ਐਡੀਲੇਡ ਵਿੱਚ ਬਣ ਰਹੀ ਚੀਨੀ ਸਫਾਰਖਾਨੇ ਨੇ ਡਰਾਏ ਸਥਾਨਕ ਉਇਘਰ ਮੁਸਲਿਮ ਭਾਈਚਾਰੇ ਦੇ ਲੋਕ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਰਕਾਰਾਂ (ਚੀਨੀ ਅਤੇ ਆਸਟ੍ਰੇਲੀਆਈ) ਦਾ ਕਹਿਣਾ ਹੈ ਕਿ ਕੰਸਲੇਟ ਜਨਰਲ ਵਾਸਤੇ ਤਿਆਰ ਕੀਤੀਆਂ ਜਾ ਰਹੀਆਂ ਇਮਾਰਤਾਂ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਹੋਰ ਗਤੀਵਿਧੀਆਂ ਵਾਸਤੇ ਅੰਤਰ ਰਾਸ਼ਟਰੀ ਸਮਝੌਤਿਆਂ ਦਾ ਹਿੱਸਾ ਹਨ ਅਤੇ ਜ਼ਰੂਰੀ ਹਨ ਪਰੰਤੂ ਉਥੇ ਰਹਿਣ ਵਾਲੇ 1500 ਦੇ ਕਰੀਬ ਸਥਾਨਕ ਉਈਘਰ ਮੁਸਲਿਮ ਭਾਈਚਾਰਾ ਇਸ ਤੋਂ ਬਹੁਤ ਜ਼ਿਆਦਾ ਭੈਅ ਖਾ ਰਿਹਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਤਾਂ ਇਸ ਇਮਾਰਤ ਵਿੱਚ ਕੰਮ ਕਰਨ ਵਾਲੇ ਕਾਂਸਲੇਟ ਜਨਰਲ ਅਤੇ ਉਨ੍ਹਾਂ ਦਾ ਸਟਾਫ ਸਥਾਨਕ ਲੋਕਾਂ ਉਪਰ ਪੂਰੀ ਤਰ੍ਹਾਂ ਨਜ਼ਰ ਰੱਖੇਗਾ ਅਤੇ ਇਸ ਦੀ ਖ਼ਬਰ ਸਿੱਧੀ ਚੀਨੀ ਸਰਕਾਰ ਨੂੰ ਹੀ ਜਾਵੇਗੀ ਜਿਸ ਨਾਲ ਜਿਵੇਂ ਚੀਨ ਦੇ ਜਿਨਜਿਆਂਗ ਸ਼ਹਿਰ ਵਿੱਚ ਉਈਘਰ ਲੋਕਾਂ ਦਾ ਰਹਿਣਾ ਸਹਿਣਾ ਦੁਸ਼ਵਾਰ ਹੋਇਆ ਪਿਆ ਹੈ, ਉਸੇ ਤਰਾ੍ਹਂ ਨਾਲ ਇੱਥੇ ਵੀ ਲੋਕਾਂ ਦਾ ਜੀਣਾ ਹਰਾਮ ਹੀ ਹੋ ਜਾਵੇਗਾ।
ਬੀਤੇ 2005 ਤੋਂ, 61 ਸਾਲਾਂ ਦੀ ਐਡੀਲੇਡ ਰਹਿ ਰਹੀ ਹੋਰੀਗੁਲ ਯੂਸਫ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਚੀਨ ਦੇ ਜਿਨਜਿਆਂਗ ਸ਼ਹਿਰ ਵਿੱਚ ਹੀ ਫਸੇ ਹੋਏ ਹਨ ਅਤੇ ਉਥੋਂ ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਕੰਸਨਟ੍ਰੇਸ਼ਨ ਕੈਂਪਾਂ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਅਕਤੂਬਰ 2017 ਵਿੱਚ ਉਸਦੀ ਮਾਂ ਨਾਲ ਆਖਰੀ ਗੱਲ ਫੋਨ ਤੇ ਹੋਈ ਸੀ ਜਦੋਂ ਉਨ੍ਹਾਂ ਦੀ ਮਾਂ ਨੇ ਕਿਹਾ ਕਿ ਬਸ ਇਹ ਆਖਰੀ ਕਾਲ ਹੀ ਹੈ ਇਸਤੋਂ ਬਾਅਦ ਅਸੀਂ ਲੋਕ ਕੋਈ ਕਾਲ ਨਹੀਂ ਕਰਾਂਗੇ ਕਿਉਂਕਿ ਅੰਤਰ ਰਾਸ਼ਟਰੀ ਕਾਲਾਂ ਆਉਣ ਤੇ ਚੀਨੀ ਸਰਕਾਰ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ।
ਯੂਨਾਈਟੇਡ ਨੈਸ਼ਨਜ਼ ਦਾ ਵੀ ਮੰਨਣਾ ਹੈ ਕਿ ਚੀਨ ਅੰਦਰ ਇੱਕ ਮਿਲੀਅਨ ਦੇ ਕਰੀਬ ਲੋਕ -ਜ਼ਿਆਦਾਤਰ ਉਈਘਰ ਮੁਸਲਮਾਨ, ਬੰਦੀ ਗ੍ਰਹਾਂ ਅੰਦਰ ਯਾਤਨਾਵਾਂ ਭੋਗ ਰਹੇ ਹਨ ਪਰੰਤੂ ਚੀਨ ਇਸ ਗੱਲ ਤੋਂ ਸਾਫ ਇਨਕਾਰ ਕਰਦਾ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ, ਐਡੀਲੇਡ ਅੰਦਰ ਸਾਲ 2015 ਤੋਂ ਹੀ ਚੀਨੀ ਸਫਾਰਤਖਾਨਾ ਮੌਜੂਦ ਹੈ ਪਰੰਤੂ ਹੁਣ ਜਿਹੜੀ 1500 ਵਰਗ ਮੀਟਰ ਦੀ ਇਮਾਰਤ ਪਿੱਛਲੇ ਹਫਤੇ ਹੀ ਨਵੇਂ ਤੌਰ ਤੇ ਚਾਲੂ ਕੀਤੀ ਗਈ ਹੈ ਉਹ ਸੀ.ਬੀ.ਡੀ. ਤੋਂ ਮਹਿਜ਼ ਕੁੱਝ ਕਿਲੋ ਮੀਟਰ ਦੀ ਦੂਰੀ ਉਪਰ ਹੀ ਹੈ। ਇਸ ਇਮਾਰਤ ਨੂੰ 10 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਸ ਅੰਦਰ 10-12 ਕਾਂਸਲਰਾਂ ਦਾ ਸਟਾਫ ਵੀ ਨਿਯੁੱਕਤ ਕੀਤਾ ਜਾਵੇਗਾ।
ਚੀਨੀਆਂ ਦਾ ਇਸ ਬਾਬਤ ਕਹਿਣਾ ਹੈ ਕਿ ਚੀਨ ਵਿੱਚ ਆਸਟ੍ਰੇਲੀਆ ਦੇ ਜ਼ਿਆਦਾ ਗਿਣਤੀ ਵਿੱਚ ਸਫਾਰਤਖਾਨੇ ਅਤੇ ਕਾਂਸਲਰ ਜਨਰਲ ਮੌਜੂਦ ਹਨ ਅਤੇ ਸਾਡਾ ਕੰਮ ਤਾਂ ਚੀਨੀ ਲੋਕਾਂ ਨਾਲ ਗੱਲਬਾਤ ਆਦਿ ਕਰਨਾ ਹੈ ਅਤੇ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਨਾ ਨਹੀਂ।
ਉਧਰ ਪੂਰਬੀ ਤਰਕਿਸਤਾਨ-ਆਸਟ੍ਰੇਲੀਆਈ ਐਸੋਸਿਏਸ਼ਨ ਦੇ ਪ੍ਰਧਾਨ ਨੂਰਮੁਹੰਮਦ ਮਾਜਿਦ ਦਾ ਕਹਿਣਾ ਹੈ ਕਿ ਉਇਘਰ ਮੁਸਲਮਾਨਾਂ ਦੀਆਂ ਮੁਸ਼ਕਿਲਾਂ ਹੁਣ ਆਸਟ੍ਰੇਲੀਆ ਅੰਦਰ ਵੀ ਵਧਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਜੇਕਰ ਜਲਦੀ ਇਸ ਦਾ ਹੱਲ ਨਾ ਕੱਢਿਆ ਗਿਆ ਤਾਂ ਫੇਰ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Install Punjabi Akhbar App

Install
×