
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਹਤ ਮੰਤਰੀ ਗਰੈਗ ਹੰਟ ਨੇ ਇੱਕ ਅਹਿਮ ਜਾਣਕਾਰੀ ਵਿੱਚ ਦੱਸਿਆ ਹੈ ਕਿ ਬ੍ਰਿਸਬੇਨ (ਕੁਈਨਜ਼ਲੈਂਡ) ਵਿਖੇ ਇੱਕ ਓਲਡ ਏਜਡ ਕੇਅਰ ਸੈਂਟਰ ਵਿੱਚ ਦਿੱਤੀ ਜਾ ਰਹੀ ਕਰੋਨਾ ਦੀ ਦਵਾਈ, ਦੋ ਬਜ਼ੁਰਗਾਂ (88 ਸਾਲਾਂ ਦੇ ਇੱਕ ਆਦਮੀ ਅਤੇ 94 ਸਾਲਾਂ ਦੀ ਇੱਕ ਮਹਿਲਾ) ਨੂੰ ਤੈਅ ਮਾਤਰਾ ਤੋਂ ਜ਼ਿਆਦਾ ਮਾਤਰਾ ਵਿੱਚ ਉਕਤ ਕੋਵਿਡ-19 ਦੀ ਵੈਕਸੀਨ ਦੀ ਡੋਜ਼ ਦੇ ਦਿੱਤੀ ਗਈ ਪਰੰਤੂ ਦੋਹੇਂ ਬਜ਼ੁਰਗ ਠੀਕ ਠਾਕ ਹਨ ਅਤੇ ਉਨ੍ਹਾਂ ਉਪਰ ਇਸ ਦਵਾਈ ਦਾ ਕੋਈ ਵੀ ਮਾੜਾ ਪ੍ਰਭਾਵ ਦੇਖਣ ਵਿੱਚ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਦੋਹਾਂ ਨੂੰ ਕੋਈ ਪ੍ਰੇਸ਼ਾਨੀ (ਸਰੀਰਕ ਜਾਂ ਮਾਨਸਿਕ) ਹੀ ਦਿਖਾਈ ਦਿੱਤੀ ਜਾਂ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਉਕਤ ਗਲਤੀ ਨੂੰ ਉਥੇ ਸੇਵਾ ਨਿਭਾ ਰਹੀ ਇੱਕ ਨਰਸ ਨੇ ਸੰਘਿਆਨ ਵਿੱਚ ਲਿਆ ਅਤੇ ਤੁਰੰਤ ਅਧਿਕਾਰੀਆਂ ਨੂੰ ਇਸ ਬਾਰੇ ਵਿੱਚ ਸੂਚਿਤ ਕੀਤਾ। ਅਧਿਕਾਰੀਆਂ ਵੱਲੋਂ ਕੀਤੀ ਗਈ ਫੌਰਨ ਕਾਰਵਾਈ ਦੌਰਾਨ, ਗਲਤੀ ਮੌਕੇ ਦੇ ਡਾਕਟਰ ਦੀ ਸੀ ਅਤੇ ਹਾਲ ਦੀ ਘੜੀ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਉਧਰ ਮੁੱਖ ਸਿਹਤ ਅਧਿਕਾਰੀ ਪੌਲ ਕੈਲੀ ਨੇ ਵੀ ਕਿਹਾ ਕਿ ਇਸ ਦਵਾਈ ਦੇ ਟੈਸਟ ਦੌਰਾਨ ਕੁੱਝ ਮਰੀਜ਼ਾਂ ਨੂੰ ਇਸ ਦੀ ਜ਼ਿਆਦਾ ਮਾਤਰਾ ਦੇ ਕੇ ਦੇਖੀ ਗਈ ਸੀ ਪਰੰਤੂ ਆਂਕੜੇ ਦਰਸਾਉ਼ਂਦੇ ਹਨ ਕਿ ਇਸ ਨਾਲ ਕੋਈ ਵੀ ਜ਼ਿਆਦਾ ਪ੍ਰਾਬਲਮ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਗਲਤੀਆਂ ਬਾਹਰਲੇ ਕਈ ਦੇਸ਼ਾਂ ਵਿੱਚ ਵੀ ਵਾਪਰੀਆਂ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟ ਨਾਂ ਦੇ ਬਰਾਬਰ ਹੀ ਰਹੇ ਹਨ। ਪਰੰਤੂ ਉਨ੍ਹਾਂ ਇਹ ਵੀ ਕਿਹਾ ਕਿ ਗਲਤੀ ਆਖਿਰ ਗਲਤੀ ਹੀ ਹੈ ਅਤੇ ਇਸ ਨੂੰ ਦੁਹਰਾਇਆ ਨਹੀਂ ਜਾਵੇਗਾ ਅਤੇ ਕਿਸੇ ਵੀ ਸੂਰਤ ਵਿੱਚ ਅਣਗਹਿਲੀ ਨਹੀਂ ਵਰਤੀ ਜਾਵੇਗੀ।