ਲੇਖਕਾਂ ਵੱਲੋਂ 29 ਦੇ ਰੋਸ ਮੁਜ਼ਾਹਰੇ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਫ਼ੈਸਲਾ

ਬਠਿੰਡਾ — ਪੰਜਾਬੀ ਸਾਹਿਤ ਸਭਾ (ਰਜਿ.)ਬਠਿੰਡਾ ਨਾਲ ਸੰਬੰਧਤ ਲੇਖਕਾਂ ਵੱਲੋਂ ਬਠਿੰਡਾ ਪੁਲਿਸ ਦੀ ਜਨਤਕ ਆਗੂਆਂ ਦੇ ਘਰੀਂ ਜਾ ਕੇ ਬੇਲੋੜੀ ਪੁੱਛਗਿੱਛ ਕਰਨ ਦੀ ਕਾਰਵਾਈ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਬਠਿੰਡਾ ਸ਼ਹਿਰ ਦੀਆਂ ਇਕ ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਵੱਲੋਂ 29 ਨਵੰਬਰ ਨੂੰ ਕੱਢੇ ਜਾ ਰਹੇ ਰੋਸ ਮਾਰਚ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ ਹੈ । ਗੌਰਤਲਬ ਹੈ ਕਿ ਬਠਿੰਡਾ ਪੁਲਸ ਵੱਲੋਂ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਸਕੱਤਰ ਪ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਡਾ. ਅਜੀਤਪਾਲ ਸਿੰਘ, ਕਹਾਣੀਕਾਰ ਅਤਰਜੀਤ, ਲੋਕ ਮੋਰਚਾ ਆਗੂਆਂ ਸ੍ਰੀਮਤੀ ਪੁਸ਼ਪ ਲਤਾ ਅਤੇ ਸੁਖਵਿੰਦਰ ਸਿੰਘ ਆਦਿ ਆਗੂਆਂ ਦੇ ਘਰੀਂ ਜਾ ਕੇ ਗੈਰਕਾਨੂੰਨੀ ਢੰਗ ਨਾਲ ਉਨ੍ਹਾਂ ਤੋਂ, ਉਨ੍ਹਾਂ ਦੇ ਜੀਵਨ ਅਤੇ ਕੰਮਾਂ ਦੇ ਨਿੱਜੀ ਵੇਰਵੇ ਲੈਣ ਤੋੰ ਇਲਾਵਾ ਘਰਾਂ ਦੇ ਨਕਸ਼ੇ ਆਦਿ ਬਣਾਏ ਗਏ।ਫਲਸਰੂਪ ਬਠਿੰਡਾ ਦੀਆਂ ਜਨਤਕ ਜਥੇਬੰਦੀਆਂ ਵਿੱਚ ਪੁਲੀਸ ਦੀ ਇਸ ਕਾਰਵਾਈ ਦੇ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸੰਧੂ ਅਤੇ ਸਕੱਤਰ ਡਾ. ਜਸਪਾਲਜੀਤ ਨੇ ਇਕ ਲਿਖਤੀ ਪ੍ਰੈੱਸ ਨੋਟ ਰਾਹੀਂ ਦੱਸਿਆ ਹੈ ਕਿ ਇਹ ਫ਼ੈਸਲਾ ਟੀਚਰਜ਼ ਹੋਮ ਵਿਖੇ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਹੋਈ ਕਾਰਜਕਾਰਨੀ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਲਿਆ ਗਿਆ।ਮੀਟਿੰਗ ਦੌਰਾਨ ਸਭਾ ਦੇ ਸਰਪ੍ਰਸਤ ਜੋ ਖ਼ੁਦ ਪੁਲਿਸ ਦੀ ਇਸ ਕਾਰਵਾਈ ਦਾ ਸ਼ਿਕਾਰ ਹਨ ਡਾ. ਅਜੀਤਪਾਲ ਸਿੰਘ ਨੇ ਵਿਸਥਾਰ ਵਿੱਚ ਪੁਲਿਸ ਵੱਲੋਂ ਪ੍ਰੇਸ਼ਾਨ ਕਰਨ ਵਾਲੀ ਇਸ ਕਾਰਵਾਈ ਬਾਰੇ ਹਾਜ਼ਰੀਨ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ 29 ਦੇ ਉਕਤ ਰੋਸ ਮੁਜ਼ਾਹਰੇ ਵਿੱਚ ਲੇਖਿਕਾ ਨੂੰ ਵਧ ਚਡ਼੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ । ਮੀਟਿੰਗ ਦੌਰਾਨ ਪਿਛਲੇ ਦਿਨੀਂ ਭੁਪਿੰਦਰ ਸੰਧੂ ਦੇ ਕਾਵਿ ਸੰਗ੍ਰਹਿ “ਪੋਰ ਦੀ ਜੂਨ” ਦੇ ਲੋਕ ਅਰਪਣ ਸਬੰਧੀ ਕੀਤੇ ਗਏ ਸਮਾਗਮ ਦੀ ਸਮੀਖਿਆ ਕਰਦਿਆਂ ਇਸ ਸਮਾਗਮ ਨੂੰ ਇੱਕਾ- ਦੁੱਕਾ ਕਮੀਆਂ ਦੇ ਬਾਵਜੂਦ ਇਕ ਸਫ਼ਲ ਸਮਾਗਮ ਕਿਹਾ ਗਿਆ। ਵਿੱਤ ਸਕੱਤਰ ਦਵੀ ਸਿੱਧੂ ਵੱਲੋਂ ਵਿੱਤੀ ਲੇਖਾ-ਜੋਖਾ ਪੇਸ਼ ਕੀਤਾ।
ਇਸ ਦੌਰਾਨ ਸਭਾ ਵਿੱਚ ਹਾਜ਼ਰ ਅਹੁਦੇਦਾਰਾਂ ਵੱਲੋਂ ਨਵੇਂ ਲੇਖਿਕਾਂ ਨੂੰ ਸਭਾ ਨਾਲ ਜੋੜਨ ਲਈ ਯਤਨ ਜੁਟਾਉਣ ਦੀ ਲੋੜ ਸਬੰਧੀ ਆਪਣੇ ਆਪਣੇ ਵਡਮੁੱਲੇ ਸੁਝਾਅ ਦਿੱਤੇ। ਇਸ ਮੀਟਿੰਗ ਦੌਰਾਨ ਸੁਰਿੰਦਰਪ੍ਰੀਤ ਘਣੀਆ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਜਲੰਧਰ ਵਿਖੇ ਹੋਈ ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਮਾਲਵੇ ਦੇ ਸਮੂਹ ਲੇਖਕਾਂ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਐਕਟਾਂ ਦੇ ਵਿਰੁੱਧ ਚੱਲ ਰਹੇ ਲੋਕ ਸੰਘਰਸ਼ ਵਿਚ ਵੱਧ ਚਡ਼੍ਹ ਕੇ ਭਾਗ ਲੈਣ ਦੀ ਅਪੀਲ ਕੀਤੀ । ਇਸ ਦੌਰਾਨ ਇਕ ਮਤੇ ਰਾਹੀਂ ਸਭਾ ਦੇ ਸਲਾਹਕਾਰ ਅਮਰਜੀਤ ਪੇਂਟਰ ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਉੱਤਰੀ ਭਾਰਤ ਦੇ ਚਿੱਤਰਕਾਰਾਂ ਦੀ ਲੱਗੀ ਵਰਕਸ਼ਾਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕਰਨ ਤੇ ਮੁਬਾਰਕਵਾਦ ਦਿੱਤੀ ਗਈ। ਇਸ ਮੀਟਿੰਗ ਵਿਚ ਉਕਤ ਤੋਂ ਇਲਾਵਾ ਸਭਾ ਦੇ ਸਲਾਹਕਾਰ ਪ੍ਰਿੰ. ਜਗਮੇਲ ਸਿੰਘ ਜਠੌਲ, ਸੀਨੀ.ਮੀਤ ਪ੍ਰਧਾਨ ਸੁਖਦਰਸ਼ਨ ਗਰਗ, ਮੀਤ ਪ੍ਰਧਾਨ ਅਮਰਜੀਤ ਕੌਰ ਹਰੜ, ਵਿੱਤ ਸਕੱਤਰ ਦਵੀ ਸਿੱਧੂ, ਕਾਰਜਕਾਰੀ ਮੈਂਬਰ ਰਾਜਦੀਪ ਕੌਰ ਸਿੱਧੂ, ਜਗਨ ਨਾਥ ਆਦਿ ਲੇਖਕ ਹਾਜ਼ਰ ਸਨ।  

Install Punjabi Akhbar App

Install
×