ਕੋਰੋਨਾ ਵਾਇਰਸ ਵਿਰੁਧ ਜੰਗ : ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਖਰੜ ਦੇ ਸਮੁੱਚੇ ਪ੍ਰਸ਼ਾਸਨ ਦਾ ਧੰਨਵਾਦ

ਐਸ.ਡੀ.ਐਮ ਦਫ਼ਤਰ ਪਹੁੰਚ ਕੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਕੀਤੀ ਭਰਪੂਰ ਸ਼ਲਾਘਾ

ਨਿਊਯਾਰਕ /ਖਰੜ, 12 ਜੂਨ — ਹਲਕਾ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਅੱਜ ਸਥਾਨਕ ਐਸ.ਡੀ.ਐਮ. ਦਫ਼ਤਰ ਵਿਖੇ ਉੁਚੇਚੇ ਤੌਰ ‘ਤੇ ਪਹੁੰਚ ਕੇ ਕੋਰੋਨਾ ਵਾਇਰਸ ਵਿਰੁਧ ਲੜਾਈ ਲੜ ਰਹੇ ਤਮਾਮ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦਾ ਧਨਵਾਦ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪ੍ਰਸ਼ਾਸਨ ਅਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ ਇਸ ਮਾਰੂ ਬੀਮਾਰੀ ਨੂੰ ਬਹੁਤ ਛੇਤੀ ਕਾਬੂ ਹੇਠ ਲਿਆਂਦਾ ਜਾਵੇਗਾ। ਸ੍ਰੀ ਤਿਵਾੜੀ ਨੇ ਕਿਹਾ, ‘ਖਰੜ ਇਲਾਕੇ ਵਿਚ ਇਸ ਬੀਮਾਰੀ ਦੇ ਬਹੁਤ ਘੱਟ ਕੇਸ ਸਾਹਮਣੇ ਆਉਣ ਦਾ ਸਿਹਰਾ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਤਮਾਮ ਮੁਲਾਜ਼ਮਾਂ ਨੂੰ ਜਾਂਦਾ ਹੈ ਜਿਹੜਾ ਇਸ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ‘ਚ ਦਿਨ ਰਾਤ ਜੁਟਿਆ ਹੋਇਆ ਹੈ।ਉਹਨਾਂ  ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰਾਂ  ਪਾਲਣਾ ਕੀਤੇ ਜਾਣ ਸਦਕਾ ਹਲਕੇ ਵਿਚ ਸਥਿਤੀ ਪੂਰੀ ਤਰਾਂ  ਕੰਟਰੋਲ ਹੇਠ ਹੈ। ਉਹਨਾਂ  ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭਰੋਸਾ ਦਿਤਾ ਕਿ ਉਹ ਇਸ ਮਹਾਂਮਾਰੀ ਵਿਰੁੱਧ  ਜੰਗ ਵਿਚ ਅੱਗੇ ਵੀ ਹਰ ਤਰਾਂ  ਦਾ ਸਹਿਯੋਗ ਦੇਣ ਲਈ ਤਿਆਰ ਹਨ ਅਤੇ ਉਹ ਉਹਨਾਂ ਨਾਲ ਕਿਸੇ ਵੀ ਤਰਾਂ ਦੀ ਮਦਦ ਲਈ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹਨ। ਸ੍ਰੀ ਤਿਵਾੜੀ ਨੇ ਕਿਹਾ ਕਿ ਅੱਜ ਜਦੋਂ ਦੇਸ਼-ਦੁਨੀਆਂ ਵਿਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ ਅਤੇ ਦੇਸ਼ ਦੇ ਕਈ ਸੂਬਿਆਂ ਵਿਚ ਹਾਲਾਤ ਬੇਹੱਦ ਖ਼ਰਾਬ ਹਨ ਤਾਂ ਪੰਜਾਬ ਸਰਕਾਰ ਦੇ ਸਮਾਂਬੱਧ ਅਤੇ ਉਸਾਰੂ ਯਤਨਾਂ ਸਦਕਾ ਸੂਬੇ ਵਿਚ ਇਸ ਬੀਮਾਰੀ ਨੂੰ ਕਾਫ਼ੀ ਹੱਦ ਤਕ ਠੱਲ• ਪਾਈ ਗਈ ਹੈ ਅਤੇ ਹੋਰਾਂ ਸੂਬਿਆਂ ਦੇ ਮੁਕਾਬਲੇ ਇਥੇ ਪਾਜ਼ੇਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਕਾਫ਼ੀ ਘੱਟ ਹੈ। ਉਹਨਾਂ ਕਿਹਾ ਕਿ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਦੇ ਮਾਮਲੇ ਵਿਚ ਵੀ ਪੰਜਾਬ ਹੋਰਨਾਂ ਸੂਬਿਆਂ ਨਾਲੋਂ ਅੱਗੇ ਹੈ ਜਿਸ ਲਈ ਸਿਹਤ ਵਿਭਾਗ, ਪੁਲਿਸ ਵਿਭਾਗ ਸਮੇਤ ਸਮੁੱਚਾ ਪ੍ਰਸ਼ਾਸਨਿਕ ਅਮਲਾ ਸ਼ਲਾਘਾ ਦਾ ਹੱਕਦਾਰ ਹੈ।  ਸੀਨੀਅਰ ਕਾਂਗਰਸ ਆਗੂ ਸ੍ਰੀ ਮੁਨੀਸ਼ ਤਿਵਾੜੀ ਨੇ ‘ਕੋਰੋਨਾ ਵਾਇਰਸ’ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਚੌਕਸ ਵੀ ਕੀਤਾ। ਉਹਨਾਂ ਕਿਹਾ ਕਿ ਇਸ ਮਾਰੂ ਬੀਮਾਰੀ ਦਾ ਖ਼ਤਰਾ ਹਾਲੇ ਵੀ ਪਹਿਲਾਂ ਵਾਂਗ ਹੀ ਬਰਕਰਾਰ ਹੈ ਅਤੇ ਇਸ ਬੀਮਾਰੀ ਦੇ ਕੇਸ ਮੁੜ ਆਉਣ ਕਾਰਨ ਲੋਕਾਂ ਨੂੰ ਹੋਰ ਵੀ ਜ਼ਿਆਦਾ ਮੁਸਤੈਦ ਅਤੇ ਸਾਵਧਾਨ ਹੋਣ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਹੁਤ ਜ਼ਰੂਰੀ ਕੰਮ ਪੈਣ ‘ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਿਆ ਜਾਵੇ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਪੰਜਾਬ ਐਗਰੋ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਰਵਿੰਦਰ ਪਾਲ ਸਿੰਘ ਪਾਲੀ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਇਨਫ਼ੋਟੈਕ ਪੰਜਾਬ ਦੇ ਸੀਨੀਅਰ ਵਾਇਸ ਚੇਅਰਮੈਨ ਯਾਦਵਿੰਦਰ ਕੰਗ,  ਐਸ.ਡੀ.ਐਮ. ਹਿਮਾਂਸ਼ੂ ਜੈਨ, ਗੁਰਮਿੰਦਰ ਸਿੰਘ ਤਹਿਸੀਲਦਾਰ, ਪੁਨੀਤ ਬਾਂਸਲ ਨਾਇਬ ਤਹਿਸੀਲਦਾਰ, ਡਾ. ਤਰਸੇਮ ਸਿੰਘ ਐਸ.ਐਮ.ਓ, ਈ.ਓ. ਸੰਗੀਤ ਕੁਮਾਰ, ਈਓ ਨਯਾ ਨੰਗਲ ਜਗਦੀਪ ਸਾਹੀ ਅਤੇ ਈਓ ਕੁਰਾਲੀ ਵਰਿੰਦਰ ਜੈਨ, ਹਿਤੇਨ ਕਪਿਲਾ ਬੀਡੀਪੀਓ ਖਰੜ, ਦਿਲਾਵਰ ਕੌਰ ਬੀਡੀਪੀਓ ਮਾਜਰੀ ਆਦਿ ਵੀ ਹਾਜ਼ਰ ਸਨ।
> ਫ਼ੋਟੋ ਕੈਪਸ਼ਨ : ਸੰਸਦ ਮੈਂਬਰ ਮਨੀਸ਼ ਤਿਵਾੜੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬੈਠਕ ਦੌਰਾਨ

Install Punjabi Akhbar App

Install
×