ਅਫ਼ਗਾਨਸਤਾਨ: ਕਿੰਨਾ ਔਖਾ ਹੈ ਚਿਹਰਾ ਢੱਕ ਕੇ ਟੀ.ਵੀ. ‘ਤੇ ਖ਼ਬਰਾਂ ਪੜ੍ਹਨਾ

ਅਫ਼ਗਾਨਸਤਾਨ ਵਿਚ ਟੈਲੀਵਿਜ਼ਨ ‘ਤੇ ਖ਼ਬਰਾਂ ਪੜ੍ਹਨ ਵਾਲੀਆਂ ਲੜਕੀਆਂ ਲਈ ਸਮੇਂ-ਸਮੇਂ ਸਖ਼ਤ ਹਦਾਇਤਾਂ ਜਾਰੀ ਹੁੰਦੀਆਂ ਰਹਿੰਦੀਆਂ ਹਨ ਪਰੰਤੂ ਬੀਤੇ ਦਿਨੀਂ ਇਹ ਸਖਤੀ ਹੋਰ ਵਧਾ ਦਿੱਤੀ ਗਈ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਖ਼ਬਰਾਂ ਪੜ੍ਹਦੇ ਵੇਲੇ ਚਿਹਰਾ ਢੱਕਿਆ ਹੋਣਾ ਚਾਹੀਦਾ ਹੈ। ਇਸਦਾ ਸਿੱਧਾ ਅਸਰ ਸ਼ੋਸ਼ਲ ਮੀਡੀਆ ‘ਤੇ ਵੀ ਵੇਖਣ ਨੂੰ ਮਿਲਿਆ ਹੈ।
ਅਫ਼ਗਾਨਸਤਾਨ ਦੁਨੀਆਂ ਦੇ ਬੇਹੱਦ ਗ਼ਰੀਬ ਦੇਸ਼ਾਂ ਵਿਚੋਂ ਇਕ ਹੈ। ਮਨੁੱਖਾ ਜੀਵਨ ਲਈ ਮੁੱਢਲੀਆਂ ਸਹੂਲਤਾਂ ਤੋਂ ਵੀ ਸੱਖਣੇ ਇਸ ਮੁਲਕ ਵਿਚ ਔਰਤ ‘ਤੇ ਕੀਤੀ ਜਾ ਰਹੀ ਸਖਤੀ ਨੇ ਸਾਰੇ ਰਿਕਾਰਡ ਤੋੜ ਦਿੱਤਾ ਹਨ। ਘਰੋਂ ਬਾਹਰ ਨਿਕਲਣ ਦੀ ਹੀ ਮਨਾਹੀ ਹੈ। ਬਹੁਤ ਜ਼ਰੂਰੀ ਹੋਣ ‘ਤੇ ਹੀ ਘਰੋਂ ਬਾਹਰ ਜਾਣਾ ਹੈ ਅਤੇ ਪੈਰਾਂ ਤੋਂ ਸਿਰ ਤੱਕ ਢੱਕ ਕੇ ਜਾਣਾ ਹੈ। ਇਨਬਿਨ ਇਹੀ ਹਦਾਇਤਾਂ ਟੈਲੀਵਿਜ਼ਨ ‘ਤੇ ਬਤੌਰ ਨਿਊਜ਼ ਰੀਡਰ ਕੰਮ ਕਰਨ ਵਾਲੀਆਂ ਲੜਕੀਆਂ ਲਈ ਜਾਰੀ ਕੀਤੀਆਂ ਗਈਆਂ ਹਨ। ਬੀਤੇ ਦਿਨੀਂ ਮੂੰਹ ਸਿਰ ਢੱਕ ਕੇ ਟੈਲੀਵਿਜ਼ਨ ‘ਤੇ ਖ਼ਬਰਾਂ ਪੜ੍ਹ ਰਹੀਆਂ ਲੜਕੀਆਂ ਦੀਆਂ ਤਸਵੀਰਾਂ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਈਆਂ ਦੁਨੀਆਂ ਨੇ ਦੇਖੀਆਂ ਹਨ।
ਇਕ ਪਾਸੇ ਇਹ ਔਰਤ ਦੀ ਆਜ਼ਾਦੀ ਅਤੇ ਅਧਿਕਾਰਾਂ ਦਾ ਮਾਮਲਾ ਹੈ ਦੂਸਰੇ ਪਾਸੇ ਟੈਲੀਵਿਜ਼ਨ ‘ਤੇ ਇਸ ਢੰਗ ਨਾਲ ਕਿੰਨੀ ਕੁ ਦੇਰ ਸੇਵਾਵਾਂ ਜਾਰੀ ਰੱਖੀਆਂ ਜਾ ਸਕਦੀਆਂ ਹਨ। ਭਾਵੇਂ ਅਜਿਹੀਆਂ ਹਦਾਇਤਾਂ ਸਬੰਧਤ ਮਹਿਕਮੇ ਵੱਲੋਂ ਜਾਰੀ ਨਹੀਂ ਹੋਈਆਂ ਹਨ। ਫਿਰ ਵੀ ਬਹੁਤੀਆਂ ਨਿਊਜ਼ ਰੀਡਰ ਮੂੰਹ ਸਿਰ ਢੱਕ ਕੇ ਹੀ ਖ਼ਬਰਾਂ ਪੜ੍ਹ ਰਹੀਆਂ ਹਨ। ਮਰਦ ਨਿਊਜ਼ ਰੀਡਰ ਮਾਸਕ ਪਹਿਨ ਕੇ ਖ਼ਬਰਾਂ ਪੜ੍ਹ ਰਹੇ ਹਨ।
ਪੈਦਾ ਹੋਏ ਇਸ ਮਾਹੌਲ ਵਿਰੁੱਧ ਸ਼ੋਸ਼ਲ ਮੀਡੀਆ ‘ਤੇ ਆਵਾਜ਼ ਉਠਾਈ ਜਾ ਰਹੀ ਹੈ। ਇਕ ਮੀਡੀਆ ਅਦਾਰੇ ਦੇ ਕਰਮਚਾਰੀਆਂ ਦੀ ਬੀਤੇ ਦਿਨੀਂ ਇਕ ਗਰੁੱਪ ਫੋਟੋ ਸਾਹਮਣੇ ਆਈ ਹੈ ਜਿਸ ਵਿਚ ਮਰਦ ਨਿਊਜ਼ ਰੀਡਰ, ਔਰਤ ਨਿਊਜ਼ ਰੀਡਰਾਂ ਦੀ ਹਮਾਇਤ ਵਿਚ ਸਾਹਮਣੇ ਆਏ ਹਨ। ਤਸਵੀਰ ਵਿਚ ਸਾਰੇ ਮਰਦ ਨਿਊਜ਼ ਰੀਡਰਾਂ ਨੇ ਮਾਸਕ ਪਹਿਨੇ ਹੋਏ ਹਨ ਜਦਕਿ ਔਰਤ ਨਿਊਜ਼ ਰੀਡਰ ਨੰਗੇ ਮੂੰਹ ਨਜ਼ਰ ਆ ਰਹੀਆਂ ਹਨ। ਨਾ ਉਨ੍ਹਾਂ ਨੇ ਚਿਹਰਾ ਢੱਕਿਆ ਹੈ ਅਤੇ ਨਾ ਮਾਸਕ ਪਹਿਨਿਆ ਹੈ। ਟੈਲੀਵਿਜ਼ਨ ਅਜਿਹਾ ਮਾਧਿਅਮ ਹੈ ਜਿੱਥੇ ਚਿਹਰਾ ਢੱਕ ਕੇ ਖ਼ਬਰਾਂ ਪੜ੍ਹਨ ਦੀ ਕੋਈ ਤੁਕ ਨਹੀਂ ਹੈ। ਇਹ ਸਮਝ ਤੋਂ ਬਾਹਰ ਹੈ।
ਔਰਤ ਪੱਤਰਕਾਰਾਂ ਦਾ ਸਵਾਲ ਹੈ ਕਿ ਕੀ ਉਹ ਇਸਤ੍ਰੀ ਅਧਿਕਾਰਾਂ ਦੇ, ਦੁਨੀਆਂ ਦੇ ਸੱਭ ਤੋਂ ਗੰਭੀਰ ਤੇ ਗਹਿਰੇ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ? ਪਰੰਤੂ ਤਾਲਿਬਾਨ ਟੱਸ ਤੋਂ ਮੱਸ ਹੋਣ ਲਈ ਤਿਆਰ ਨਹੀਂ ਹੈ। ਬਹੁਤ ਸਾਰੀਆਂ ਇਸਤ੍ਰੀ ਨਿਊਜ਼ ਰੀਡਰਾਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਚਿਹਰਾ ਢੱਕ ਕੇ ਖ਼ਬਰਾਂ ਨਹੀਂ ਪੜ੍ਹ ਸਕਦੀਆਂ। ਚਿਹਰੇ ‘ਤੇ ਕੱਪੜਾ ਲਪੇਟ ਕੇ ਉਹ ਘੰਟਿਆਂ ਤੱਕ ਡਿਊਟੀ ਨਹੀਂ ਨਿਭਾ ਸਕਦੀਆਂ। ਮਾਸਕ ਜਾਂ ਕੱਪੜਾ ਬੋਲਣ ਅਤੇ ਸਾਹ ਲੈਣ ਦੀ ਪ੍ਰਕਿਰਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦਾ ਹੈ। ਇਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਅਸੀਂ ਇਸ ਸਭ ਲਈ ਮਾਨਸਿਕ ਤੌਰ ‘ਤੇ ਤਿਆਰ ਨਹੀਂ ਹਾਂ ਕਿ ਕੋਈ ਸਾਨੂੰ ਮੂੰਹ ਢੱਕਣ ਲਈ ਮਜ਼ਬੂਰ ਕਰੇ। ਉਹ ਪ੍ਰੈਸ ਨੋਟ ਜਾਰੀ ਕਰਕੇ ਆਪਣੀਆਂ ਨੌਕਰੀਆਂ ਦੀ ਸੁਰੱਖਿਆ ਪ੍ਰਤੀ ਸ਼ੰਕੇ ਪ੍ਰਗਟ ਕਰ ਰਹੀਆਂ ਹਨ। ਬਹੁਤ ਸਾਰੀਆਂ ਲੜਕੀਆਂ ਪਹਿਲਾਂ ਹੀ ਆਪਣੀ ਨੌਕਰੀ ਗਵਾ ਚੁੱਕੀਆਂ ਹਨ। ਅੱਧੇ ਤੋਂ ਵੱਧ ਔਰਤ ਪੱਤਰਕਾਰਾਂ ਦਾ ਕਰੀਅਰ ਬਰਬਾਦ ਹੋ ਚੁੱਕਾ ਹੈ।
ਬਹੁਤ ਸਾਰੇ ਟੈਲੀਵਿਜ਼ਨ ਪ੍ਰੋਗਰਾਮ, ਐਂਕਰ ਜਾਂ ਮਾਹਿਰ ਦੀ ਵਜ੍ਹਾ ਕਾਰਨ ਰੱਦ ਕਰਨੇ ਪੈਂਦੇ ਹਨ। ਚਿਹਰਾ ਢੱਕਣ ਵਾਲਾ ਮੁੱਦਾ ਰੁਕਾਵਟ ਬਣ ਜਾਂਦਾ ਹੈ। ਵਿਰੋਧ ਕਰਦੇ ਸਮੇਂ ਬਹੁਤੇ ਐਂਕਰ ਆਪਣੀ ਪਛਾਣ ਉਜਾਗਰ ਨਹੀਂ ਕਰਨੀ ਚਾਹੁੰਦੇ।
ਬਹੁਤਿਆਂ ਦਾ ਕਹਿਣਾ ਹੈ ਕਿ ਟੈਲੀਵਿਜ਼ਨ ‘ਤੇ ਚਿਹਰਾ ਢੱਕ ਕੇ ਖ਼ਬਰਾਂ ਪੜ੍ਹਨਾ ਬੇਹੱਦ ਮੁਸ਼ਕਲ ਅਤੇ ਤਕਲੀਫ਼ਦਾਇਕ ਹੈ। ਇਕ ਨਿਊਜ਼ ਰੀਡਰ ਨੇ ਕਿਹਾ ਕਿ ਇਹ ਇਵੇਂ ਹੈ ਜਿਵੇਂ ਮੇਰਾ ਗਲਾ ਕਿਸੇ ਨੇ ਦਬਾਇਆ ਹੋਵੇ ਅਤੇ ਮੈਂ ਬੋਲ ਨਾ ਸਕਦਾ ਹੋਵਾਂ। ਫਿਰ ਵੀ ਉਨ੍ਹਾਂ ਕਿਹਾ ਅਸੀਂ ਓਨੀ ਦੇਰ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ ਜਦ ਤੱਕ ਤਾਲਿਬਾਨ ਇਸ ‘ਤੇ ਪੁਨਰ-ਵਿਚਾਰ ਨਹੀਂ ਕਰਦੇ। ਸਾਰੇ ਮਰਦ ਨਿਊਜ਼ ਰੀਡਰ ਔਰਤਾਂ ਦੀ ਹਮਾਇਤ ਵਿਚ ਮਾਸਕ ਲਾ ਕੇ ਖ਼ਬਰਾਂ ਪੜ੍ਹ ਰਹੇ ਹਨ। ਇਹ ਆਪਸੀ ਏਕੇ ਤੇ ਹਮਦਰਦੀ ਦੀ ਇਕ ਅਨੂਠੀ ਉਦਾਹਰਨ ਹੈ ਕਿਉਂਕਿ ਵਧੇਰੇ ਕਰਕੇ ਵਿਰੋਧ ਜਾਂ ਰੋਸ ਔਰਤਾਂ ਵੱਲੋਂ ਹੀ ਪ੍ਰਗਟਾਇਆ ਜਾ ਰਿਹਾ ਹੈ।
ਇਕ ਨਿਊਜ਼ ਰੀਡਰ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਿਹਾ- ਇਹ ਸੱਭ ਸਾਨੂੰ ਕਿਧਰ ਲੈ ਜਾਵੇਗਾ? ਸਾਰਾ ਮੁਲਕ ਬੁਰਕੇ ਅੰਦਰ ਬੰਦ ਹੈ। ਅਸੀਂ ਆਪਣੇ ਗੁੱਸੇ ਤੇ ਜਜ਼ਬਾਤਾਂ ਨੂੰ ਕਿੱਥੇ ਛੁਪਾ ਲਈਏ?
ਇਕ ਹੋਰ ਨਿਊਜ਼ ਰੀਡਰ ਨੇ ਕਿਹਾ ਅਸੀਂ ਨੌਕਰੀ ਛੱਡ ਕੇ ਨਹੀਂ ਭੱਜਾਂਗੇ ਕਿਉਂਕਿ ਅਸੀਂ ਉਨ੍ਹਾਂ ਬੇਅਵਾਜ਼ਿਆਂ ਦੀ ਆਵਾਜ਼ ਹਾਂ ਜਿਨ੍ਹਾਂ ਨੂੰ ਸਕੂਲ, ਕਾਲਜ ਜਾਣ ਦੀ ਆਗਿਆ ਨਹੀਂ ਹੈ। ਜਿਹੜੇ ਆਪਣੇ ਕੰਮ ‘ਤੇ ਨਹੀਂ ਜਾ ਸਕਦੇ।
ਅਜੀਬ ਸਥਿਤੀ ਬਣ ਗਈ ਹੈ। ਟੈਲੀਵਿਜ਼ਨ ‘ਤੇ ਖ਼ਬਰਾਂ ਪੜ੍ਹਨੀਆਂ ਹਨ ਅਤੇ ਪੜ੍ਹਨੀਆਂ ਚਿਹਰਾ ਢੱਕ ਕੇ ਹਨ। ਅਜਿਹਾ ਇਸ ਧਰਤੀ ‘ਤੇ ਕੇਵਲ ਅਫ਼ਗਾਨਸਤਾਨ ਵਿਚ ਵੇਖਿਆ ਜਾ ਸਕਦਾ ਹੈ। ਨਿਊਜ਼ ਐਂਕਰ ਪ੍ਰੇਸ਼ਾਨ ਹਨ। ਸਿਰ ਫੜ੍ਹ ਕੇ ਬੈਠ ਜਾਂਦੀਆਂ ਹਨ।
ਬੀਤੇ ਸ਼ਨਿਚਰਵਾਰ ਇਹ ਫਰਮਾਨ ਜਾਰੀ ਹੋਇਆ ਸੀ। ਪਹਿਲੇ ਦਿਨ ਇਸਦਾ ਵਿਰੋਧ ਹੋਇਆ ਪਰੰਤੂ ਐਤਵਾਰ ਤੋ ਫ਼ਰਮਾਨ ਇਨਬਿਨ ਲਾਗੂ ਹੋ ਗਿਆ ਕਿਉਂਕਿ ਚੈਨਲਾਂ ‘ਤੇ ਦਬਾਅ ਵਧ ਰਿਹਾ ਸੀ ਕਿ ਜਿਹੜੀ ਨਿਊਜ਼ ਰੀਡਰ ਚਿਹਰਾ ਢੱਕਣ ਲਈ ਸਹਿਮਤ ਨਹੀਂ ਉਸਨੂੰ ਕੋਈ ਹੋਰ ਕੰਮ ਦੇ ਦਿੱਤਾ ਜਾਵੇ।
1996 ਤੋਂ 2001 ਤੱਕ ਵੀ ਤਾਲਿਬਾਨ ਦੀ ਸਰਕਾਰ ਸੀ। ਉਦੋਂ ਵੀ ਅਜਿਹੀਆਂ ਸਖ਼ਤੀਆਂ ਸਨ ਪਰੰਤੂ ਹੁਣ ਜਦ ਅਮਰੀਕਾ ਦੀਆਂ ਫੌਜਾਂ ਅਫ਼ਗਾਨਸਤਾਨ ‘ਚੋਂ ਗਈਆਂ ਤਾਂ ਤਾਲਿਬਾਨ ਕਹਿ ਰਹੇ ਸਨ ਕਿ ਉਹ ਆਪਣੀ ਪਿਛਾਂਹ-ਖਿਚੂ ਸੋਚ ਤਿਆਗ ਦੇਣਗੇ। ਇਕ ਸਾਲ ਬੀਤ ਗਿਆ ਹੈ। ਸਖਤੀਆਂ ਵਧਦੀਆਂ ਹੀ ਜਾ ਰਹੀਆਂ ਹਨ। ਚਿਹਰਾ ਢੱਕ ਕੇ ਟੀ.ਵੀ. ‘ਤੇ ਖ਼ਬਰਾਂ ਪੜ੍ਹਨੀਆਂ, ਮੀਡੀਆ ‘ਤੇ ਸਖ਼ਤੀਆਂ ਦਾ ਸਿਖ਼ਰ ਹੈ।

(ਪ੍ਰੋ. ਕੁਲਬੀਰ ਸਿੰਘ)
+91 9417153513

Install Punjabi Akhbar App

Install
×