ਆਸਟ੍ਰੇਲੀਆਈ ਫੌਜਾਂ ਵੱਲੋਂ ਅਫ਼ਗਾਨਿਸਤਾਨ ਵਿੱਚ ਕੀਤੀਆਂ ਗਈਆਂ ਜ਼ਿਆਦਤੀਆਂ ਬਾਰੇ ਸਕਾਟ ਮੋਰੀਸਨ ਨੇ ਪ੍ਰਗਟ ਕੀਤਾ ਖੇਦ -ਅਸ਼ਰਫ਼ ਗ਼ਾਨੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਾਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ੍ਰੀ ਸਕਾਟ ਮੋਰੀਸਨ ਨੇ ਉਨ੍ਹਾਂ ਨਾਲ ਫੋਨ ਕਾਲ ਉਪਰ ਗਲਬਾਤ ਕਰਦਿਆਂ, ਆਸਟ੍ਰੇਲੀਆਈ ਫੌਜਾਂ ਦੁਆਰਾ ਅਫ਼ਗਾਨਿਸਤਾਨ ਵਿੱਚ ਕੀਤੀਆਂ ਗਈਆਂ ਜ਼ਿਆਦਤੀਆਂ ਦੇ ਸੰਦਰਭ ਵਿੱਚ ਅਸਲ ਮੁੱਦਿਆਂ ਉਪਰ ਜਾਣਕਾਰੀ ਹਾਸਿਲ ਕਰ ਲਈ ਹੈ ਅਤੇ ਉਹ ਆਸਟ੍ਰੇਲੀਆਈ ਅੱਜ ਇੱਕ ਪੜਤਾਲੀਆ ਰਿਪੋਰਟ ਵੀ ਜਾਰੀ ਕਰਨ ਵਾਲੇ ਹਨ ਅਤੇ ਅਫ਼ਗਾਨਿਸਤਾਨ ਵਿੱਚ ਹੋਈਆਂ ਗਲਤੀਆਂ ਪ੍ਰਤੀ ਉਨ੍ਹਾਂ ਪਹਿਲਾਂ ਤੋਂ ਹੀ ਖੇਦ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਜਿਹਾ ਹੋਣ ਉਪਰ ਉਨ੍ਹਾਂ ਨੂੰ ਦੁੱਖ ਹੈ ਅਤੇ ਇਸ ਦੀ ਸਹੀ ਜਾਂਚ ਪੜਤਾਲ ਦੇ ਆਦੇਸ਼ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਡਿਫੈਂਸ ਮੁਖੀ ਜਨਰਲ ਐਂਗਸ ਕੈਂਪਬੈਲ ਇਸ ਦੀ ਰਿਪੋਰਟ ਜਿਹੜੀ ਕਿ ਇੰਸਪੈਕਟਰ ਜਨਰਲ ਵੱਲੋਂ ਕੀਤੀ ਗਈ ਹੈ -ਅੱਜ ਸਾਂਝੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਵੰਲੋਂ ਪਹਿਲਾਂ ਤੋਂ ਹੀ ਇਸ ਬਾਰੇ ਵਿੱਚ ਇਲਜ਼ਾਮ ਲਗਾਏ ਗਏ ਸਨ ਕਿ ਆਸਟ੍ਰੇਲੀਆਈ ਫੌਜਾਂ ਨੇ ਲੜਾਈ ਦੌਰਾਨ ਅਫ਼ਗਾਨਿਸਤਾਨ ਅੰਦਰ ਬੇਕਸੂਰ ਲੋਕਾਂ ਨੂੰ ਮਾਰਿਆ ਸੀ ਅਤੇ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਕਾਰਵਾਈਆਂ ਕੀਤੀਆਂ ਸਨ ਜੋ ਕਿ ਅੰਤਰ-ਰਾਸ਼ਟਰੀ ਹਥਿਆਰਬੰਧ ਲੜਾਈ ਦੇ ਕਾਨੂੰਨਾਂ ਦੀ ਉਲੰਘਣਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਸਟ੍ਰੇਲੀਆਈ ਫੋਰਨ ਮਨਿਸਟਰ ਮੈਰੀਸ ਪਾਈਨ ਨੇ ਵੀ ਇਸ ਸਬੰਧੀ ਇੱਕ ਚਿੱਠੀ ਲਿਖੀ ਹੈ ਅਤੇ ਇਸ ਵਿੱਚ ਵੀ ਆਸਟ੍ਰੇਲੀਆਈ ਫੌਜਾਂ ਦੁਆਰਾ ਕੀਤੀਆਂ ਗਈਆਂ ਅਨਿਯਮਤੀਆਂ ਕਾਰਨ ਖੇਦ ਪ੍ਰਗਟ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨਾਲ ਫੋਨ ਕਾਲ ਕੀਤੀ ਸੀ ਅਤੇ ਰਿਪੋਰਟ ਬਾਰੇ ਵੀ ਗੱਲ ਕਹੀ ਸੀ। ਬਾਕੀ ਅੱਜ ਦੀ ਰਿਪੋਰਟ ਨਸ਼ਰ ਹੋਣ ਤੋਂ ਬਾਅਦ ਹੀ ਕਾਫੀ ਗੱਲਾਂ ਸਾਫ ਹੋਣਗੀਆਂ।

Install Punjabi Akhbar App

Install
×