ਭਾਜਪਾ ਹਕੂਮਤ ਵੱਲੋਂ ਦਿੱਲੀ ‘ਚ ਹਿੰਸਾ ਭੜਕਾਉਣ ‘ਤੇ ਪ੍ਰਧਾਨ ਮੰਤਰੀ ਦੀ ਅਰਥੀ ਸਾੜੀ

ਬਠਿੰਡਾ/ 26 ਫਰਵਰੀ/ — ਭਾਜਪਾ ਤੇ ਆਰ.ਐਸ.ਐਸ. ਹਕੂਮਤ ਤੇ ਉਸਦੇ ਕਪਿਲ ਮਿਸ਼ਰਾ ਵਰਗੇ ਲੀਡਰਾਂ ਵੱਲੋਂ ਕੱਟੜ ਹਿੰਦੂਤਵੀ ਭੀੜਾਂ ਨੂੰ ਭੜਕਾ ਕੇ ਦਿੱਲੀ ‘ਚ ਮੁਸਲਮਾਨਾਂ ਅਤੇ ਉਹਨਾਂ ਦੇ ਘਰਾਂ ਦੁਕਾਨਾਂ ਨੂੰ ਨਿਸ਼ਾਨਾਂ ਬਣਾਉਣ ਅਤੇ ਅੱਗਾਂ ਲਾਉਣ ਦੀ ਕਾਰਵਾਈ ਨੇ ਇੱਕ ਵਾਰ ਫੇਰ 1984 ਵਾਲੇ ਨਸ਼ਲਕੁਸ਼ੀ ਦੇ ਹਲਾਤ ਪੈਦਾ ਕਰ ਦਿੱਤੇ ਹਨ। ਇਹ ਦੋਸ਼ ਅੱਜ 14 ਜਨਤਕ ਜਥੇਬੰਦੀਆਂ ਦੇ ਸੱਦੇ ‘ਤੇ ਸਥਾਨਕ ਬਠਿੰਡਾ ਸ਼ਹਿਰ ‘ਚ ਨਾਗਰਿਕਤਾ ਹੱਕਾਂ ‘ਤੇ ਮੋਦੀ ਹਕੂਮਤ ਵੱਲੋਂ ਬੋਲੇ ਹਮਲੇ ਖਿਲਾਫ਼ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਕਿਸਾਨ, ਮਜ਼ਦੂਰ, ਨੌਜਵਾਨ,ਜਮਹੂਰੀ ਜਨਤਕ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਲਾਏ ਗਏ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ),ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਪੰਜਾਬ ਖੇਤ ਮਜ਼ਦੂਰ ਯੂਨੀਅਨ , ਨੌਜਵਾਨ ਭਾਰਤ ਸਭਾ ਅਤੇ ਪੀ.ਐਸ.ਯੂ.(ਸ਼ਹੀਦ ਰੰਧਾਵਾ) ਦੇ ਸੈਂਕੜੇ ਮਰਦ ਔਰਤਾਂ ਵੱਲੋਂ ਸਥਾਨਕ ਮੁਸਲਿਮ ਭਾਈਚਾਰੇ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ‘ਚ ਰੋਸ ਮੁਜਾਹਰਾ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਦਫਤਰ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਸਾੜੀ।
ਇਸ ਤੋਂ ਪਹਿਲਾਂ ਅਨਾਜ ਮੰਡੀ ਬਠਿੰਡਾ ਵਿਖੇ ਜੁੜੇ ਇਕੱਠ ਨੂੰ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ। ਬੀ.ਕੇ.ਯੂ. (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਅਤੇ ਮੁਸਲਮਾਨ ਭਾਈਚਾਰੇ ਦੇ ਸਾਂਝੇ ਬੁਲਾਰੇ ਮੁਹੰਮਦ ਆਸਿਫ ਪੰਮਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੋਦੀ ਹਕੂਮਤ ਵੱਲੋਂ ਸੀ.ਏ.ਏ., ਐਨ.ਆਰ.ਸੀ. ਤੇ ਐਨ.ਪੀ.ਆਰ. ਰਾਹੀਂ ਲੋਕਾਂ ਦੇ ਨਾਗਰਿਕਤਾ ਸਬੰਧੀ ਹੱਕਾਂ ‘ਤੇ ਬੋਲੇ ਹਮਲੇ ਦਾ ਸ਼ਾਂਤ ਮਈ ਵਿਰੋਧ ਕਰਦੇ ਲੋਕ ਇਸ ਹਕੂਮਤ ਦੀ ਅੱਖ ਵਿੱਚ ਰੋੜ ਵਾਂਗ ਰੜਕ ਰਹੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਕਦਮਾਂ ਦਾ ਵਿਰੋਧ ਕਰਦੇ ਲੋਕਾਂ ਨੂੰ ਪਹਿਲਾਂ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ, ਅੰਨ੍ਹਾਂ ਤਸ਼ਦਦ ਢਾਹੁਣ ਅਤੇ ਲਖਨਊ ਸਮੇਤ ਵੱਖ-ਵੱਖ ਥਾਂਵਾਂ ਤੇ ਆਰ.ਐਸ.ਐਸ. ਤੇ ਭਾਜਪਾ ਦੇ ਲੀਡਰਾਂ ਵੱਲੋਂ ਕੱਟੜ ਹਿੰਦੂਤਵੀ ਭੀੜਾਂ ਨੂੰ ਭੜਕਾ ਕੇ ਮੁਸਲਮਾਨਾਂ ‘ਤੇ ਹਮਲੇ ਕਰਾਉਣ ਦੇ ਬਾਵਜੂਦ ਵੀ ਜਦੋਂ ਉਹ ਲੋਕਾਂ ਦੇ ਹੱਕੀ ਵਿਰੋਧ ਨੂੰ ਕੁਚਲਣ ਅਤੇ ਕੁਰਾਹੇ ਪਾਉਣ ‘ਚ ਸਫਲ ਨਹੀਂ ਹੋਈ ਤਾਂ ਹੁਣ ਉਹ ਦਿੱਲੀ ‘ਚ ਮੁਸਲਮਾਨਾਂ ਨੂੰ ਵੱਡੇ ਪੱਧਰ ਤੇ ਨਿਸ਼ਾਨਾਂ ਬਣਾਉਣ ਤੇ ਉਤਰ ਆਈ ਹੈ।
ਆਗੂਆਂ ਨੇ ਆਖਿਆ ਕਿ ਮੋਦੀ ਹਕੂਮਤ ਨਾਗਰਿਕਤਾ ਵਰਗੇ ਮੁੱਢਲੇ ਤੇ ਜਮਹੂਰੀ ਅਧਿਕਾਰ ਨੂੰ ਧਰਮ ਨਾਲ ਜੋੜਨ ਰਾਹੀਂ ਦੇਸ਼ ‘ਚ ਫਿਰਕੂ ਵੰਡੀਆਂ ਪਾਉਣ ਦਾ ਕੁਕਰਮ ਕਰ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਕੇਂਦਰੀ ਹਕੂਮਤ ਦਾ ਅਸਲ ਮਕਸਦ ਲੋਕਾਂ ਨੂੰ ਫਿਰਕੂ ਅਧਾਰ ‘ਤੇ ਵੰਡ ਕੇ ਦੇਸ਼ ਦੇ ਜਲ, ਜੰਗਲ, ਜ਼ਮੀਨ ਤੇ ਹੋਰ ਕੁਦਰਤੀ ਸਰੋਤਾਂ ਨੂੰ ਸਾਮਰਾਜੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਉਣਾ ਹੈ। ਉਹਨਾਂ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਭਾਰਤ ਫੇਰੀ ਨੂੰ ਲੋਕ ਵਿਰੋਧੀ ਆਰਥਿਕ ਸੁਧਾਰਾਂ ਦੇ ਅਜੰਡੇ ਨੂੰ ਅੱਗੇ ਵਧਾਉਣ ਵਾਲੀ ਕਾਰਵਾਈ ਕਰਾਰ ਦਿੱਤਾ। ਆਗੂਆਂ ਨੇ ਆਖਿਆ ਕਿ ਮੋਦੀ ਹਕੂਮਤ ਨੇ ਦੇਸ਼ ਭਗਤੀ ਦੇ ਅਰਥ ਹੀ ਬਦਲ ਦਿੱਤੇ ਹਨ। ਪ੍ਰਧਾਨ ਮੰਤਰੀ ਦੀਆਂ ਨੀਤੀਆਂ ਦੀ ਅਲੋਚਨਾ ਕਰਨ, ਅਜ਼ਾਦੀ ਦੇ ਨਾਹਰੇ ਲਾਉਣ ਤੇ ਜੈ ਸ਼੍ਰੀ ਰਾਮ ਨਾ ਬੋਲਣ ਵਾਲਿਆਂ ਨੂੰ ਦੇਸ਼ ਦੇ ਗ਼ਦਾਰ ਆਖ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਰੇਲਵੇ, ਬੀ.ਐਸ.ਐਨ.ਐਲ. ਸਮੇਤ ਸਾਰੇ ਸਰਕਾਰੀ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ, ਦੁਨੀਆਂ ਦੇ ਸਭ ਤੋਂ ਵੱਡੇ ਜੰਗਬਾਜ ਅਮਰੀਕਾ ਨਾਲ ਫੌਜੀ ਸੰਧੀਆਂ ਕਰਨ ਤੇ ਜਾਸੂਸੀ ਵਰਗੇ ਖੇਤਰ ਸਾਂਝੇ ਕਰਨ ਰਾਹੀਂ ਅਸਲ ਵਿੱਚ ਮੋਦੀ ਹਕੂਮਤ ਦੇਸ਼ ਦੇ ਲੋਕਾਂ ਨਾਲ ਗ਼ਦਾਰੀ ਕਰ ਰਹੀਂ ਹੈ।
ਉਹਨਾਂ ਐਲਾਨ ਕੀਤਾ ਕਿ ਭਾਜਪਾ ਤੇ ਆਰ.ਐਸ.ਐਸ. ਦੇ ਫਿਰਕੂ ਫਾਸ਼ੀ ਕਦਮਾਂ ਖਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ 8 ਮਾਰਚ ਨੂੰ ਕੌਮਾਤਰੀ ਔਰਤ ਦਿਹਾੜੇ ਦੇ ਮੌਕੇ ਮਲੇਰਕੋਟਲਾ ਵਿਖੇ ਔਰਤਾਂ ਦਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰਕੇ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਹਰਿੰਦਰ ਕੌਰ ਬਿੰਦੂ, ਬਲਦੇਵ ਸਿੰਘ ਭਾਈਰੂਪਾ, ਸੁਖਵਿੰਦਰ ਸਿੰਘ ਫੂਲੇਵਾਲਾ ਤੋਂ ਇਲਾਵਾ ਹਮਾਇਤ ‘ਚ ਆਈਆਂ ਜੱਥੇਬੰਦੀਆਂ ਤਰਕਸੀਲ ਸੁਸਾਇਟੀ ਪੰਜਾਬ ਦੇ ਜੋਨ ਆਗੂ ਰਾਮ ਨਿਰਮਾਣ, ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਆਗੂ ਦਰਬਾਰਾ ਸਿੰਘ ਫੂਲੇਵਾਲਾ, ਠੇਕਾ ਮੁਲਾਜਮ ਮੋਰਚਾ ਦੇ ਆਗੂ ਜਗਰੂਪ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰਿਤਪਾਲ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Install Punjabi Akhbar App

Install
×