ਐਡੀਲੇਡ ਵਿਖੇ ਸੰਨ 2015 ‘ਚ ਵੱਖੋ-ਵੱਖ ਵਰਗਾ ‘ਚ ਚੰਗੀ ਕਾਰਗੁਜ਼ਾਰੀ ਲਈ ਮਲਟੀ ਕਲਚਰਲ ਗਵਰਨਰ ਐਵਾਰਡਜ਼

160322 governors awards lr

ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਅੱਜ ਸੰਨ 2015 ‘ਚ ਵੱਖੋ-ਵੱਖ ਵਰਗਾ ‘ਚ ਚੰਗੀ ਕਾਰਗੁਜ਼ਾਰੀ ਲਈ ਮਲਟੀ ਕਲਚਰਲ ਗਵਰਨਰ ਐਵਾਰਡਜ਼ ਦਿੱਤੇ ਗਏ। ਜਿਸ ਵਿਚ ਭਾਰਤੀ ਭਾਈਚਾਰੇ ਸਮੇਤ ਵੱਖੋ-ਵੱਖ ਭਾਈਚਾਰਿਆਂ ਦੇ ਤਕਰੀਬਨ ਤਿੰਨ ਕੁ ਸੌ ਪਤਵੰਤਿਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਸ਼ੁਰੂ ‘ਚ ਸਾਊਥ ਆਸਟ੍ਰੇਲੀਆ ਦੇ ਮਾਨਯੋਗ ਗਵਰਨਰ ‘ਹਉ ਵੇਨ ਲੀ’ ਨੇ ਗਵਰਨਰ ਹਾਊਸ ‘ਚ ਆਏ ਮਹਿਮਾਨਾਂ ਦਾ ਜੀ ਆਇਆ ਕਹਿ ਕੇ ਪ੍ਰੋਗਰਾਮ ਦਾ ਰਸਮੀ ਉਦਘਾਟਨ ਕੀਤਾ। ਇਸ ਤੋਂ ਬਾਅਦ ਆਸਟ੍ਰੇਲੀਆ ਦੇ ਮੂਲ ਨਿਵਾਸੀ ‘ਅੰਕਲ ਲੁਈਸ ਵਾਈ ਓ’ਬ੍ਰਾਇਨ’ ਨੇ ਸੰਬੋਧਨ ਕੀਤਾ ਅਤੇ ਤਕਰੀਬਨ ਦੁਨੀਆ ਭਰ ਦੇ ਸੱਤ ਧਰਮਾਂ ਦੇ ਨੁਮਾਇੰਦਿਆਂ ਨੇ ਮਾਣਯੋਗ ‘ਦਾਮੇਨ ਓਟਰਮ’ ਪ੍ਰੈਜ਼ੀਡੈਂਟ ਮਲਟੀਫੇਥ ਦੀ ਅਗਵਾਈ ‘ਚ ਆਪੋ-ਆਪਣੇ ਧਰਮ ਦਾ ਚਿੰਨ੍ਹ ਹੱਥਾਂ ‘ਚ ਫੜ ਕੇ ਸਟੇਜ ਤੇ ਮਾਰਚ ਕੀਤਾ। ਜਿਸ ਵਿਚ ਹਿੰਦੂ ਧਰਮ ਦੇ ਸ੍ਰੀ ਦਲੀਪ ਚੁਰਮਲੇ ਨੇ ਜਿੱਥੇ ਗਣੇਸ਼ ਜੀ ਦੀ ਮੂਰਤੀ ਹੱਥ ‘ਚ ਲੈ ਕੇ ਹਾਜ਼ਰੀ ਲਗਵਾਈ ਉੱਥੇ ਸਿੱਖ ਭਾਈਚਾਰੇ ਵੱਲੋਂ ਬੀਬੀ ਬਲਵੀਰ ਕੌਰ ਨੇ ਆਪਣੇ ਹੱਥ ਵਿਚ  ੴ ਦਾ ਨਿਸ਼ਾਨ ਫੜ ਕੇ ਸਿੱਖ ਧਰਮ ਵੱਲੋਂ ਹਾਜ਼ਰੀ ਲਗਵਾਈ। ਇਸ ਉਪਰੰਤ ਅਰਬੀ, ਮੈਕਸੀਕਿਨ ਅਤੇ ਫਰੈਂਚ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਤੇ ਭਾਈਚਾਰਕ ਸੇਵਾ ਵਰਗ ਵਿਚ ਪਿਛਲੇ 30 ਵਰ੍ਹਿਆਂ ਤੋਂ ਸੇਵਾ ‘ਚ ਲੱਗੀ ‘ਸ਼੍ਰੀਮਤੀ ਸੀਮਾ ਅਚਿੰਤਾ ਕੀਜਹਲ’ ਨੂੰ ਸਾਂਝੇ ਜੇਤੂ ਦੇ ਰੂਪ ‘ਚ ਇਨਾਮ ਦਿੱਤਾ ਗਿਆ। ਇਹਨਾਂ ਤੋਂ ਬਿਨਾਂ ਇਸ ਸਾਲ ਦੀਪਕ ਭਾਰਦਵਾਜ ਅਤੇ ਅੰਕਿਤ ਸੋਂਧੀ ਵੀ ਵੱਖੋ-ਵੱਖ ਵਰਗਾਂ ‘ਚ ਮੁਕਾਬਲੇ ਦੀ ਦੌੜ ਵਿਚ ਸਨ। ਇੱਥੇ ਜ਼ਿਕਰਯੋਗ ਹੈ ਕਿ 2013 ਅਤੇ 2014 ‘ਚ ਲਗਾਤਾਰ ਦੋ ਬਾਰ ਇਹਨਾਂ ਐਵਾਰਡਜ਼ ਵਿਚ ‘ਪੰਜਾਬੀ ਅਖ਼ਬਾਰ’ ਦੇ ਮੁੱਖ ਸੰਪਾਦਕ ਮਿੰਟੂ ਬਰਾੜ ਵੀ ਫਾਈਨਲਲਿਸਟ ਰਹਿ ਚੁੱਕੇ ਹਨ। ਇਸ ਮੌਕੇ ਤੇ ਫਿਲਿੰਡਰਸ ਯੂਨੀਵਰਸਿਟੀ ਦੇ ਰਿਟਾਇਰ ‘ਪ੍ਰੋ. ਜੈਫਰੀ ਨਿਕਲੋਸ’ ਨੇ ਐਡੀਲੇਡ ਦੀਆਂ ਗਲੀਆਂ ਦੇ ਨਾਵਾਂ ਦੇ ਪਿੱਛੇ ਦੀ ਕਹਾਣੀ ਬਿਆਨਦੀ ਆਪਣੀ ਤਿੰਨ ਭਾਗਾ ‘ਚ ਆ ਰਹੀ ਕਿਤਾਬ ‘ਦਾ ਸਟ੍ਰੀਟ ਆਫ਼ ਐਡੀਲੇਡ’ ਬਾਰੇ ਵਿਸਤਾਰ ‘ਚ ਸਲਾਈਡ ਸ਼ੋਅ ਰਾਹੀਂ ਦੱਸ ਕੇ ਆਏ ਮਹਿਮਾਨਾਂ ਨੂੰ ਸਾਊਥ ਆਸਟ੍ਰੇਲੀਆ ਦੇ ਅਮੀਰ ਪਿਛੋਕੜ ਤੋਂ ਜਾਣੂ ਕਰਵਾਇਆ। ਇਸ ਮੌਕੇ ਤੇ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਣਯੋਗ ‘ਜੈ ਵੈਦਰਲ’, ਮਲਟੀ ਕਲਚਰਲ ਮੰਤਰੀ ‘ਜੋਏ ਬੈਟੀਸਨ’, ਅੱਪਰ ਹਾਊਸ ਦੇ ਪ੍ਰੈਜ਼ੀਡੈਂਟ ਮਾਨਯੋਗ ‘ਰੱਸਲ ਵਾਟਲੇ’, ਮਲਟੀ ਕਲਚਰਲ ਚੇਅਰਪਰਸਨ ‘ਗ੍ਰੇਸ ਪ੍ਰੋਟੋਲੀਸਾ’, ਐਡੀਲੇਡ ਦੇ ਮੇਅਰ ਮਾਨਯੋਗ ‘ਮਾਰਟਿਨ ਹੀਜ਼’, ‘ਰੋਜ਼ਰ ਲੀਨ’ ਡਾਇਰੈਕਟਰ ਮਲਟੀ ਕਲਚਰਲ ਆਦਿ ਮਾਨਯੋਗ ਗਵਰਨਰ ਦੇ ਵਿਸ਼ੇਸ਼ ਸੱਦੇ ਤੇ ਪਹੁੰਚੇ ਹੋਏ ਸਨ। ਭਾਰਤੀ ਭਾਈਚਾਰੇ ਵਿਚੋਂ ਸਾਊਥ ਆਸਟ੍ਰੇਲੀਆ ਦੇ ਪਹਿਲੇ ਸਿੱਖ ਕੌਂਸਲਰ ਸ. ਬਲਦੇਵ ਸਿੰਘ ਧਾਲੀਵਾਲ, ਡਾ. ਕੁਲਦੀਪ ਸਿੰਘ ਚੁੱਘਾ, ਮਿੰਟੂ ਬਰਾੜ,  ਈਆਸਾ (IAASA) ਦੇ ਪਰਧਾਨ ਐਡੀ ਰੈਡੀ, ਰਜਨੀ ਮਦਾਨ ਅਤੇ ਰਿਟਾਇਰ ਲੈਫ਼ਟੀਨੈਂਟ ਵਿਕਰਮ ਮਦਾਨ ਨੇ ਵੀ ਸ਼ਿਰਕਤ ਕੀਤੀ।

Welcome to Punjabi Akhbar

Install Punjabi Akhbar
×
Enable Notifications    OK No thanks