ਜਿਲ੍ਹਾ ਫਰੀਦਕੋਟ ਦਾ ਆਫਤਾਬ ਬਣਿਆਂ ਰਾਈਜ਼ਿੰਗ ਸਟਾਰ-3 

  • ਇਨਾਮ ਚ ਮਿਲੀ 10 ਲੱਖ ਦੀ ਰਾਸ਼ੀ

09gsc aftab rising star-3

ਸਾਦਿਕ 9 ਜੂਨ — ਕੱਲਰਜ਼ ਚੈਨਲ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਬਾਲ ਗਾਇਕਾਂ ਦੇ ਚੱਲ ਰਹੇ ਸ਼ੋਅ ਰਾਈਜ਼ਿੰਗ ਸਟਾਰ-3 ਦੇ ਮੁਕਾਬਲੇ ਚੋਂ ਜਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਖੇ ਰਹਿ ਰਹੇ ਆਫਤਾਬ ਨਾਂ ਦੇ ਬਾਲ ਗਾਇਕ ਨੇ ਇਹ ਮੁਕਾਬਲਾ ਜਿੱਤ ਕੇ ਰਾਈਜ਼ਿੰਗ ਸਟਾਰ -3 ਬਣਨ ਦਾ ਮਾਨ ਹਾਸਲ ਕੀਤਾ ਹੈ। ਉਸਦੀ ਉਮਰ ਸਿਰਫ 12 ਸਾਲ ਹੈ ਅਤੇ ਉਹ ਪਿੰਡ ਦੇ ਹੀ ਇਕ ਸਕੂਲ ਵਿਚ ਪੜ੍ਹ ਰਿਹਾ ਹੈ। ਇਹ ਮੁਕਾਬਲਾ ਜਿੱਤਣ ਤੇ ਆਫਤਾਬ ਨੂੰ 10 ਲੱਖ ਰੁਪਏ ਦੀ ਰਾਸ਼ੀ ਇਨਾਮ ਵਿਚ ਮਿਲੀ ਹੈ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੇ ਦਿਵਾਕਰ ਸ਼ਰਮਾਂ ਨੂੰ 5 ਲੱਖ ਰੁਪਏ ਮਿਲੇ ਹਨ। ਇਸ ਮੁਕਾਬਲੇ ਵਿਚ ਸ਼ਾਮਲ ਆਖਰੀ ਚਾਰ ਬਾਲ ਗਾਇਕਾਂ ਵਿੱਚੋਂ ਆਫਤਾਬ ਸਭ ਤੋਂ ਘੱਟ ਉਮਰ ਦਾ ਹੈ। ਸੰਗੀਤ ਦੀ ਗੁੜ੍ਹਤੀ ਉਸਨੂੰ ਆਪਣੇ ਪਰਵਾਰ ਚੋਂ ਹੀ ਪਿਤਾ ਮਹੇਸ਼ ਸਿੰਘ ਤੋਂ ਮਿਲੀ। ਇਹ ਬੱਚਾ ਮੀਰ ( ਮਰਾਸੀ ) ਪਰਵਾਰ ਵਿੱਚੋਂ ਹੈ ਅਤੇ ਇਸਦਾ ਪਰਵਾਰ ਪਿੰਡ ਵਿਚ ਬਣੇ ਇਕ ਮਹਾਂਪੁਰਸ਼ ਦੇ ਸਥਾਨ ਤੇ ਸੇਵਾ ਕਰਦਾ ਹੈ। ਆਫਤਾਬ ਨੂੰ ਇੱਥੋਂ ਤੱਕ ਪਹੁੰਚਾਉਣ ਵਿਚ ਪਿੰਡ ਦੀਪ ਸਿੰਘ ਵਾਲਾ ਤੋਂ ਬਿੱਟੂ ਗਿਰਧਰ, ਔਲਖ ਪਰਵਾਰ ਅਤੇ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਮਿਲਿਆ। ਆਫਤਾਬ ਨੂੰ ਸਾਰੇ ਲਾਈਵ ਐਪੀਸੋਡ ਵਿਚ ਦਰਸ਼ਕਾਂ ਵਲੋਂ 90 ਪ੍ਰਤੀਸ਼ਤ ਤੋਂ ਜਿਆਦਾ ਵੋਟ ਮਿਲੇ। ਆਫਤਾਬ ਸਾ ਰੇ ਗਾ ਮਾ ਪਾ ਲਿਟਲ ਚੈਂਪਸ ਚ 2017 ਚ ਵੀ ਟਾਪ ਸਟਾਰ -7 ਦੇ ਸਥਾਨ ਤੇ ਰਿਹਾ ਸੀ। ਇਸ ਰਾਈਜ਼ਿੰਗ ਸਟਾਰ ਸ਼ੋਅ ਦਾ ਤੀਸਰਾ ਪੜਾਅ 16 ਮਾਰਚ ਨੂੰ ਸ਼ੁਰੂ ਹੋਇਆ ਸੀ। ਗਾਇਕ ਸ਼ੰਕਰ ਮਹਾਂਦੇਵਨ, ਅਭਿਨੇਤਾ ਤੇ ਗਾਇਕ ਦਲਜੀਤ ਦੋਸਾਂਝ, ਨੇਹਾ ਕੱਕੜ ਨੇ ਆਫਤਾਬ ਦੀ ਪਰਫਾਰਮੈਂਸ ਨੂੰ ਖੂਬ ਸਲਾਹਿਆ। ਆਫਤਾਬ ਦੇ ਰਾਈਜ਼ਿੰਗ ਸਟਾਰ-3 ਚੁਣੇ ਜਾਣ ਤੇ ਪਿੰਡ ਦੀਪ ਸਿੰਘ ਵਾਲਾ ਚ ਵਿਆਹ ਵਰਗਾ ਮਾਹੌਲ ਹੈ। ਪਿੰਡ ਵਾਸੀਆਂ ਨੂੰ ਇਸ ਬੱਚੇ ਤੋਂ ਹੋਰ ਵੀ ਵੱਡੀਆਂ ਆਸਾਂ ਹਨ।

Install Punjabi Akhbar App

Install
×