”ਸਾਡੀ ਜ਼ਿੰਦਗੀ ਖ਼ਤਰੇ ਵਿੱਚ ਹੈ” -ਆਸਟ੍ਰੇਲੀਆਈ ਫੌਜਾਂ ਦੀ ਮਦਦ ਕਰਨ ਵਾਲੇ ਅਫ਼ਗਾਨਾਂ ਨੇ ਲਗਾਈ ਸ਼ਰਣ ਲਈ ਗੁਹਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਜਿਹੇ 40 ਤੋਂ ਵੀ ਵੱਧ ਅਫ਼ਗਾਨੀ ਫੌਜੀ ਜਿਨ੍ਹਾਂ ਨੇ ਕਿ ਆਸਟ੍ਰੇਲੀਆਈ ਡਿਫੈਂਸ ਫੋਰਸ ਦੀ ਅਫ਼ਗਾਨ ਆਪ੍ਰੇਸ਼ਨ ਸਮੇਂ ਮਦਦ ਕੀਤੀ ਸੀ, ਨੇ ਇੱਕ ਚਿੱਠੀ ਰਾਹੀਂ ਆਸਟ੍ਰੇਲੀਆਈ ਸਰਕਾਰ ਕੋਲੋਂ ‘ਪ੍ਰੋਟੈਕਸ਼ਨ ਵੀਜ਼ਾ’ ਦੀ ਮੰਗ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਹੈ ਅਤੇ ਉਨ੍ਹਾਂ ਦੀਆਂ ਅਰਜ਼ੀਆਂ ਵੱਲ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਉਥੋਂ ਨਿਕਲ ਸਕਣ। ਉਹ ਚਾਹੁੰਦੇ ਹਨ ਕਿ ਸਤੰਬਰ ਦੇ ਮਹੀਨੇ ਵਿੱਚ ਅੰਤਰ ਰਾਸ਼ਟਰੀ ਫੌਜਾਂ ਅਫ਼ਗਾਨ ਤੋਂ ਹਟ ਰਹੀਆਂ ਹਨ ਤਾਂ ਇਸ ਤੋਂ ਪਹਿਲਾਂ ਪਹਿਲਾਂ ਉਹ ਵੀ ਉਥੋਂ ਛੱਡ ਕੇ ਕਿਤੇ ਹੋਰ ਵਸੇਬਾ ਕਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਆਪਣੀ ਚਿੱਠੀ ਰਾਹੀਂ ਲਿੱਖਿਆ ਹੈ ਕਿ ਹਰ ਰੋਜ਼ ਉਨ੍ਹਾਂ ਦੇ ਘਰਾਂ ਦੇ ਲੈਟਰ ਬਾਕਸ ਵਿੱਚ ਗੁੰਮਨਾਮ ਚਿੱਠੀਆਂ ਮਿਲਦੀਆਂ ਹਨ ਕਿ ਉਨ੍ਹਾਂ ਨੂੰ ਆਸਟ੍ਰੇਲੀਆਈ ਫੌਜਾਂ ਦੀ ਮਦਦ ਕਰਨ ਕਾਰਨ ਜਾਨ ਤੋਂ ਹੱਥ ਧੌਣੇ ਪੈਣਗੇ। ਉਹ ਲੋਕ ਗੁੰਮਨਾਮੀ ਦੀ ਜ਼ਿੰਦਗੀ ਵਤੀਤ ਕਰ ਰਹੇ ਹਨ ਅਤੇ ਜੇਕਰ ਕੋਈ ਉਨ੍ਹਾਂ ਨੂੰ ਪੁੱਛਦਾ ਹੈ ਕਿ ਉਹ ਕਰਦੇ ਕੀ ਹਨ ਤਾਂ ਉਨ੍ਹਾਂ ਲੋਕਾਂ ਨੂੰ ਹਰ ਪਲ਼ ਝੂਠ ਦਾ ਸਹਾਰਾ ਲੈਣਾ ਪੈਂਦਾ ਹੈ ਅਤੇ ਉਹ ਆਪਣੇ ਕੰਮਾਂ ਬਾਰੇ ਸੱਚਾਈ ਜ਼ਾਹਿਰ ਨਹੀਂ ਕਰ ਸਕਦੇ।
ਇਨ੍ਹਾਂ ਵਿੱਚੋਂ ਇੱਕ ਮਦਦਗਾਰ, ਸਾਮੀਉਲਾਹ ੳਮਾਰੀ (41 ਸਾਲ) ਹੈ ਜਿਸਨੇ ਕਿ 2009 ਤੋਂ 2011 ਤੱਕ ਆਸਟ੍ਰੇਲੀਆਈ ਡਿਫੈਂਸ ਫੋਰਸ ਨੂੰ ਸਥਾਨਕ ਲੋਕਾਂ ਦੀ ਭਾਸ਼ਾ ਸਮਝਣ-ਸਮਝਾਉਣ ਲਈ ਉਰੂਜ਼ਗਾਨ ਅਤੇ ਕਾਬੁਲ ਵਿੱਚ ਦੁਭਾਸ਼ੀਏ ਦਾ ਕੰਮ ਕਰਦਾ ਰਿਹਾ ਹੈ ਅਤੇ ਮੌਜੂਦਾ ਸਮਿਆਂ ਵਿੱਚ ਉਹ ਅਮਰੀਕੀ ਫੌਜਾਂ ਲਈ ਕੰਮ ਕਰ ਰਿਹਾ ਹੈ ਅਤੇ ਉਸਦੇ ਨਾਲ ਉਸਦਾ ਸਾਥੀ ਅਹਿਮਦ ਵੀ ਹੈ।
ਉਹ ਕਹਿੰਦਾ ਹੈ ਕਿ ਉਸ ਨੇ ਬਿਨ੍ਹਾਂ ਕਿਸੇ ਹਥਿਆਰ ਤੋਂ ਇਹ ਲੜਾਈ ਲੜ੍ਹੀ ਹੈ ਅਤੇ ਬੀਤੇ 29 ਸਾਲਾਂ ਤੋਂ ਉਹ ਅਫ਼ਗਾਨਿਸਤਾਨ ਅੰਦਰ ਬਾਹਰੀ ਦੇਸ਼ਾਂ ਦੀਆਂ ਫੌਜਾਂ ਦੀ ਮਦਦ ਵਿੱਚ ਕਾਰਜਰਤ ਰਿਹਾ ਹੈ ਅਤੇ ਦਿਨ ਰਾਤ ਉਨ੍ਹਾਂ ਦੀ ਮਦਦ ਵਿੱਚ ਲੀਨ ਰਿਹਾ ਹੈ ਇਸ ਵਾਸਤੇ ਤਾਲੀਬਾਨ ਅਤੇ ਹੋਰ ਅਜਿਹੇ ਆਤੰਕਵਾਦੀ ਸੰਗਠਨ ਉਸ ਨੂੰ ਆਪਣਾ ਸਭ ਤੋਂ ਵੱਡੇ ਦੁਸ਼ਮਣਾਂ ਵਿੱਚੋਂ ਇੱਕ ਸਮਝਦੇ ਹਨ ਅਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਾਰ ਮੁਕਾਉਣ ਦੀਆਂ ਧਮਕੀਆਂ ਹਰ ਸਮੇਂ ਹੀ ਦਿੰਦੇ ਰਹਿੰਦੇ ਹਨ।
ਉਸਨੇ ਇੱਕ ਇੰਟਰਵਿਊ ਵਿੱਚ ਇਹ ਵੀ ਕਿਹਾ ਕਿ ਉਸਨੂੰ ਆਪਣੀ ਫਿਕਰ ਨਹੀਂ ਹੈ ਪਰੰਤੂ ਉਹ ਆਪਣੇ ਪਰਿਵਾਰ ਨੂੰ -ਜਿਸ ਵਿੱਚ ਉਸਦੇ ਤਿੰਨ ਬੱਚੇ ਹਨ, ਸੁਰੱਖਿਅਤ ਦੇਖਣਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਅਜਿਹੇ ਵਿਅਕਤੀਆਂ ਨੇ ਆਸਟ੍ਰੇਲੀਆ ਵਿੱਚ ਪ੍ਰੋਟੈਕਸ਼ਨ ਵੀਜ਼ਾ ਲਈ ਅਪਲਾਈ ਕੀਤਾ ਹੋਇਆ ਹੈ ਅਤੇ 2013 ਵਿੱਚ 1200 ਤੋਂ ਜ਼ਿਆਦਾ ਅਫ਼ਗਾਨਾਂ ਨੂੰ ਮਨੁੱਖਤਾ ਦੇ ਆਧਾਰ ਤੇ ਵੀਜ਼ੇ ਦਿੱਤੇ ਵੀ ਗਏ ਸਨ।
ਸਾਮਾਉਲਾਹ ਅਤੇ ਅਹਿਮਦ ਨੇ ਵੀ ਉਕਤ ਵੀਜ਼ਾ ਲਈ ਅਪਲਾਈ ਕੀਤਾ ਹੋਇਆ ਹੈ ਪਰੰਤੂ ਉਨ੍ਹਾਂ ਦਾ ਕਹਿਣਾ ਹੈ ਕਿ ਵੀਜ਼ਾ ਦੀ ਕਾਰਵਾਈ ਵਿੱਚ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਹੈ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਉਪਰ ਖ਼ਤਰੇ ਵੱਧਦੇ ਹੀ ਜਾ ਰਹੇ ਹਨ।
ਇਸ ਵਾਸਤੇ ਉਨ੍ਹਾਂ ਨੇ ਆਸਟ੍ਰੇਲੀਆਈ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਅਤੇ ਹੋਰ ਅਜਿਹੇ 40 ਤੋਂ ਵੀ ਵੱਧ ਅਜਿਹੇ ਅਫ਼ਗਾਨੀਆਂ ਦੀ ਫੌਰਨ ਮਦਦ ਕੀਤੀ ਜਾਵੇ ਅਤੇ ਪਹਿਲ ਦੇ ਆਧਾਰ ਤੇ ਉਨ੍ਹਾਂ ਦੇ ਵੀਜ਼ੇ ਲਗਾ ਕੇ ਉਨ੍ਹਾਂ ਨੂੰ ਸੁਰੱਖਿਅਤ ਉਸ ਦੇਸ਼ ਵਿੱਚੋਂ ਕੱਢ ਲਿਆ ਜਾਵੇ ਤਾਂ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ।

Welcome to Punjabi Akhbar

Install Punjabi Akhbar
×