ਅਮਰੀਕਾ ‘ਚ ਇੱਕ ਹੋਰ ਸਿੱਖ ‘ਤੇ ਹੋਇਆ ਹਮਲਾ

ਅਜੇ ਕੁੱਝ ਦਿਨ ਪਹਿਲਾ ਹੀ ਅਮਰੀਕਾ ‘ਚ ਇੱਕ ਸਿੱਖ ਨੌਜਵਾਨ ਨੂੰ ਟਰੱਕ ਨਾਲ ਟੱਕਰ ਮਾਰੇ ਜਾਣ ਦੀ ਘਟਨਾ ਵਾਪਰੀ ਸੀ ਕਿ ਇੱਕ ਹੋਰ ਮੰਦਭਾਗੀ ਘਟਨਾ ‘ਚ ਇੱਕ ਸਿੱਖ ਵਿਅਕਤੀ ਅਤੇ ਉਸ ਦੀ ਮਾਤਾ ‘ਤੇ ਨਾਬਾਲਗਾਂ ਦੇ ਸਮੂਹ ਵੱਲੋਂ ਹਮਲਾ ਕੀਤਾ ਗਿਆ ਹੈ। ਇਹ ਸਮੂਹ ਉਨ੍ਹਾਂ ਨੂੰ ਓਸਾਮਾ ਬਿਨ ਲਾਦੇਨ ਕਹਿ ਰਿਹਾ ਸੀ। ਇਹ ਸਿੱਖ ਵਿਅਕਤੀ ਫਿਜ਼ੀਸ਼ੀਅਨ ਵਿਗਿਆਨੀ ਹੈ ਅਤੇ ਸਿੱਖ ਧਰਮ ‘ਚ ਮਾਨਤਾ ਹੋਣ ਕਾਰਨ ਦੋਵੇਂ ਮਾਂ-ਪੁੱਤ ਦਸਤਾਰ ਸਜਾਉਂਦੇ ਹਨ ਅਤੇ ਕੇਸਾਂ ਦੀ ਬੇਅਦਬੀ ਨਹੀਂ ਕਰਦੇ। ਇਨ੍ਹਾਂ ਦਾ ਕਹਿਣਾ ਸੀ ਕਿ ਕਰੀਬ 10 ਨਾਬਾਲਗਾਂ ਨੇ ਉਨ੍ਹਾਂ ਦੀ ਗ਼ਲਤ ਪਹਿਚਾਣ ਕਰਦਿਆਂ ਉਨ੍ਹਾਂ ਨਾਲ ਝਗੜਾ ਕੀਤਾ ਅਤੇ ਓਸਾਮਾ ਬਿਨ ਲਾਦੇਨ ਕਹਿ ਕੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਜਾਣ ਲਈ ਕਿਹਾ। ਇਨ੍ਹਾਂ ਨਾਬਾਲਗਾਂ ਨੇ ਪੀੜਤ ਦੀ ਮਾਂ ਪ੍ਰਤੀ ਗ਼ਲਤ ਅਲਫਾਜ਼ਾ ਦੀ ਵਰਤੋਂ ਵੀ ਕੀਤੀ। ਪੀੜਤ ਸਿੱਖ ਵਿਅਕਤੀ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੀੜਤ ਨੂੰ ਆਸੇ ਪਾਸੇ ਤੋਂ ਘੇਰ ਕੇ ਉਸ ਨਾਲ ਕੁੱਟ ਮਾਰ ਕੀਤੀ। ਪੀੜਤਾਂ ਨੇ ਆਪਣੀ ਪਹਿਚਾਣ ਦੱਸਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਨਿਊਯਾਰਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਤਾਂ ਜੋ ਦੋਸ਼ੀ ਸਮੂਹ ਇਹ ਨਫ਼ਰਤ ਭਰੀ ਖੇਡ ਕਿਸੇ ਹੋਰ ਨਾਲ ਨਾ ਖੇਡਣ।