ਨਿਊਜ਼ੀਲੈਂਡ ਦੇ ਵਿਚ ਤਕਰੀਬਨ 5-6 ਮਹੀਨੇ ਪਹਿਲਾਂ ਤਾਂਤਰਿਕਾਂ, ਢੌਂਗੀ ਡਾਕਟਰਾਂ ਅਤੇ ਜੋਤਿਸ਼ੀਆਂ ਦੇ ਵੱਖ-ਵੱਖ ਅਖਬਾਰਾਂ ਦੇ ਵਿਚ ਇਸ਼ਤਿਹਾਰ ਛਪਦੇ ਰਹੇ ਹਨ ਅਤੇ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਕੁਝ ਭੋਲੇ-ਭਾਲੇ ਲੋਕਾਂ ਨੇ ਹਜ਼ਾਰਾਂ ਡਾਲਰ ਬਰਬਾਦ ਕੀਤੇ ਹਨ। ਇਸ ਸਬੰਧੀ ਸ਼ਿਕਾਇਤਾਂ ‘ਐਡਰਵਾਈਜਿੰਗ ਸਟੈਂਡਰਡ ਅਥਾਰਟੀ’ (ਏ. ਐਸ.ਏ.) ਨੂੰ ਗਈਆਂ ਹੋਈਆਂ ਸਨ। ਏ. ਐਸ. ਏ. ਨੇ ਅਜਿਹੀਆਂ ਸ਼ਿਕਾਇਤਾਂ ਦਾ ਸਮਰਥਨ ਕੀਤਾ ਹੈ ਅਤੇ ਇਕ ਭਾਰਤੀ ਇੰਗਲਿਸ਼ ਅਖਬਾਰ ਵੱਲੋਂ ਪ੍ਰਕਾਸ਼ਿਤ ਅਜਿਹੇ ਇਸ਼ਤਿਹਾਰਾਂ ਦਾ ਨੋਟਿਸ ਲਿਆ ਹੈ। ਅਥਾਰਟੀ ਮੁਤਾਬਿਕ ਅਖਬਾਰ ਨੇ ਸੱਤ ਇਸ਼ਤਿਹਾਰੀ ਮਾਪਦੰਢਾਂ ਦੀ ਉਲੰਘਣਾ ਕੀਤੀ ਹੈ। ਜਦੋਂ ਇਥੇ ਦੇ ਰਾਸ਼ਟਰੀ ਮੀਡੀਏ ਦੇ ਵਿਚ ਡੌਂਗੀ ਡਾਕਟਰਾਂ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਤਾਂ ਉਨ੍ਹਾਂ ਵਿਚੋਂ ਕੁਝ ਦੇਸ਼ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਏ। ਇਕ ਗਾਹਕ ਕੋਲੋਂ ਤਾਂ ਢੋਂਗੀ ਤਾਂਤਰਿਕ ਵੱਲੋਂ 16000 ਡਾਲਰ ਤੱਕ ਦਾ ਚੂਨਾ ਲਗਾਇਆ ਗਿਆ ਸੀ।