ਮਹਿਲਾ ਕਰਮਚਾਰੀ ਨਾਲ ਬਦਸਲੂਕੀ ਕਰਨ ਪਿੱਛੇ ਐਡੀਲੇਡ ਵਿਖੇ ਇੱਕ ਗ੍ਰਿਫਤਾਰ -ਮਾਮਲਾ ਤਨਖਾਹ ਨਾ ਦੇਣ ਦਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਐਡੀਲੇਡ ਵਿਖੇ, ਸੋਸ਼ਲ ਮੀਡੀਆ ਉਪਰ ਇੱਕ ਵੀਡੀਉ ਵਾਇਰਲ ਹੋਈ ਜਿਸ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ ਮਹਿਲਾ ਕਰਮਚਾਰੀ ਆਪਣੇ ਰੌਜ਼ਗਾਰ ਦਾਤਾ ਕੋਲੋਂ ਆਪਣੀ ਬਣਦੀ ਤਨਖਾਹ ਨਾ ਦੇਣ ਕਾਰਨ ਬਹਿਸ ਕਰਦੀ ਹੈ ਤਾਂ ਉਸ ਦੇ ਨਾਲ ਖੜ੍ਹਾ ਆਦਮੀ ਉਸ ਉਪਰ ਹਮਲਾ ਕਰ ਦਿੰਦਾ ਹੈ ਅਤੇ ਇਸੇ ਵੀਡੀਉ ਦੇ ਆਧਾਰ ਤੇ ਉਕਤ ਵਿਅਕਤੀ ਨੂੰ ਮਹਿਲਾ ਨੂੰ ਪਰਤਾੜਿਤ ਕਰਨ ਦੇ ਦੋਸ਼ ਹੇਠ ਪੁਲਿਸ ਵੱਲੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ੳਕਤ ਵਾਕਿਆ ਐਡੀਲੇਡ ਦੀ ਇੱਕ ਬਬਲ ਟੀ ਦੁਕਾਨ ਉਪਰ ਵਾਪਰਿਆ ਅਤੇ 39 ਸਾਲਾਂ ਦੇ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਵੀਡਉ ਵਿਚਲੀ ਔਰਤ ਮੈਂਡਰਿਨ ਭਾਸ਼ਾ ਵਿੱਚ ਬੋਲ ਰਹੀ ਹੈ ਅਤੇ ਆਪਣੀ ਨਾ ਮਿਲੀ ਮਜ਼ਦੂਰੀ ਬਾਰੇ ਬਹਿਸ ਰਹੀ ਹੈ ਤਾਂ ਇੱਕ ਵਿਅਕਤੀ ਜਿਹੜਾ ਕਿ ਉਸ ਦਾ ਰੌਜ਼ਗਾਰ ਦਾਤਾ ਦਿਖਾਈ ਦੇ ਰਿਹਾ ਹੈ ਕਹਿੰਦਾ ਹੈ ਕਿ ਜਿਨ੍ਹਾਂ ਸ਼ਿਫਟਾਂ ਦੀ ਉਹ ਮਜ਼ਦੂਰੀ ਮੰਗ ਰਹੀ ਹੈ ਉਹ ‘ਟ੍ਰਾਇਲ ਪੀਰੀਅਡ’ ਸੀ ਅਤੇ ਉਸਦੀ ਮਜ਼ਦੂਰੀ ਨਹੀਂ ਦਿੱਤੀ ਜਾਵੇਗੀ। ਇੰਨੇ ਵਿੱਚ ਇੱਕ ਕਾਲੀ ਟੀ-ਸ਼ਰਟ ਪਾ ਕੇ ਇੱਕ ਹੋਰ ਆਦਮੀ ਆਉਂਦਾ ਹੈ ਅਤੇ ਉਕਤ ਮਹਿਲਾ ਦੇ ਮੂੰਹ ਉਪਰ ਥੱਪੜ ਮਾਰਨ ਲੱਗਦਾ ਹੈ ਅਤੇ ਫੇਰ ਉਸ ਦੇ ਪੇਟ ਵਿੱਚ ਲੱਤਾਂ ਵੀ ਮਾਰਦਾ ਹੈ। ਪੁਲਿਸ ਦੇ ਦੱਸਣ ਅਨੁਸਾਰ, ਉਕਤ ਦੱਖਣੀ ਐਡੀਲੇਡ ਦੀ 20 ਸਾਲਾਂ ਦੀ ਮਹਿਲਾ ਨੂੰ ਰਾਇਲ ਐਡੀਲੇਡ ਹਸਪਤਾਲ ਅੰਦਰ ਦਾਖਿਲ ਕਰਵਾਇਆ ਗਿਆ ਹੈ ਅਤੇ ਉਹ ਜ਼ੇਰੇ ਇਲਾਜ ਹੈ। ਵੈਸੇ ਇਹ ਵਾਕਿਆ ਬੀਤੇ ਸ਼ੁਕਰਵਾਰ ਦਾ ਹੈ ਪਰੰਤੂ ਪੁਲਿਸ ਵੱਲੋਂ ਉਕਤ ਦੋਸ਼ੀ ਵਿਅਕਤੀ ਨੂੰ ਬੀਤੇ ਕੱਲ੍ਹ ਮੰਗਲਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜ਼ਮਾਨਤ ਤੇ ਰਿਹਾ ਵੀ ਕਰ ਦਿੱਤਾ ਗਿਆ ਹੈ। ਹੁਣ ਉਕਤ ਦੋਸ਼ੀ 7 ਮਈ ਨੂੰ ਐਡੀਲੇਡ ਦੀ ਅਦਾਲਤ ਵਿੱਚ ਪੇਸ਼ ਹੋਵੇਗਾ ਅਤੇ ਤਫ਼ਤੀਸ਼ ਜਾਰੀ ਹੈ।

Install Punjabi Akhbar App

Install
×