ਆਸਟਰੇਲੀਆ ਵਿੱਚ ਕੋਵਿਡ-19 ਵੈਕਸੀਨ ਰੋਲਆਊਟ ਅਤੇ ਪਾਬੰਦੀਆਂ ਵਿਰੁੱਧ ਤਿੱਖਾ ਵਿਰੋਧ ਪ੍ਰਦਰਸ਼ਨ

“ਮੇਰਾ ਸਰੀਰ, ਮੇਰੀ ਪਸੰਦ” ਦੇ ਨਾਅਰਿਆਂ ਨਾਲ ਲੋਕਾਂ ਵੱਲੋਂ ਸੜਕਾਂ ਦਾ ਘਿਰਾਉ

(ਬ੍ਰਿਸਬੇਨ) ਆਸਟਰੇਲੀਆ ਵਿੱਚ ਕੋਵਿਡ-19 ਮਹਾਂਮਾਰੀ ਪ੍ਰਤੀ ਵੈਕਸੀਨ ਰੋਲਆਊਟ ਹੁਕਮਾਂ ਅਤੇ ਸਰਕਾਰ ਦੇ ਜਵਾਬਾਂ ਦੇ ਵਿਰੋਧ ਵਿੱਚ ਹਜ਼ਾਰਾਂ ਲੋਕਾਂ ਨੇ ਪ੍ਰਮੁੱਖ ਸ਼ਹਿਰਾਂ ਵਿੱਚ ਮੁੜ ਰੋਸ ਮਾਰਚ ਕੀਤਾ ਹੈ। ਸੂਬਾ ਕੁਈਨਜ਼ਲੈਂਡ ‘ਚ ਬਾਰਡਰ ਖੁੱਲ੍ਹਣ ਤੋਂ ਪਹਿਲਾਂ ਨਿਊ ਸਾਊਥ ਵੇਲਜ਼ ਦੀ ਸਰਹੱਦ ਦੇ ਨੇੜੇ ਗੋਲਡ ਕੋਸਟ ਵਿਖੇ ਕੂਲਨਗਾਟਾ ‘ਚ ਹਜ਼ਾਰਾਂ ਲੋਕ ਟੀਕਿਆਂ, ਲੌਕਡਾਊਨ ਅਤੇ ਮਾਸਕ ਦਾ ਵਿਰੋਧ ਕਰਨ ਵਾਲੇ ਚਿੰਨ੍ਹ ਫੜ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ। ਉਹਨਾਂ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਸੰਭਾਵੀ ਕੋਵਿਡ-19 ਵੈਕਸੀਨ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਅਤੇ ਇਹ ਮਨੁੱਖਤਾ ਦੀ ਖੁਦਮੁਖਤਿਆਰੀ ਨਾਲ ਸਰਕਾਰੀ ਧੱਕਾ ਹੈ। ਦੱਸਣਯੋਗ ਹੈ ਕਿ ਦੇਸ਼ ਵਿੱਚ ਕੋਵਿਡ-19 ਵੈਕਸੀਨ ਵਿਆਪੀ ਰੋਲਆਊਟ 10 ਜਨਵਰੀ ਨੂੰ, ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਅਤੇ ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ ਦੇ ਚੋਟੀ ਦੇ ਮੈਡੀਕਲ ਸਲਾਹਕਾਰਾਂ ਦੀ ਮਨਜ਼ੂਰੀ ਤੋਂ ਬਾਅਦ ਸ਼ੁਰੂ ਹੋ ਰਿਹਾ ਹੈ। ਮੈਲਬਾਰਨ ‘ਚ ਪੁਲੀਸ ਦੀ ਨਿਗਰਾਨੀ ਹੇਠ ਲਗਭਗ 4,000 ਪ੍ਰਦਰਸ਼ਨਕਾਰੀਆਂ ਵੱਲੋਂ ਆਵਾਜਾਈ ਠੱਪ ਕਰਦਿਆਂ ਸੰਸਦ ਦੇ ਬਾਹਰ ਸ਼ਾਂਤਮਈ ਰੋਸ ਪ੍ਰਗਟਾਵਾ ਕੀਤਾ। ਗੌਰਤਲਬ ਹੈ ਕਿ ਸੂਬੇ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਵੱਲੋਂ ਵਿਵਾਦਪੂਰਨ ਮਹਾਂਮਾਰੀ ਬਿੱਲ ਨੂੰ ਕਾਨੂੰਨ ਬਣਾਏ ਜਾਣ ਤੋਂ ਬਾਅਦ ਮੈਲਬਰਨ ਦੀ ਭੀੜ ਦੁਆਰਾ ‘ਸੈਕ ਡੈਨ ਐਂਡਰਿਊਜ਼’ ਅਤੇ ‘ਮੇਰਾ ਸਰੀਰ, ਮੇਰੀ ਪਸੰਦ’ ਦੇ ਨਾਅਰੇ ਲਗਾਏ ਗਏ। ਸਿਡਨੀ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸੀਬੀਡੀ ਦੀਆਂ ਸੜਕਾਂ ‘ਤੇ ਢੋਲ ਵਜਾਉਂਦੇ, ਸੀਟੀਆਂ ਵਜਾਉਂਦੇ ਅਤੇ ਦੁਨੀਆ ਭਰ ਦੇ ਝੰਡੇ ਲੈ ਕੇ ਮਾਰਚ ਕੀਤਾ। ਇਹਨਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਟੀਕੇ ਦੇ ਆਦੇਸ਼ਾਂ ਦੇ ਵਿਰੁੱਧ ਲੋਕਾਂ ਨੇ ਕਈ ਤਰ੍ਹਾਂ ਦੇ ਵਿਚਾਰ ਅਤੇ ਮੰਗਾਂ ਰੱਖੀਆਂ ਹਨ।

Install Punjabi Akhbar App

Install
×