ਆਗਰਾ ਧਰਮ ਪਰਿਵਰਤਨ ਮਾਮਲੇ ‘ਚ ਮੁੱਖ ਦੋਸ਼ੀ ਗ੍ਰਿਫ਼ਤਾਰ

religionconversion

ਆਗਰਾ ਵਿਚ ਹਾਲ ਹੀ ‘ਚ ਲਗਭਗ 100 ਲੋਕਾਂ ਦਾ ਕਥਿਤ ਤੌਰ ‘ਤੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਮੁੱਖ ਦੋਸ਼ੀ ਨੰਦ ਕਿਸ਼ੋਰ ਬਾਲਮੀਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਅੱਜ ਪੁਲਿਸ ਸਾਹਮਣੇ ਆਤਮਸਮਰਪਣ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਗਰਾ ਪੁਲਿਸ ਨੇ ਦੱਸਿਆ ਕਿ ਬਾਲਮੀਕੀ ਨੇ ਹਰੀ ਪਰਬਤ ਥਾਣੇ ਵਿਚ ਅੱਜ ਸਵੇਰੇ ਆਤਮਸਮਰਪਣ ਕਰ ਦਿੱਤਾ। ਲਗਭਗ 100 ਲੋਕਾਂ ਦਾ ‘ਜ਼ਬਰਦਸਤੀ ਧਰਮ ਪਰਿਵਰਤਨ’ ਕਰਵਾਏ ਜਾਣ ਦੇ ਸਿਲਸਿਲੇ ‘ਚ ਧਰਮ ਜਾਗਰਣ ਮੰਚ ਅਤੇ ਇਸ ਸੰਗਠਨ ਦੇ ਕਨਵੀਨਰ ਬਾਲਮੀਕੀ ਖ਼ਿਲਾਫ਼ 9 ਦਸੰਬਰ ਨੂੰ ਇਕ ਐਫ. ਆਈ. ਆਰ. ਦਰਜ ਕੀਤੀ ਗਈ ਸੀ। ਜਿਨ੍ਹਾਂ ਲੋਕਾਂ ਦਾ ਬੀਤੀ 8 ਦਸੰਬਰ ਨੂੰ ਧਰਮ ਪਰਿਵਰਤਨ ਕਰਵਾਇਆ ਗਿਆ ਉਨ੍ਹਾਂ ਵਿਚ ਜ਼ਿਆਦਾਤਰ ਝੁੱਗੀਆਂ ਝੌਪੜੀਆਂ ਵਿਚ ਰਹਿਣ ਵਾਲੇ ਮੁਸਲਿਮ ਸਨ। ਪੁਲਿਸ ਨੇ ਇਸਮਾਇਲ ਦੇ ਰੂਪ ਵਿਚ ਪਛਾਣ ਕੀਤੇ ਗਏ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਆਈ.ਪੀ.ਸੀ. ਦੀ ਧਾਰਾ 153 (ਏ) ਅਤੇ ਧਾਰਾ 415 ਤਹਿਤ ਮਾਮਲਾ ਦਰਜ ਕੀਤਾ ਸੀ। ਇਸਮਾਇਲ ਉਨ੍ਹਾਂ ਲੋਕਾਂ ‘ਚ ਸ਼ਾਮਿਲ ਸੀ ਜਿਨਾਂ ਦਾ ਧਰਮ ਪਰਿਵਰਤਨ ਕੀਤਾ ਗਿਆ ਸੀ। ਪੁਲਿਸ ਨੇ ਬਾਲਮੀਕੀ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਸੀ ਅਤੇ ਉਸ ਦੇ ਠਿਕਾਣੇ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਵਾਲੇ ਨੂੰ 12000 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ। 14 ਦਸੰਬਰ ਨੂੰ ਬਾਲਮੀਕੀ ਪੁਲਿਸ ਤੋਂ ਬਚ ਨਿਕਲਿਆ ਸੀ ਪਰ ਉਸ ਦੇ ਬੇਟੇ ਰਾਹੁਲ ਅਤੇ ਰਿਸ਼ਤੇਦਾਰ ਕ੍ਰਿਸ਼ਣ ਕੁਮਾਰ ਨੂੰ ਏਟਾ ਜ਼ਿਲ੍ਹੇ ਵਿਚੋਂ ਗ੍ਰਿਫ਼ਤਾਰ ਕਰ ਲਿਆ ਸੀ।

Install Punjabi Akhbar App

Install
×