ਅਲਵਿਦਾ ਅਫ਼ਰੋਜ

afrozamrit

ਜ਼ਿੰਦਗੀ ‘ਚ ਕਿਸੇ ਨਾਲ ਪਈ ਨਿੱਕੀ ਜਿਹੀ ਸਾਂਝ ਕਈ ਬਾਰ ਤੁਹਾਨੂੰ ਉਮਰ ਭਰ ਦੀ ਖ਼ੁਸ਼ੀ ਜਾ ਜ਼ਖਮ ਦੇ ਜਾਂਦੀ ਹੈ। ਉਹੀ ਕੀਤਾ ‘ਅਫ਼ਰੋਜ’ ਨੇ ਸਾਡੇ ਨਾਲ! ਕੀ ਲੋੜ ਸੀ ਉਸ ਨੂੰ ਏਨਾ ਚੰਗਾ ਬਣਨ ਦੀ, ਜੇ ਉਸ ਨੇ ਸਾਥ ਹੀ ਨਹੀਂ ਸੀ ਨਿਭਾਉਣਾ? ਹਾਲੇ ਪਿਛਲੇ ਵਰ੍ਹੇ ਮੈਨੂੰ ਪਟਿਆਲੇ ਯੂਨੀਵਰਸਿਟੀ ‘ਚ ਮਿਲਿਆ ਸੀ। ਮੈਂ ਉਸ ਦੀ ਕਲਮ ਦਾ ਪਹਿਲਾਂ ਹੀ ਮੁਰੀਦ ਸੀ। ਇਕ ਭਾਰੀ ਜਿਹੀ ਆਵਾਜ਼ ਨੇ ਪਿੱਛੋਂ ਦੀ ਆ ਕੇ ”ਸੱਤ ਸ੍ਰੀ ਅਕਾਲ ਬਾਈ ਜੀ” ਕਿਹਾ ਤਾਂ ਮੈਂ ਅਫ਼ਰੋਜ ਨੂੰ ਪਹਿਚਾਣ ਨਹੀਂ ਸੀ ਸਕਿਆ। ਨਿੱਕਾ ਤੇ ਮਲੁਕੜਾ ਜਿਹਾ ਮੁੰਡਾ ਮੇਰੇ ਮੂਹਰੇ ਖੜਾ ਸੀ। ਮੇਰੇ ਹਾਵ-ਭਾਵ ਪੜ੍ਹਦਿਆਂ ਸ਼ਿਵਦੀਪ ਵਿਚੋਂ ਬੋਲ ਪਿਆ ਸੀ ”ਮਿੰਟੂ ਬਾਈ ਆਪਣਾ ਅਫ਼ਰੋਜ।” ਮੈਂ ਬਿਨਾਂ ਪਲ ਵੀ ਲਾਇਆ ਉਸ ਨੂੰ ਗੱਲ ਨਾਲ ਲਾ ਲਿਆ ਤੇ ਅੱਖਾਂ ‘ਚ ਹੀ ਸਵਾਲ ਕੀਤਾ ਕਿ ਤੂੰ ਸੱਚੀ ਉਹੀ ਪਰਪੱਕ ਆਵਾਜ਼ ਦਾ ਮਾਲਕ, ਕਲਮ ਤੇ ਸੋਚ ਦਾ ਧਨੀ ਅਫ਼ਰੋਜ ਹੈ। ਮੇਰੇ ਬਿਨ ਬੋਲਿਆ ਹੀ ਕਹਿੰਦਾ ਬਾਈ ਜੀ ਸ਼ੱਕ ਕਰ ਰਹੇ ਹੋ, ਸ਼ਿਵ ‘ਤੇ? ਤਾਂ ਸਫ਼ਰਜੀਤ ਨੂੰ ਪੁੱਛ ਲਵੋ ਮੈਂ ਅਫ਼ਰੋਜ ਹੀ ਹਾਂ ਜੀ। ਹੌਲੀ-ਹੌਲੀ ਸਾਂਝ ਵਧੀ, ਅਫ਼ਰੋਜ ਦੀ ਵਿੱਤੀ ਹਾਲਤਾਂ ਬਾਰੇ ਪਤਾ ਲੱਗਿਆ। ਅਮਨਦੀਪ ਨਾਲ ਗੱਲ ਕੀਤੀ ਕਿ ਮੁੰਡੇ ‘ਚ ਬਹੁਤ ਕੁਝ ਹੈ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ। ਚਲੋ ਹੌਲੀ-ਹੌਲੀ ਉਹ ਆਪਣੀ ਕਾਬਲੀਅਤ, ਮਿਹਨਤ ਅਤੇ ਹਲੀਮੀ ਕਾਰਨ ਆਪਣਾ ਥਾਂ ਬਣਾਉਂਦਾ ਗਿਆ। ਹੁਣ ਜਦੋਂ ਲਹਿਰਾਂ ਪ੍ਰੋਗਰਾਮ ਨੂੰ ਦੁਬਾਰਾ ਇੰਡੀਆ ਤੋਂ ਕੰਟਰੋਲ ਕਰਨ ਦੀ ਗੱਲ ਆਈ ਤਾਂ ਅੱਧੇ ਬੋਲ ਅਫ਼ਰੋਜ ਤਿਆਰ ਹੋ ਗਿਆ। ਪਰ ਇਹ ਨਵਾਂ ਸਫ਼ਰ ਸਿਰਫ਼ ਦੋ ਕੁ ਹਫ਼ਤਿਆਂ ਦਾ ਹੋਵੇਗਾ ਇਹ ਤਾਂ ਸੋਚਿਆ ਹੀ ਨਹੀਂ ਸੀ। ਹਰਪ੍ਰੀਤ ਕਾਹਲੋਂ ਤੇ ਸਰਬਜੀਤ ਜਦੋਂ ਉਸ ਨੂੰ ਟਰੇਨਿੰਗ ਦੇ ਰਹੇ ਸਨ ਤਾਂ ਇਕ ਦਿਨ ਹਰਪ੍ਰੀਤ ਫ਼ੋਨ ਤੇ ਮੈਨੂੰ ਅਫ਼ਰੋਜ ਬਾਰੇ ਦੱਸ ਰਿਹਾ ਸੀ ਕਿ ਅਫ਼ਰੋਜ ਨੂੰ ਜੋ ਵੀ ਕੰਮ ਦੀ ਜ਼ੁੰਮੇਵਾਰੀ ਲਾਵੋ ਉਸ ਕੋਲ ਜਵਾਬ ਨਹੀਂ ਹੈ। ਉਹ ਜਰਨਲਿਜ਼ਮ ‘ਚ ਮਾਸਟਰਜ਼ ਕਰ ਰਿਹਾ ਸੋ ਇਸ ਲਈ ਉਹ ਹੁਣ ਰਾਤ ਨੂੰ ਸਿਰਫ਼ ਇਕ ਪ੍ਰੋਗਰਾਮ ਕਰ ਕੇ ਸਾਰਾ ਦਿਨ ਆਪਣੀ ਪੜ੍ਹਾਈ ਕਰ ਸਕਦਾ।

ਮੇਰੇ ਨਾਲ ਉਸ ਨੇ ਕੁਝ ਕੁ ਪ੍ਰੋਗਰਾਮ ਕੀਤੇ ਤੇ ਉਹ ਮੈਨੂੰ ”ਜੀ ਬਾਈ ਜੀ” ਕਹਿ ਕੇ ਬੁਲਾਉਂਦਾ ਤਾਂ ਮੈਂ ਉਸ ਨੂੰ ਇਕ ਦਿਨ ਕਿਹਾ ਕਿ ਅਫ਼ਰੋਜ ਰੇਡੀਓ ਤੇ ਆਨ-ਏਅਰ ਤੁਸੀ ਮੈਨੂੰ ਨਾਮ ਲੈ ਕੇ ਬੁਲਾ ਲਿਆ ਕਰੋ ਜ਼ਿਆਦਾ ‘ਜੀ’ ਚੰਗਾ ਜਿਹਾ ਨਹੀਂ ਲਗਦਾ। ਉਸ ਨੇ ਆਫ਼ ਏਅਰ ਹਾਂ ਕਰ ਦਿੱਤੀ ਪਰ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਫੇਰ ਉਹੀ ਕੁਝ ਤੇ ਅਗਲੇ ਬਰੇਕ ‘ਚ ਕਹਿੰਦਾ ਬਾਈ ਜੀ ਮੇਰੇ ਤੋਂ ਇਕੱਲਾ ਨਾਮ ਨਹੀਂ ਲੈ ਹੁੰਦਾ ਸੋ ਮਾਫ਼ੀ ਚਾਹਾਂਗਾ। ਸ਼ੁਰੂ ਦੇ ਇਕ ਦੋ ਪ੍ਰੋਗਰਾਮ ਉਸ ਨੇ ਬਹੁਤ ਹੀ ਸੱਲੋ ਅਤੇ ਉਦਾਸੀ ਭਰਪੂਰ ਗੀਤ ਜਿਹੇ ਲਾ ਕੇ ਕੀਤੇ। ਕੁਝ ਕੁ ਮਿੱਤਰਾਂ ਦੀ ਫੀਡ ਬੈਕ ਆਈ ਤੇ ਮੈਂ ਉਸ ਨੂੰ ਕਿਹਾ ਕਿ ਅਫ਼ਰੋਜ ਸਵੇਰੇ ਦੇ ਪ੍ਰੋਗਰਾਮ ‘ਚ ਥੋੜ੍ਹੀ ਜਿਹੀ ਤਾਜ਼ਗੀ ਹੋਣੀ ਚਾਹੀਦੀ ਹੈ ਤਾਂ ਉਹ ਕਹਿੰਦਾ ਬਾਈ ਜੀ ਉਸ ਵਕਤ ਭਾਰਤ ‘ਚ ਜਦੋਂ ਮੈਂ ਰਾਤ ਨੂੰ ਉੱਠ ਕੇ ਪ੍ਰੋਗਰਾਮ ਸ਼ੁਰੂ ਕਰਦਾ ਹਾਂ ਤਾਂ ਮੇਰੇ ਅੰਦਰੋਂ ਰਾਤ ਨਿਕਲਦੀ ਨਹੀਂ। ਮੈਂ ਉਸ ਨੂੰ ਮਜ਼ਾਕ ਕੀਤਾ ਕਿ ਕੋਈ ਨਾ ਮੈਂ ਸਰਬਜੀਤ ਨੂੰ ਬੇਨਤੀ ਕਰਦਾ ਕਿ ਉਹ ਤੁਹਾਨੂੰ ਨਕਲੀ ਦਾ ਸੂਰਜ ਲਿਆ ਕੇ ਦੇਣ ਤਾਂ ਕਿ ਤੇਰੇ ਇਸ ਪ੍ਰੋਗਰਾਮ ‘ਚ ਚੜ੍ਹਦੇ ਸੂਰਜ ਦੀ ਤਾਜ਼ਗੀ ਹੋਵੇ। ਕੁਝ ਹੀ ਦਿਨਾਂ ‘ਚ ਉਸ ਨੇ ਆਪਣੇ ਆਪ ਨੂੰ ਢਾਲ ਲਿਆ ਸੀ ਤੇ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਕੀ ਅਗਲੇ ਹਫ਼ਤੇ ਤੋਂ ਸਭ ਕੁਝ ਤੁਹਾਡੇ ਮੁਤਾਬਿਕ ਕਰ ਲਵਾਂਗਾ। ਵੀਰਵਾਰ ਨੂੰ ਮੇਰੇ ਨਾਲ ਅੱਧਾ ਘੰਟਾ ‘ਲਹਿਰਾਂ’ ‘ਚ ਗੱਲ ਕੀਤੀ ਤੇ ਇਕ ਜੈ ਲਲਿਤਾ ਦੀ ਖ਼ਬਰ ਸਾਂਝੀ ਕਰਦਾ ਕਹਿੰਦਾ ਬਾਈ ਜੀ ਜਨਤਾ ਸਦਾ ਹੀ ਬਹੁਤ ਮੂਰਖਤਾ ਕਰਦੀ ਰਹਿੰਦੀ ਹੈ, ਪਰ ਆਹ ਮੂਰਖਤਾ ਕਿ ਜੈ ਲਲਿਤਾ ਪਿੱਛੇ ਖ਼ੁਦਕੁਸ਼ੀਆਂ ਕਰੀ ਜਾਂਦੀ ਆ, ਸਮਝ ਤੋਂ ਬਾਹਰ ਦੀ ਗੱਲ ਹੈ। ਮੈਂ ਉਸ ਨੂੰ ਮਜ਼ਾਕ ‘ਚ ਕਿਹਾ ਸੀ ਅਫ਼ਰੋਜ ਤੁਸੀ ਆਪਣੀ ਉਮਰ ਲੁਕਾਉਂਦੇ ਹੋ! ਤੁਸੀਂ 21 ਸਾਲ ਦੇ ਨਹੀਂ ਹੋ ਸਕਦੇ।

ਸ਼ੁੱਕਰਵਾਰ ਲਹਿਰਾਂ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਮੈਂ ਸਟੂਡੀਓ ਆਨ ਕੀਤਾ ਤਾਂ ਮੈਨੂੰ ਉਸ ਦੀ ਬੱਤੀ ਜਗਦੀ ਦਿਖਾਈ ਦਿੱਤੀ। ਉਸਨੂੰ ਸੁਨੇਹਾ ਲਾਇਆ ਕਿ ਮੈਨੂੰ 8:30 ਜੋੜ ਲਵੀਂ। ਪਰ ਕੋਈ ਜਵਾਬ ਨਹੀਂ। ਮੈਂ ਫੇਰ ਲਿਖਿਆ ਕਿ ਅਫ਼ਰੋਜ ਕੋਈ ਤਕਨੀਕੀ ਖ਼ਰਾਬੀ ਆ ਰਹੀ ਆ। ਪਰ ਕੋਈ ਜਵਾਬ ਨਹੀਂ। ਸੋਚਿਆ! ਨੀਂਦ ਨਹੀਂ ਖੁੱਲ੍ਹੀ ਅਫ਼ਰੋਜ ਦੀ ਪਰ ਦਸ ਕੁ ਮਿੰਟ ਬਾਅਦ ਉਸ ਦੀ ਬੱਤੀ ਪੀਲੀ ਹੋ ਗਈ। ਮੈਂ ਫ਼ੋਨ ਕਰਨਾ ਚਾਹਿਆ ਪਰ ਪਤਾ ਨਹੀਂ ਕਿਉਂ ਕਰ ਨਹੀਂ ਪਾਇਆ। ਸ਼ਾਇਦ ਕੋਈ ਤਕਨੀਕੀ ਸਮੱਸਿਆ ਸਮਝ ਕੇ ਕੰਮ ਤੇ ਚੱਲ ਪਿਆ। ਰਾਹ ‘ਚ ਅਮਨਦੀਪ ਨੂੰ ਫ਼ੋਨ ਲਾ ਕੇ ਪੁੱਛਿਆ। ਉਹ ਕਹਿੰਦੇ ਭਾਜੀ ਲਗਦਾ ਅਫ਼ਰੋਜ ਦੀ ਅੱਖ ਲੱਗ ਗਈ ਹੋਣੀ ਹੈ। ਪਰ ਇੰਡੀਆ ਦਿਨ ਚੜ੍ਹਦਿਆਂ ਨੂੰ ਜੋ ਮਨਹੂਸ ਖ਼ਬਰ ਆਈ ਉਸ ਨੇ ਹਲੂਣ ਕੇ ਰੱਖ ਦਿੱਤਾ। ਅੰਦਾਜ਼ਾ ਸਹੀ ਨਿਕਲਿਆ ਉਸ ਦੀ ਅੱਖ ਹੀ ਲੱਗ ਗਈ ਸੀ! ਪਰ ਸਦਾ ਲਈ। ਉਸ ਦੇ ਰੇਡੀਓ ਤੇ ਬੋਲੇ-ਬੋਲ ”ਜੀ ਮਿੱਤਰ ਪਿਆਰਿਓ ਤੁਸੀ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਅਫ਼ਰੋਜ” ਕੰਨਾਂ ‘ਚ ਧੂਹ ਪਾ ਰਹੇ ਹਨ। ਇਸੇ ਸੋਚ ‘ਚ ਸਾਰੀ ਰਾਤ ਸੌਂ ਨਹੀਂ ਸਕਿਆ ਕਿ ਜੇ ਮੈਂ ਉਸ ਵਕਤ ਉਸ ਨੂੰ ਕਾਲ ਕਰ ਲੈਂਦਾ ਤਾਂ ਸ਼ਾਇਦ ਉਸ ਦਾ ਬੁਰਾ ਵਕਤ ਨਿਕਲ ਜਾਂਦਾ। ਫੇਰ ਸੋਚਦਾ ਕਿ ਉਸ ਨੇ ਉਦੋਂ ਮੇਰਾ ਫ਼ੋਨ ਵੀ ਨਹੀਂ ਚੁੱਕਣਾ ਸੀ ਕਿਉਂਕਿ ਜੇ ਉਹ ਚਾਹੁੰਦਾ ਤਾਂ ਮੇਰੇ ਮੈਸੇਜ ਦਾ ਜਵਾਬ ਹੀ ਦੇ ਦਿੰਦਾ। ਬਹੁਤ ਹੀ ਗ਼ਰੀਬ ਘਰ ‘ਚੋਂ ਉੱਠ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਵਾਲਾ ਇਹ ਨੌਜਵਾਨ ਜ਼ਿੰਦਗੀ ਮੂਹਰੇ ਇੰਝ ਗੋਡੇ ਟੇਕ ਦੇਵੇਗਾ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਗ਼ਰੀਬ ਮਾਂ ਬਾਪ ਸਿਰਫ਼ 6 ਸਾਲ ਦੀ ਇਕ ਛੋਟੀ ਭੈਣ, ਜਿਸ ਪ੍ਰਤੀ ਉਹ ਚਿੰਤਤ ਸੀ ਕਿ ਉਸ ਨੂੰ ਚੰਗੇ ਥਾਂ ਪੜ੍ਹਾਉਣਾ ਹੈ। ਆਪਣੀਆਂ ਸਾਰੀਆਂ ਜ਼ੁੰਮੇਵਾਰੀਆਂ ਸਾਡੇ ਝੋਲੀ ਪਾ ਗਿਆ। ਅਫ਼ਰੋਜ ਤੇਰੇ ਵਾਂਗ ਵਾਅਦਾ ਨਹੀਂ ਕਰਦੇ ਪਰ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਪਰਵਾਰ ਨੂੰ ਕੋਈ ਸਹਾਰਾ ਦੇ ਸਕੀਏ। ਇਕ ਪਾਸੇ ਦੁਨੀਆਂ ਭਰ ਤੋਂ ਮਿੱਤਰਾਂ ਦੇ ਹਮਦਰਦੀ ਭਰੇ ਸੁਨੇਹੇ ਅਤੇ ਫ਼ੋਨ ਕਾਲ ਆ ਰਹੇ ਹਨ। ਦੂਜੇ ਪਾਸੇ ਸਾਡੇ ਕੁਝ ਕੁ ਮੀਡੀਆ ਵਾਲੇ ਅਫ਼ਰੋਜ ਦੀ ਆਖ਼ਰੀ ਦਰਦਨਾਕ ਫੋਟੋ ਛਾਪ ਕੇ ਪਤਾ ਨਹੀਂ ਆਪਣਾ ਕਿਹੜਾ ਫ਼ਰਜ਼ ਨਿਭਾ ਰਹੇ ਹਨ। ਉਨ੍ਹਾਂ ਨੂੰ ਖ਼ਬਰ ਮਿਲ ਗਈ ਖ਼ਬਰ ਲਾਉਣ ਕੋਈ ਇਤਰਾਜ਼ ਨਹੀਂ ਪਰ ਕਿਸੇ ਮਾਂ-ਬਾਪ, ਭੈਣ-ਭਰਾ ਤੇ ਦੋਸਤਾਂ-ਮਿੱਤਰਾਂ ਦੀ ਨਜ਼ਰ ਤੋਂ ਦੇਖਿਓ ਉਹ ਫੋਟੋ ਜੋ ਤੁਸੀਂ ਆਪਣੇ ਅਖ਼ਬਾਰਾਂ ‘ਚ ਛਪੀ ਹੈ ਫੇਰ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਆਪਣਾ ਫ਼ਰਜ਼ ਨਿਭਾ ਰਹੇ ਹੋ ਜਾ ਕਿਸੇ ਦੀ ਮਿੱਟੀ ਪੱਟ ਰਹੇ ਹੋ।

Install Punjabi Akhbar App

Install
×