ਚਿੱਠੀ ਵਿਦੇਸ਼ ਮੰਤਰੀ ਨੂੰ -10 ਪਰਿਵਾਰਾਂ ਦੀ ਜ਼ਿੰਮੇਵਾਰੀ ਸਾਡੀ

ਸਾਬਕਾ ਸਾਂਸਦ ਕੰਵਲਜੀਤ ਸਿੰਘ ਬਖਸ਼ੀ ਨੇ ਵਿਦੇਸ਼ ਮੰਤਰੀ ਦਾ ਧਿਆਨ ਅਫਗਾਨੀ ਸਿੱਖਾਂ ਤੇ ਹਿੰਦੂਆਂ ਵੱਲ ਦਿਵਾਇਆ

18 ਅਗਸਤ ਨੂੰ ਪ੍ਰਧਾਨ ਮੰਤਰੀ ਦਫਤਰ ਨੂੰ ਵੀ ਲਿਖੀ ਸੀ ਖੁੱਲ੍ਹੀ ਚਿੱਠੀ

ਔਕਲੈਂਡ :- ਨਿਊਜ਼ੀਲੈਂਡ ਦੇ ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਅਫਗਾਨਿਸਤਾਨ ਦੇ ਵਿਚ ਰਹਿ ਰਹੇ ਹਿੰਦੂਆਂ-ਸਿੱਖਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸੁਰੱਖਿਅਤ ਉਥੋਂ ਬਾਹਰੀ ਮੁਲਕਾਂ ਦੇ ਵਿਚ ਸ਼ਰਨਾਰਥ ਪ੍ਰਕ੍ਰਿਆ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆ ਰਹੇ ਹਨ। ਉਂਝ ਤਾਂ ਹਰ ਇਨਸਾਨੀਅਤ ਪਸੰਦ ਵਿਅਕਤੀ ਉਥੇ ਵਸੇ ਸਾਰੇ ਲੋਕਾਂ ਦੇ ਭਵਿੱਖ ਲਈ ਫਿਕਰਮੰਦ ਹੈ ਪਰ ਫਿਰ ਵੀ ਵੱਖ-ਵੱਖ ਕੌਮਾਂ ਦੇ ਦੇਸ਼-ਵਿਦੇਸ਼ ਵਸਦੇ ਪ੍ਰਤੀਨਿਧ ਕਾਨੂੰਨੀ ਵਿਵਸਥਾ ਅਨੁਸਾਰ ਕੋਸ਼ਿਸ਼ ਕਰਦੇ ਹਨ ਉਨ੍ਹਾਂ ਦੀ ਕੌਮੀਅਤ ਨਾਲ ਸਬੰਧ ਰੱਖਦੇ ਕੁਝ ਲੋਕ ਵਿਦੇਸ਼ਾਂ ਦੇ ਵਿਚ ਜ਼ਰੂਰ ਮਾਨਵਤਾ ਦੇ ਅਧਾਰ ਉਤੇ ਸੈਟਲ ਕਰਵਾ ਸਕਣ।
ਵਿਦੇਸ਼ ਮੰਤਰਾਲੇ ਨੂੰ ਚਿੱਠੀ: ਇਸੇ ਸੰਦਰਭ ਦੇ ਵਿਚ ਨਿਊਜ਼ੀਲੈਂਡ ਦੇ 12 ਸਾਲ ਸਾਂਸਦ (ਲਿਸਟ ਐਮ. ਪੀ.) ਰਹੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਪਹਿਲਾਂ 18 ਅਗਸਤ 2021 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਸੀ। ਇਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਸਕਾਰਾਤਮਕ ਉਤਰ ਵੀ ਦਿੱਤਾ ਸੀ। ਬੀਤੇ ਕੱਲ੍ਹ ਦੇਸ਼ ਦੀ ਵਿਦੇਸ਼ ਮੰਤਰੀ ਨੇ ਇਕ ਟੀ.ਵੀ. ਮੁਲਾਕਤ ਵਿਚ ਅਫਗਾਨਿਸਤਾ ਦੀ ਦਸ਼ਾ ਉਤੇ ਆਪਣੇ ਵਿਚਾਰ ਰੱਖੇ ਸਨ ਤੇ ਸ਼ਰਨਾਰਥੀ ਲੋਕਾਂ ਲਈ ਵਿਚਾਰ ਰੱਖੇ ਸਨ। ਹੁਣ ਦੁਬਾਰਾ ਇਸ ਵਿਸ਼ੇ ਨੂੰ ਹਲੂਣਾ ਦਿੰਦਿਆ ਸ. ਕੰਵਲਜੀਤ ਸਿੰਘ ਬਖਸ਼ੀ ਨੇ ਦੇਸ਼ ਦੀ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਮਾਣਯੋਗ ਨਾਨਾਇਆ ਮਾਹੂਤਾ ਨੂੰ ਇਕ ਹੋਰ ਚਿੱਠੀ ਲਿਖੀ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ‘‘ਆਪ ਜੀ ਜਾਣਦੇ ਹੀ ਹੋ ਕਿ ਅਫਗਾਨਿਤਾਨ ਦੇ ਵਿਚ ਘੱਟ ਗਿਣਤੀ ਲੋਕ ਬਹੁਤ ਹੀ ਨਿਰਾਸ਼ਾ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਬਹੁਤ ਹੀ ਚੁਣੌਤੀਆਂ ਨਾਲ ਜੂਝ ਰਹੇ ਹਨ। ਉਥੇ ਹੁਣ ਨਵੀਂ ਸਲਤਨਤ ਸਥਾਪਿਤ ਹੋ ਚੁੱਕੀ ਹੈ, ਘੱਟ ਗਿਣਤੀ ਵਾਲੇ ਉਥੋਂ ਜਿੰਨੀ ਛੇਤੀਂ ਹੋ ਸਕੇ ਪਲਾਇਣ ਕਰਨ ਦੀ ਸੋਚ ਰਹੇ ਹਨ। ਮੇਰੇ ਸੰਸਦ ਮੈਂਬਰ ਦੇ ਰੋਲ ਵਜੋਂ ਮੈਂ ਇਨ੍ਹਾਂ ਮੁਲਕਾਂ ਦੇ ਵਿਚ ਰਹਿੰਦੀ ਘੱਟ ਗਿਣਤੀ ਨੇਤਾਵਾਂ ਦੇ ਨਾਲ ਚੰਗੇ ਸਬੰਧ ਬਣਾਏ ਸਨ, ਉਹ ਮੇਰੇ ਨਾਲ ਹੁਣ ਵੀ ਸੰਪਰਕ ਵਿਚ ਹਨ ਅਤੇ ਉਥੇ ਦੀ ਸਰਕਾਰ ਬਦਲਣ ਬਾਅਦ ਦੇ ਹਾਲਾਤਾਂ ਨੂੰ ਬਿਆਨ ਕਰਦੇ ਹਨ। ਜਿਵੇਂ ਤੁਸੀਂ ਕੱਲ੍ਹ ਟੀ.ਵੀ. ਵੱਨ ਉਤੇ ਇਕ ਮੁਲਾਕਾਤ ਦੇ ਵਿਚ ਕਿਹਾ ਹੈ ਕਿ ਨਿਊਜ਼ੀਲੈਂਡ ਸਰਕਾਰ ਅਫਗਾਨਿਸਤਾਨ ਦੇ ਨਾਗਰਿਕਾਂ ਦੀ ਇਥੇ ਆਮਦ ਪ੍ਰਤੀ ਸੰਜੀਦਾ ਹੈ ਅਤੇ ਵਿਚਾਰ ਕਰ ਰਿਹਾ ਹੈ। ਇਸ ਸਬੰਧ ਦੇ ਵਿਚ ਮੈਂ ਬੇਨਤੀ ਕਰਦਾ ਹਾਂ ਕਿ ਇਸ ਗੇੜ ਦੇ ਵਿਚ ਘੱਟੋ-ਘੱਟ 10 ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਜਰੂਰ ‘ਕਮਿਊਨਿਟੀ ਸਪਾਂਸਰਡ ਰਿਫਿਊਜ਼ੀ ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ ਇਥੇ ਆਉਣ ਦੀ ਆਗਿਆ ਦਿੱਤੀ ਜਾਵੇ। ਸਾਡੀ ਕਮਿਊਨਿਟੀ ਇਨ੍ਹਾਂ 10 ਪਰਿਵਾਰਾਂ ਦਾ ਪਹਿਲੇ ਦੋ ਸਾਲ ਤੱਕ ਸਾਰਾ ਖਰਚ ਚੁੱਕੇਗੀ, ਉਨ੍ਹਾਂ ਦੀ ਦੇਖ-ਭਾਲ ਕਰੇਗੀ ਅਤੇ ਦੇਸ਼ ਦੇ ਟੈਕਸ ਦਾਤਾਵਾਂ ਦਾ ਕੋਈ ਪੈਸਾ ਇਨ੍ਹਾਂ ਉਤੇ ਖਰਚ ਨਹੀਂ ਆਵੇਗਾ। ਮੈਂ ਆਸ ਕਰਦਾ ਹਾਂ ਕਿ ਤੁਸੀਂ ਉਨ੍ਹਾਂ ਦੇ ਅਨੁਕੂਲ ਸੋਚੋਗੇ।’’

Welcome to Punjabi Akhbar

Install Punjabi Akhbar
×