਂ ਬੱਚਿਆਂ ਨੂੰ ਨੈਤਿਕ ਸਿੱਖਿਆ, ਕਿੱਤਾ ਮੁਖੀ ਕੰਮ ਅਤੇ ਖੇਡਾਂ ‘ਚ ਰੁਚੀઠਰੱਖਣ ਲਈ ਵੀ ਪ੍ਰੇਰਿਤ ਕੀਤਾ। ਬੱਚਿਆਂ ਨੂੰ ਮਾਲੀ ਇਨਾਮ ਦੇਣ ਲਈ 20 ਹਜਾਰ ਰੁਪੈ ਦੀ ਰਾਸ਼ੀ ਚਰਨਜੀਤ ਸਿੰਘ ਸੋਢੀ ਵੱਲੋਂ ਭੇਟ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਧਾਨ ਉੱਜਲ ਸਿੰਘ, ਰਾਜਿੰਦਰ ਸਿੰਘ ਬਰਾੜ, ਜਗਜੀਵਨ ਸਿੰਘ, ਗੁਰਮੀਤ ਸਿੰਘ ਸੰਧੂ, ਹਰਬੰਸ ਸਿੰਘ ਅੰਤਰਰਾਸ਼ਟਰੀ ਕੋਚ, ਰਛਪਾਲ ਸਿੰਘ ਭੁੱਲਰ, ਰਵਿੰਦਰ ਸਿੰਘ ਬੁਗਰਾ, ਟੋਨੀ ਅਰੋੜਾ, ਗੁਰਪ੍ਰੀਤ ਸਿੰਘ ਮੌੜ, ਡਿਪਟੀ ਸਿੰਘ, ਮਾ. ਮਾਨ ਸਿੰਘ, ਮਨਮੋਹਨ ਸਿੰਘ, ਮਨਦੀਪ ਸਿੰਘ, ਗੁਰਮਨਦੀਪ ਸਿੰਘ, ਰਕੇਸ਼ ਮੌਂਗਾ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।