ਵਿਕਟੋਰੀਆ ਅੰਦਰ ਬੈਲਾਰਾਟ ਵਿਖੇ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਮੁਜ਼ਾਹਰਾ

ਸਮੁੱਚੇ ਸੰਸਾਰ ਅੰਦਰ ਹੀ ਇਸ ਵੇਲੇ ਭਾਰਤੀ ਕਿਸਾਨਾਂ ਅਤੇ ਖਾਸ ਕਰਕੇ ਪੰਜਾਬੀ ਕਿਸਾਨ ਜਿਹੜੇ ਕਿ ਦਿੱਲੀ ਨੂੰ ਘੇਰਾ ਪਾਈ ਬੀਤੇ ਮਹੀਨੇ ਦੀ 26 ਤਾਰੀਖ ਤੋਂ ਦਿਲੀ ਦੇ ਬਾਰਡਰਾਂ ਉਪਰ ਬੈਠੇ ਹਨ ਅਤੇ ਲਗਾਤਾਰ ਇੱਕੋ ਮੰਗ ਕਰ ਰਹੇ ਹਨ ਕਿ ਭਾਰਤੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਦੋ ਆਰਡੀਨੈਂਸਾਂ ਨੂੰ ਬਿਨ੍ਹਾਂ ਸ਼ਰਤ ਵਾਪਿਸ ਲਿਆ ਜਾਵੇ, ਦੀ ਹਮਾਇਤ ਹੁਣ ਹਰ ਵਰਗ ਦੇ ਲੋਕ ਹਰ ਦੇਸ਼ ਅਤੇ ਸੰਸਾਰ ਦੇ ਕੋਨੇ ਕੋਨੇ ਤੋਂ ਕਰਨ ਲੱਗੇ ਹਨ। ਆਸਟ੍ਰੇਲੀਆ ਵਿੱਚ ਵੀ ਕਈ ਥਾਂਈਂ ਅਜਿਹੇ ਮੁਜ਼ਾਹਰੇ ਲਗਾਤਾਰ ਕੀਤੇ ਜਾ ਰਹੇ ਹਨ ਜਿੱਥੇ ਕਿ ਪੰਜਾਬੀ ਭਾੲਚਾਰੇ ਦੇ ਨੌਜਵਾਨ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਸਮੁੱਚੇ ਭਾਰਤ ਦੇ ਕਿਸਾਨਾਂ ਲਈ ਰੋਸ ਮੁਜ਼ਾਹਰਾ ਆਪਣੀਆਂ ਆਪਣੀਆਂ ਕਰਮ ਭੂਮੀਆਂ ਉਪਰ ਰਹਿ ਕੇ ਆਪਣੇ ਆਪਣੇ ਤਰੀਕਿਆਂ ਨਾਲ ਕਰਦੇ ਦਿਖਾਈ ਦੇ ਰਹੇ ਹਨ।

ਵਿਕਟੋਰੀਆ ਤੋਂ ਸਾਡੇ ਪੱਤਰਕਾਰ, ਸਨੀ ਲੋਟੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ, ਵਿਕਟੋਰੀਆ ਸੂਬੇ ਅੰਦਰ ਵੀ ਬੈਲਾਰਾਟ ਸ਼ਹਿਰ ਵਿਖੇ ਪੰਜਾਬੀ ਨੌਜਵਾਨਾਂ ਨੇ ਵੀ ਇਸੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਰੋਸ ਮੁਜ਼ਾਹਰਾ ਕੀਤਾ। ਇਸ ਰੋਸ ਮੁਜਾਹਰੇ ਦਾ ਆਯੋਜਨ ਵਿਰਾਸਤ ਏ ਪੰਜਾਬ ਬੈਲਾਰਾਟ ਵੱਲੋਂ ਕੀਤਾ ਗਿਆ ਅਤੇ ਇਸ ਵਿੱਚ ਰਮਨ ਮਾਰੂਪੁਰ, ਰਾਜਿੰਦਰ ਸਿੰਘ, ਜਗਤਾਰ ਸਿੰਘ, ਨੀਰਜ ਕੁਮਾਰ ਨੇ ਉਘੇ ਬੁਲਾਰਿਆਂ ਵੱਜੋਂ ਭੂਮਿਕਾ ਨਿਭਾਈ। ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਪੂਰਨ ਕਾਨੂੰਨ ਦੀ ਪਾਲਣਾ ਕਰਦਿਆਂ ਇਨ੍ਹਾਂ ਨੋਜਵਾਨਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ੍ਹ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਇਨ੍ਹਾਂ ਵਿੱਚ ਹਰ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇੱਥੇ ਇਹ ਗੱਲ ਜ਼ੋਰ ਦੇ ਕੇ ਕਹੀ ਗਈ ਕਿ ਅਸੀਂ ਵੀ ਕਿਸਾਨਾਂ ਦੇ ਹੀ ਧੀਆਂ ਪੁੱਤ ਹਾਂ ਅਤੇ ਜੇਕਰ ਕੋਈ ਕਿਸਾਨ ਦਾ ਧੀ-ਪੁੱਤ ਨਹੀਂ ਹੈ ਤਾਂ ਉਹ ਵੀ ਖੇਤੀ ਤੋਂ ਨਿਵੇਸਲਾ ਨਹੀਂ ਹੋ ਸਕਦਾ ਅਤੇ ਜ਼ਮੀਨ ਨਾਲ ਤਾਂ ਜੁੜਿਆ ਹੋਇਆ ਹੀ ਹੁੰਦਾ ਹੈ ਕਿਉਂਕਿ ਜਿਹੜਾ ਅੰਨ੍ਹ ਉਹ ਖਾਂਦਾ ਹੈ ਉਹ ਇੱਕ ਕਿਸਾਨ ਹੀ ਬੀਜਦਾ ਹੈ। ਇਸ ਲਈ ਸਾਰਿਆਂ ਦਾ ਹੀ ਫਰਜ਼ ਬਣ ਜਾਂਦਾ ਹੈ ਕਿ ਇਸ ਔਖੀ ਘੜੀ ਵਿੱਚ ਕਿਸਾਨ ਦਾ ਸਾਥ ਦਿੱਤਾ ਜਾਵੇ ਅਤੇ ਭਾਰਤ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਉਹ ਆਪਣੀਆਂ ਮਨਮਰਜ਼ੀਆਂ ਕਰਨੀਆਂ ਛੱਡ ਦੇਵੇ ਅਤੇ ਕਿਸਾਨਾਂ ਦੀ ਗੱਲ ਮੰਨ੍ਹ ਕੇ ਉਪਰੋਕਤ ਕਾਲੇ ਕਾਨੂੰਨ ਅਤੇ ਆਰਡੀਨੈਂਸ ਤੁਰੰਤ ਵਾਪਿਸ ਲੈ ਲਵੇ -ਇਸੇ ਵਿੱਚ ਹੀ ਸਾਰਿਆਂ ਦੀ ਭਲਾਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਸੜਕਾਂ ਉਪਰ ਇੱਕ ਰੈਲੀ ਵੀ ਕੱਢੀ ਗਈ ਅਤੇ ਸਾਰਿਆਂ ਨੇ ਹੀ ਹੱਥ ਵਿੱਚ ਤਖ਼ਤੀਆਂ ਪਕੜ ਕੇ ਬੜੇ ਹੀ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕੀਤਾ।

Install Punjabi Akhbar App

Install
×