ਸਰਦਾਰ ਹਰੀ ਸਿੰਘ ਨਲੂਆ ਸਪੋਰਟਸ ਕਲੱਬ (ਐਡੀਲੇਡ) ਦੱਖਣੀ ਆਸਟ੍ਰੇਲੀਆ ਵੱਲੋਂ ਕਰਵਾਇਆ ਗਿਆ ਇਤਿਹਾਸਕ ਅਤੇ ਸਭਿਆਚਾਰਕ ਮੇਲਾ

– ‘ਮਾਂ’…. ਹਰ ਬੱਚੇ ਦਾ ਪਹਿਲਾ ਅਤੇ ਮੂਲ ਸਕੂਲ -ਮੇਲੇ ਦਾ ਮੁੱਖ ਸੰਦੇਸ਼

– ਅਲੋਪ ਹੋ ਰਹੇ ਪੰਜਾਬੀ ਸਭਿਆਚਾਰ ਦਾ ਪ੍ਰਦਰਸ਼ਨ

ਦ ਐਲਿੰਗਟਨ ਹਾਲ ਐਡੀਲੇਡ (ਦੱਖਣੀ ਆਸਟ੍ਰੇਲੀਆ) ਵਿਖੇ ਪੰਜਾਬੀ ਨੌਜਵਾਨਾਂ ਵੱਲੋਂ ਸਥਾਪਿਤ ਸ. ਹਰੀ ਸਿੰਘ ਨਲੂਆ ਸਪੋਰਟਸ ਕਲੱਬ ਦੀ ਤਰਫੋਂ ਪੰਜਾਬੀ ਸਭਿਆਚਾਰ ਅਤੇ ਇਤਿਹਾਸ ਨੂੰ ਦਰਸਾਉਂਦਾ ਹੋਇਆ ਇੱਕ ਸਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿੱਚ ਕਿ ਦਸਤਾਰ ਮੁਕਾਬਲਾ, ਤਸਵੀਰ ਪ੍ਰਦਰਸ਼ਨੀ, ਪੁਸਤਕ ਮੇਲਾ, ਅਤੇ ਪੰਜਾਬੀਆਂ ਦੇ ਪਰਵਾਸ ਨਾਲ ਸਬੰਧਤ ਇਤਿਹਾਸ ਅਤੇ ਭਵਿੱਖ ਨੂੰ ਦਰਸਾਉਂਦਾ ਸੈਮੀਨਾਰ ਵੀ ਕਰਵਾਇਆ ਗਿਆ ਅਤੇ ਇਸ ਸੈਮੀਨਾਰ ਵਿੱਚ ਐਡੀਲੇਡ ਤੋਂ ਬੁੱਧੀਜੀਵੀਆਂ (ਪੱਤਰਕਾਰਾਂ, ਲਿਖਾਰੀਆਂ, ਆਦਿ) ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਕੀਮਤੀ ਵਿਚਾਰਾਂ ਆਦਿ ਨਾਲ ਦਰਸ਼ਕਾਂ ਦੇ ਰੂਹ-ਬ-ਰੂਹ ਹੋਏ।
ਇਸ ਮੇਲੇ ਵਿੱਚ ਖਾਸ ਤੌਰ ਤੇ ਇੱਕ ਤਸਵੀਰ ਪ੍ਰਦਰਸ਼ਨੀ ਲਗਾਈ ਗਈ ਜਿਸ ਰਾਹੀਂ ਕਿ ਨਵੀਂ ਪੀੜ੍ਹੀ ਨੂੰ ਪੁਰਾਣਾ ਸਾਂਝਾ ਪੰਜਾਬ, ਇੱਥੋਂ ਦਾ ਰਹਿਣ ਸਹਿਣ, ਸਭਿਆਚਾਰ, ਅਤੇ ਇੱਥੇ ਦੇ ਲੋਕਾਂ ਉਪਰ ਵਾਪਰੀਆਂ ਮੂਲ ਘਟਨਾਵਾਂ ਜਿਨ੍ਹਾਂ ਵਿੱਚ ਕਿ ਸਿੱਖ ਗੁਰੂਆਂ ਅਤੇ ਸਿੱਖਾਂ ਦੀਆਂ ਸ਼ਹਾਦਤਾਂ, 1947 ਦੀ ਵੰਡ ਅਤੇ 1984 ਦੇ ਦੰਗੇ ਆਦਿ ਵੀ ਸ਼ਾਮਿਲ ਹਨ, ਦੌਰਾਨ ਹੋਈ ਕਤਲੋ-ਗਾਰਤ ਦੀਆਂ ਤਸਵੀਰਾਂ ਵੀ ਦਰਸ਼ਕਾਂ ਦੇ ਸਨਮੁੱਖ ਕੀਤੀਆਂ ਗਈਆਂ।
ਇਸ ਪ੍ਰਦਰਸ਼ਨੀ ਦੌਰਾਨ, ਪੰਜਾਬੀ ਰਿਵਾਇਤਾਂ ਨੂੰ ਕਾਇਮ ਰੱਖਣ ਵਾਲੇ ਸੰਸਾਰ ਪ੍ਰਸਿੱਧ ਸਿੱਖ ਚਿਹਰੇ -ਰਵੀ ਸਿੰਘ (ਖਾਲਸਾ ਏਡ), ਸ਼ਹੀਦ ਸਿੰਘਾਂ, ਦੇ ਨਾਲ ਨਾਲ ਇੱਥੋਂ ਦੇ ਭਾਈਚਾਰੇ ਵਿੱਚ ਸਕਾਰਾਤਮਕ ਹਿੱਸਾ ਪਾਉਣ ਵਾਲੇ ਮੁਸਲਮਾਨ ਅਤੇ ਹਿੰਦੂ ਭਾਈਚਾਰੇ ਨਾਲ ਸਬੰਧਤ ਸ਼ਖ਼ਸੀਅਤਾਂ ਦੀਆਂ ਫੋਟੋਆਂ ਆਦਿ ਦੀ ਸ਼ਮੂਲੀਅਤ ਵੀ ਕੀਤੀ ਗਈ।
ਲਹਿੰਦੇ ਪੰਜਾਬ ਦੇ ਇਤਿਹਾਸ ਬਾਰੇ ਨਜ਼ਰ ਮਾਰਦਿਆਂ ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਦਰਸਾਉਂਦੀਆਂ ਫੋਟੋਆਂ ਅਤੇ ਪੇਂਟਿੰਗਾਂ ਵੀ ਮੁੱਖ ਆਕਰਸ਼ਣ ਦਾ ਹਿੱਸਾ ਰਹੀਆਂ।
ਇਸ ਦੌਰਾਨ ਇੱਕ ਪੁਸਕਤ ਮੇਲਾ ਵੀ ਲਗਾਇਆ ਗਿਆ ਜਿਸ ਵਿੱਚ ਕਿ ਸਿੱਖ ਗੁਰੂਆਂ, ਪੀਰਾਂ, ਪੈਗੰਬਰਾਂ, ਦੀਆਂ ਲੇਖਣੀਆਂ, ਸਾਖੀਆਂ ਆਦਿ ਦੇ ਨਾਲ ਨਾਲ 1984 ਦੇ ਸਾਕੇ ਨਾਲ ਸਬੰਧਤ ਪੁਸਤਕਾਂ ਅਤੇ ਪੰਜਾਬ ਅਤੇ ਪੰਜਾਬੀਅਤ ਦੇ ਸੁਨਹਿਰੇ ਇਤਿਹਾਸ, ਮੌਜੂਦਾ ਕਾਲ ਅਤੇ ਉਜਵੱਲ ਭਵਿੱਖ ਨਾਲ ਸਬੰਧਤ ਪੁਸਤਕਾਂ, ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਚੁਕੇ ਜਾਂ ਕਰ ਰਹੇ ਲੇਖਕਾਂ ਦੀਆਂ ਕਿਤਾਬਾਂ ਪ੍ਰਦਰਸ਼ਨੀ ਵਿੱਚ ਸ਼ਾਮਿਲ ਸਨ।
ਇਸ ਤੋਂ ਇਲਾਵਾ, ਪੰਜਾਬ ਦੇ ਪਰਵਾਸੀਆਂ ਉਪਰ ਆਧਾਰਿਤ ਇੱਕ ਸੈਮੀਨਾਰ ਵੀ ਕਰਵਾਇਆ ਗਿਆ ਜਿਸ ਵਿੱਚ ਕਿ ਪੰਜਾਬੀਆਂ ਦੇ ਦੇਸ਼ ਵਿਦੇਸ਼ ਦੇ ਪਰਵਾਸ, ਇਤਿਹਾਸ ਅਤੇ ਭਵਿੱਚ ਬਾਰੇ ਐਡੀਲੇਡ ਤੋਂ ਹਾਜ਼ਰੀ ਲਵਾਉਣ ਆਏ ਪਤਵੰਤੇ ਸੱਜਣਾਂ ਜਿਨ੍ਹਾਂ ਵਿੱਚ ਕਿ ਉਘੇ ਪੱਤਰਕਾਰ ਅਤੇ ਲੇਖਕ ਆਦਿ ਸ਼ਾਮਿਲ ਸਨ, ਨੇ ਆਪਣੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ।
ਪੰਜਾਬੀ ਮਾਂ ਬੋਲੀ ਬਾਰੇ ਸੰਦੇਸ਼ ਦਿੰਦਿਆਂ ਇਸ ਸਮੁੱਚੇ ਮੇਲੇ ਵਿੱਚ ਇਸ ਗੱਲ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ‘ਮਾਂ’ ਜੋ ਕਿ ਹਰ ਬੱਚੇ ਦਾ ਪਹਿਲਾ ਅਤੇ ਮੂਲ ਸਕੂਲ ਹੁੰਦੀ ਹੈ ਜੋ ਕਿ ਬੱਚੇ ਨੂੰ ਆਪਣੀ ਜ਼ੁਬਾਨ ਅਤੇ ਬੋਲੀ ਨਾਲ ਜੋੜਦੀ ਹੈ ਜਿਸ ਰਾਹੀਂ ਕਿ ਬੱਚਾ ਅੱਗੇ ਜਾ ਕੇ ਆਪਣੇ ਇਤਿਹਾਸ ਨੂੰ ਵਾਚਦਿਆਂ ਹੋਇਆਂ ਆਪਣੇ ਭਵਿੱਖ ਦੀ ਸਹੀਬੱਧ ਤਰੀਕਿਆਂ ਦੇ ਨਾਲ ਕਲਪਨਾ ਹੀ ਨਹੀਂ ਕਰਦਾ ਸਗੋਂ ਉਸ ਨੂੰ ਉਸਾਰਨ ਵਿੱਚ ਵੀ ਸਹਾਈ ਹੁੰਦਾ ਹੈ। ਇਸ ਵਾਸਤੇ ਇਹ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ‘ਮਾਂ’ ਹੀ ਆਪਣੇ ਬੱਚੇ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੇ ਕੇ ਉਸਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਜੋੜੇ।
ਸ. ਹਰੀ ਸਿੰਘ ਨਲੂਆ ਸਪੋਰਟਸ ਕਲੱਬ (ਐਡੀਲੇਡ) ਵੱਲੋਂ ਸਥਾਨਕ ਸ਼ਹਿਰ ਵਿਖੇ, ਆਉਣ ਵਾਲੇ ਦਸੰਬਰ ਦੇ ਮਹੀਨੇ ਤੱਕ ਇੱਕ ਲਾਇਬ੍ਰੇਰੀ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਨੂੰ ਕਿ ਸਥਾਨਕ ਪਹਿਲੀ ਪੰਜਾਬੀ ਪੁਸਤਕ ਲਾਇਬ੍ਰੇਰੀ ਹੋਣ ਦਾ ਮਾਣ ਪ੍ਰਾਪਤ ਹੋਣ ਜਾ ਰਿਹਾ ਹੈ ਅਤੇ ਇਸ ਵਾਸਤੇ ਇੱਕ ਖਾਸ ਥਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।
ਕਲੱਬ ਦੀ ਸੋਚ ਬਾਰੇ ਗੱਲ ਕਰਦਿਆਂ ਕਲੱਬ ਦੇ ਬੁਲਾਰਿਆਂ ਨੇ ਕਿਹਾ ਕਿ ਜ਼ਿਆਦਾਤਾਰ ਪੰਜਾਬੀ ਸਭਿਆਚਾਰਕ ਮੇਲਿਆਂ ਆਦਿ ਵਿੱਚ ਗਿੱਧਾ ਭੰਗੜਾ ਆਦਿ ਨੂੰ ਹੀ ਪੰਜਾਬ ਦਾ ਸਭਿਆਚਾਰ ਮੰਨ ਲਿਆ ਜਾਂਦਾ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਨਾਚ-ਗਾਣ ਪੰਜਾਬੀ ਸਭਿਆਚਾਰ ਦਾ ਅਨਿੱਖਣਵਾਂ ਅੰਗ ਹੈ ਪਰੰਤੂ ਇਹ ਸਾਡੇ ਸਭਿਆਚਾਰ ਦਾ ਬਹੁਤ ਹੀ ਛੋਟਾ ਜਿਹਾ ਹਿੱਸਾ ਹੈ ਅਤੇ ਸਾਡਾ ਸਭਿਆਚਾਰ ਇੱਕ ਸਮੁੰਦਰ ਦੀ ਤਰ੍ਹਾਂ ਹੈ। ਉਨ੍ਹਾਂ ਇਹ ਵੀ ਕਿਹਾ ਸਾਡਾ ਵਿਸ਼ੇਸ਼ ਸੁਫ਼ਨਾ ਤਾਂ ਇਹੋ ਹੈ ਕਿ ਮੌਜੂਦਾ ਪੰਜਾਬੀ ਸਭਿਆਚਾਰ ਨੂੰ ਲੱਗੀ ਢਾਹ ਨੂੰ ਹਰ ਸੰਭਵ ਤਰੀਕਿਆਂ ਦੇ ਨਾਲ ਬਚਾਇਆ ਜਾਵੇ ਅਤੇ ਆਉਣ ਵਾਲੀ ਪੀੜ੍ਹੀ ਦੀ ਸੋਚ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤਾ ਜਾਵੇ ਤਾਂ ਜੋ ਉਹ ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਪੰਜਾਬੀਅਤ ਅਤੇ ਇੱਥੋਂ ਦੇ ਇਤਿਹਾਸ ਬਾਰੇ ਵੀ ਸਹੀ ਸਹੀ ਜਾਣੂ ਹੋ ਸਕਣ ਅਤੇ ਇੱਥੇ ਵਿਚਰੇ ਗੁਰੂਆਂ, ਪੀਰਾਂ, ਪੈਗੰਬਰਾਂ ਦੇ ਵਚਨਾਂ ਨੂੰ ਸਹੀ ਤਰੀਕਿਆਂ ਦੇ ਨਾਲ ਸਮਝ ਸਕਣ ਅਤੇ ਉਨ੍ਹਾਂ ਦੇ ਦੱਸੇ ਰਾਹਾਂ ਤੇ ਚੱਲ ਸਕਣ।

Install Punjabi Akhbar App

Install
×