ਪੋਰਟਲੈਂਡ ( ਅੋਰੀਗਨ ) 12 ਜੁਲਾਈ – ਪਿਛਲੇ ਕਾਫੀ ਦਿਨਾਂ ਤੋਂ ਸਥਾਨਕ ਸ਼ੇਰੀਦਨ ਜੇਲ ਵਿਚ ਨਜ਼ਰਬੰਦ ਭਾਰਤੀਆਂ ਨੂੰ ਹਰ ਕਾਨੂੰਨੀ ਸਹਾਇਤਾ ਦਿਵਾਉਣ ਲਈ ਉੱਘੇ ਸਿੱਖ ਆਗੂ ਸ: ਬਹਾਦਰ ਸਿੰਘ ਦੀ ਅਗਵਾਈ ਵਿਚ ਸੰਘਰਸ਼ ਕਰ ਰਹੀ ਸੰਸਥਾ ‘ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ’ (ਨਾਪਾ) ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦ ਜੇਲ ਅਧਿਕਾਰੀਆਂ ਨੇ ਜੇਲ ਵਿਚ ਨਜ਼ਰਬੰਦ ਪੰਜਾਬੀਆਂ ਤੇ ਗੈਰ-ਪੰਜਾਬੀ ਭਾਰਤੀਆਂ ਨਾਲ ਉਨ੍ਹਾਂ ਦੇ ਵਕੀਲਾਂ ਨੂੰ ਮਿਲਣ ਜਾਂ ਕੇਸ ਦਰਜ ਕਰਨ ਦੀ ਆਗਿਆ ਦੇ ਦਿੱਤੀ ਗਈ। ਇਸ ਦੇ ਨਾਲ ਹੀ ਇਨ੍ਹਾਂ ਸਾਰੇ ਹੀ ਨਜ਼ਰਬੰਦ ਭਾਰਤੀਆਂ ਨੂੰ ਕਾਨੂੰਨ ਅਨੁਸਾਰ ਮਿਲਣ ਵਾਲੀਆਂ ਹੋਰ ਸਾਰੀਆਂ ਸਹੂਲਤਾਂ ਦੇਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।ਇਸ ਮੌਕੇ ਤੇ ਜੇਲ ਦੇ ਬਾਹਰ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕਾਂ ਦੇ ਪ੍ਰਤੀਨਿਧਾਂ ਦੇ ਇਕ ਇੱਕਠ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਲੂਥਰਨ ਚਰਚ ਅਤੇ ਔਰੀਗਨ ਦੇ ਵੱਖ-ਵੱਖ ਧਰਮਾਂ ਦੇ ਲੋਕ ਸ਼ਾਮਲ ਹੋਏ। ਇਸ ਮੌਕੇ ਸਾਰੇ ਧਰਮਾਂ ਨੇ ਪ੍ਰਾਰਥਨਾਵਾਂ ਕੀਤੀਆਂ ਅਤੇ ਸਿੱਖਾਂ ਨੇ ਕੀਰਤਨ ਅਤੇ ਅਰਦਾਸ ਕੀਤੀ। ਸ: ਬਹਾਦਰ ਸਿੰਘ ਨੇ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਵਕੀਲਾਂ ਨੂੰ ਕੈਦੀਆਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲਣ ਕਰਕੇ ਵਕੀਲ ਸਬੰਧਤ ਕੈਦੀਆਂ ਕੋਲੋਂ ਅਰਜ਼ੀਆਂ ਅਦਾਲਤ ਵਿਚ ਦਾਖਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ ਦਰਖਾਸਤਾਂ ‘ਤੇ ਜਲਦੀ ਹੀ ਜੱਜ ਇਨ੍ਹਾਂ ਕੈਦੀਆਂ ਦੀ ਸੁਣਵਾਈ ਸ਼ੁਰੂ ਕਰਨਗੇ। ਸ: ਬਹਾਦਰ ਸਿੰਘ ਨੇ ਇਹ ਵੀ ਦੱਸਿਆ ਕਿ ‘ਗੁਰਦੁਆਰਾ ਦਸਮੇਸ਼ ਦਰਬਾਰ ਸੇਲਮ’ ਸਾਹਿਬ ਦੇ ਤਿੰਨ ਸਿੰਘਾਂ ਵਲੋਂ ਜੇਲ ਅੰਦਰ ਜਾਣ ਵਾਸਤੇ ਵੀ ਅਰਜ਼ੀ ਪਾਈ ਗਈ ਹੈ ਤਾਂ ਕਿ ਉਨ੍ਹਾਂ ਨੂੰ ਜੇਲ ਵਿੱਚ ਜਾ ਕੇ ਸਿੱਖ ਕੈਦੀਆਂ ਨੂੰ ਪਾਠ ਸੁਣਾਉਣ ਅਤੇ ਅਰਦਾਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਦੇ ਨਾਲ ਹੀ ਸਿੱਖ ਕੈਦੀਆਂ ਲਈ ਜੇਲ ਵਿੱਚ ਗੁਟਕਾ ਸਾਹਿਬ ਅਤੇ ਸਿਰ ਢੱਕਣ ਲਈੇ ਛੋਟੀ ਦਸਤਾਰ ਰੱਖਣ ਦੀ ਇਜਾਜ਼ਤ ਵੀ ਮੰਗੀ ਗਈ ਹੈ। ਇਸ ਮੌਕੇ ਸਿੱਖ ਸੇਵਾ ਫਾਊਂਡੇਸ਼ਨ ਦੇ ਪ੍ਰਤੀਨਧਾਂ ਤੋਂ ਇਲਾਵਾ ਪ੍ਰਵਿੰਦਰ ਕੌਰ, ਸੋਨੀ ਸਿੰਘ, ਅਮ੍ਰਿਤ ਸਿੰਘ, ਦਲਬੀਰ ਸਿੰਘ, ਰਿੰਪੀ ਸਿੰਘ, ਤਲਿਵੰਦਰ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਕੌਰ, ਨਵਨੀਤ ਕੌਰ, ਜਗਤਾਰ ਸਿੰਘ ਅਤੇ ਗੁਰਪ੍ਰੀਤ ਕੌਰ ਆਦਿ ਵੀ ਸ਼ਾਮਲ ਹੋਏ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਜੇਲ ਵਿਚ ਪਿਛਲੇ ਕਾਫੀ ਦਿਨਾਂ ਤੋਂ ਜਿੱਥੇ 40 ਦੇ ਕਰੀਬ ਪੰਜਾਬੀ ਨਜ਼ਰਬੰਦ ਹਨ, ਉੱਥੇ 15 ਗੈਰ-ਪੰਜਾਬੀ ਭਾਰਤੀ ਵੀ ਹਨ।