ਦੱਖਣੀ-ਆਸਟ੍ਰੇਲੀਆ ਅੰਦਰ ਨੌਜਵਾਨਾਂ ਵੱਲੋਂ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਕਿਸਾਨ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ

ਭਾਰਤ ਅੰਦਰ, ਰਾਜਧਾਨੀ ਦਿੱਲੀ ਦੇ ਬਾਰਡਰਾਂ ਉਪਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਵਾਸ ਵੱਖ ਵੱਖ ਖੇਤੀ ਅਤੇ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਚੱਲ ਰਿਹਾ ਕਿਸਾਨਾਂ ਦਾ ਪ੍ਰਦਰਸ਼ਨ ਜੋ ਕਿ ਹੁਣ ਹੋਲੀ ਹੋਲੀ ਕੌਮੀ ਪੱਧਰ ਦਾ ਪ੍ਰਦਰਸ਼ਨ ਬਣਦਾ ਜਾ ਰਿਹਾ ਹੈ ਅਤੇ ਇਸ ਪ੍ਰਦਰਸ਼ਨ ਨੂੰ ਬਾਹਰਲੇ ਦੇਸ਼ਾਂ ਦੇ ਪੰਜਾਬੀਆਂ ਅਤੇ ਕਿਸਾਨਾਂ ਵੱਲੋਂ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦੇ ਚੱਲ ਰਹੇ ਉਕਤ ਸਘੰਰਸ਼ ਦੀ ਹਮਾਇਤ ਅਤੇ ਕਾਲੇ ਕਨੂੰਨਾਂ ਨੂੰ ਰੋਕਣ ਲਈ ਸਾਰੀ ਦੁਨੀਆਂ ਚ ਆਪੋ ਆਪਣੇ ਤਰੀਕੇ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ। ਇਸੇ ਦੇ ਚੱਲਦਿਆਂ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੀ ਕਿਸਾਨ ਸੰਘਰਸ਼ ਦੇ ਹੱਕ ਵਿੱਚ ਅਤੇ ਕਿਸਾਨ ਵਿਰੋਧੀ ਨੀਤੀਆਂ, ਬਿਲਾਂ, ਆਰਡੀਨੈਂਸਾਂ ਦੇ ਵਿਰੋਧ ਵਿੱਚ ਰੋਸ-ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਦੱਖਣੀ ਆਸਟ੍ਰੇਲੀਆ ਵਿੱਚ ਐਡੀਲੇਡ ਵਿਖੇ ਪਾਰਲੀਮੈਂਟ ਦੇ ਬਾਹਰ ਵੀ ਨੋਜਵਾਨਾਂ ਨੇ ਵੀ ਕਿਸਾਨ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਪ੍ਰੋਗਰਾਮ ਉਲੀਕਿਆ ਅਤੇ ਉਕਤ ਪ੍ਰੋਗਰਾਮ ਦੇ ਤਹਿਤ ਅੱਜ ਰਾਜਧਾਨੀ ਦੇ ਪਾਰਲੀਮੈਂਟ ਹਾਊਸ ਦੇ ਬਾਹਰ ਸਾਰੇ ਭਾਈਚਾਰਿਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਲ ਹੋ ਸ਼ਾਂਤਮਈ ਢੰਗ ਨਾਲ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਸਮੂਹ ਸੰਗਤਾਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਇਸ ਰੋਸ ਪ੍ਰਦਰਸ਼ਨ ਨੂੰ ਮਾਣਯੋਗ ਰਸਲ ਵਾਰਟਲੇ (ਐਮ. ਪੀ.) ਵੱਲੋਂ ਵੀ ਸੰਬੋਧਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕਿਸਾਨ ਹੋਰਨਾਂ ਨੂੰ ਭੋਜਨ ਪ੍ਰਦਾਨ ਕਰਨ ਲਈ ਬਹੁਤ ਸਖ਼ਤ ਮਿਹਨਤ ਕਰਦੇ ਹਨ। ਭਾਰਤ ਦੀਆਂ ਜੋ ਕਿਸਾਨ ਮਾਰੂ ਨੀਤੀਆਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਉਹ ਉਸਦੇ ਵਿਰੋਧ ਦੀ ਹਮਾਇਤ ਕਰਦੇ ਹਨ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸਹਿਯੋਗ ਦੇਣ ਲਈ ਅਜਿਹੇ ਪ੍ਰਦਰਸ਼ਨ ਪੂਰੇ ਵਿਸ਼ਵ ਵਿਚ ਹੋਣੇ ਚਾਹੀਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ, ਇਸ ਧਰਤੀ ‘ਤੇ ਕਿਸਾਨ ਸਿਪਾਹੀਆਂ ਵਾਂਗ ਹੀ ਹਨ ਜੋ ਸਰਦੀਆਂ ਗਰਮੀਆਂ ਵਿੱਚ ਸਰਹੱਦਾਂ ਦੀ ਰਾਖੀ ਲਈ ਤਾਇਨਾਤ ਰਹਿੰਦੇ ਹਨ ਅਤੇ ਕਿਸਾਨ ਦਿਨ ਰਾਤ ਖੇਤਾਂ ਅੰਦਰ ਹਰ ਤਰ੍ਹਾਂ ਦੇ ਮੌਸਮਾਂ ਦੀ ਮਾਰ ਝੱਲਦਾ ਵੀ ਫਸਲਾਂ ਦੀ ਰਾਖੀ ਵਿੱਚ ਤਾਇਨਾਤ ਰਹਿੰਦਾ ਹੈ ਅਤੇ ਸਮੁੱਚੇ ਸੰਸਾਰ ਦਾ ਢਿੱਡ ਭਰਦਾ ਹੈ। ਉਹਨਾਂ ਕਿਹਾ ਕਿ ਜੇਕਰ ਮਲਟੀਨੈਸ਼ਨਲ ਕੰਪਨੀਆਂ ਜਾਂ ਕਿਸਾਨਾਂ ‘ਚੋਂ ਕੋਈ ਇੱਕ ਚੁਣਨਾ ਹੋਵੇ ਤਾਂ ਮੈਂ ਕਿਸਾਨ ਹੀ ਚੁਣਾਂਗਾ। ਪਰੰਤੂ ਤਰਾਸਦੀ ਇਹ ਹੈ ਕਿਸਾਨੂੰ ਨੂੰ ਉਸਦੀ ਮਿਹਨਤ ਨਾਲ ਉਗਾਈਆਂ ਫਸਲਾਂ ਦਾ ਸਿਰਫ ਮੁੱਲ ਹੀ ਨਹੀਂ ਮਿਲ ਰਿਹਾ ਸਗੋਂ ਭਾਰਤੀ ਸਰਕਾਰ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖਿਆ ਹੋਇਆ ਹੈ, ਕਿਉਂਕਿ ਕਈ ਵਾਰੀ ਤਾਂ ਉਨ੍ਹਾਂ ਨੂੰ ਆਪਣੀਆਂ ਵੇਚੀਆਂ ਹੋਈਆਂ ਫ਼ਸਲਾਂ ਦੇ ਮੁੱਲ ਦੀ ਰਕਮ ਲੈਣ ਲਈ ਕਈ ਕਈ ਮਹੀਨੇ ਜਾਂ ਸਾਲ ਵੀ ਇੰਤਜ਼ਾਰ ਕਰਨਾ ਪੈਂਦਾ ਹੈ।
ਉਨ੍ਹਾਂ ਨੇ ਪ੍ਰਦਰਸ਼ਨਕਾਰੀ ਯੁਵਕਾਂ ਨੂੰ ਇਸ ਉਦਮ ਲਈ ਉਤਸ਼ਾਹਿਤ ਕੀਤਾ। ਇਸ ਵਿਰੋਧ ਪ੍ਰਦਜਸ਼ਨ ਵਿੱਚ ਜਿੱਥੇ ਭਾਰਤ ਸਰਕਾਰ ਪ੍ਰਤੀ ਗੁੱਸਾ ਤੇ ਰੋਸ ਸੀ, ਉਥੇ ਉਹਨਾਂ ਦੁਆਰਾ ਪ੍ਰਗਟਾਏ ਗਏ ਵਿਚਾਰਾਂ ਵਿਚ ਤਰਕ ਵੀ ਸੀ। ਕਈ ਨੌਜਵਾਨ ਇਸ ਦੌਰਾਨ ਭਾਵੁਕ ਵੀ ਹੁੰਦੇ ਵਿਖਾਈ ਦਿੱਤੇ। ਇਸ ਰੋਸ ਪ੍ਰਦਰਸ਼ਨ ਵਿਚ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਆਂਧਰਾਪ੍ਰਦੇਸ਼, ਗੁਜਰਾਤ ਆਦਿ ਰਾਜਾਂ ਦੇ ਨੌਜਵਾਨਾਂ ਨੇ ਵੀ ਭਾਗ ਲਿਆ ਤੇ ਕਈ ਚੂੜੇ ਵਾਲੀਆਂ ਬਾਹਾਂ ਵੀ ਨਜ਼ਰ ਆਈਆਂ। ਇਸ ਤੋਂ ਪਹਿਲਾਂ ਐਡੀਲੇਡ ਦੇ ਵਿਕਟੋਰੀਆ ਸੁਕੇਅਰ ਵਿਚ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪ੍ਰਬੰਧਕਾਂ ਅਨੁਸਾਰ ਇਹ ਪ੍ਰਦਰਸ਼ਨ ਹਰ ਰੋਜ਼ ਲਗਾਤਾਰ ਜਾਰੀ ਰਹਿਣਗੇ।
ਸ਼ਾਂਤਮਈ ਢੰਗ ਨਾਲ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦੌਰਾਨ ਸਰਕਾਰ ਵੱਲੋਂ ਦਿੱਤੀਆਂ ਗਈਆਂ ਕੋਵਿਡ 19 ਸੰਬੰਧੀ ਹਿਦਾਇਤਾਂ ਦੀ ਪਾਲਣਾ ਵੀ ਕੀਤੀ ਗਈ ਅਤੇ ਇਸ ਮੌਕੇ ਖਾਲਸਾ ਐਡ ਵੱਲੋਂ ਪਾਣੀ ਅਤੇ ਚਾਹ-ਪਾਣੀ ਦੇ ਲੰਗਰ ਦੀ ਸੇਵਾ ਕੀਤੀ ਗਈ।

(ਕਰਨ ਬਰਾੜ)
brar00045@gmail.com

Install Punjabi Akhbar App

Install
×