ਐਡੀਲੇਡ ਕੌਂਸਲ ਚੋਣਾਂ: ਮਿਲਾਪ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਤੇ ਸਥਾਨਕ ਕੌਂਸਲ ਦੀਆਂ ਚੋਣਾਂ ਲਈ ਪੋਸਟਰ ਜਾਰੀ

ਦੱਖਣੀ-ਆਸਟ੍ਰੇਲੀਆ ਵਿੱਚ ਹੋ ਰਹੀਆਂ ਕੌਂਸਲਰ ਦੀਆਂ ਚੋਣਾਂ ਵੈਸੇ ਤਾਂ ਹਰ ਟਰਮ ਦੇ ਬਾਅਦ ਹੀ ਹੁੰਦੀਆਂ ਹਨ ਅਤੇ ਇਹ ਵੀ ਸਭ ਨੂੰ ਪਤਾ ਹੀ ਹੈ ਕਿ ਪੋਸਟਲ ਵੋਟਾਂ ਹੋਣ ਦੇ ਕਾਰਨ, ਇਸ ਵਿੱਚ ਬਹੁਤ ਘੱਟ ਗਿਣਤੀ ਦੇ ਨਾਗਰਿਕ ਹੀ ਹਿੱਸਾ ਲੈਂਦੇ ਹਨ। ਪਰੰਤੂ ਇਸ ਵਾਰੀ ਮਾਹੌਲ ਕੁੱਝ ਹੋਰ ਹੀ ਹੈ। ਕਾਰਨ, ਇਹ ਹੈ ਕਿ ਇਸ ਵਾਰੀ ਚੋਣਾਂ ਦੌਰਾਨ ਇਕੱਲੇ ਆਸਟ੍ਰੇਲੀਆਈ ਲੋਕ ਹੀ ਇਨ੍ਹਾਂ ਚੋਣਾਂ ਵਿੱਚ ਉਮੀਦਵਾਰੀ ਵਾਸਤੇ ਖੜ੍ਹੇ ਨਹੀਂ ਹੋ ਰਹੇ ਸਗੋਂ ਆਸਟ੍ਰੇਲੀਆ ਵਿੱਚ ਬਾਹਰਲੇ ਦੇਸ਼ਾਂ ਤੋਂ ਆਏ ਵੱਖ-ਵੱਖ ਸਭਿਆਚਾਰ ਦੇ ਅਤੇ ਵੱਖ-ਵੱਖ ਬੋਲੀਆਂ ਬੋਲਣ ਵਾਲੇ ਆਸਟ੍ਰੇਲੀਆਈ ਨਾਗਰਿਕ ਵੀ ਇਨ੍ਹਾਂ ਚੋਣਾਂ ਵਿੱਚ ਆਪਣੀ ਕਿਸਮਤ ਆਜ਼ਮਾ ਰਹੇ ਹਨ। ਇਸ ਨਾਲ ਇੱਕ ਫਾਇਦਾ ਇਹ ਵੀ ਹੋ ਰਿਹਾ ਹੈ ਕਿ ਜ਼ਿਆਦਾ ਤੋਂ ਲੋਕ ਇਨ੍ਹਾਂ ਚੋਣਾਂ ਦੌਰਾਨ ਵੋਟ ਪਾਉਣ ਆਉਣਗੇ ਅਤੇ ਆਪਣੇ ਪਸੰਦ ਦੇ ਉਮੀਦਵਾਰ ਨੂੰ ਚੁਣਨਗੇ।

(ਕੇ.ਡੀ. ਸਿੰਘ )

ਇਸ ਚੋਣ ਮੁਹਿੰਮ ਦੌਰਾਨ ਇੱਕ ਅਜਿਹੀ ਸੰਸਥਾ ਵੀ ਹੈ ਜੋ ਕਿ ਮੁੱਖ ਭੂਮਿਕਾ ਨਿਭਾ ਰਹੀ ਹੈ। ਉਹ ਹੈ: ਮਿਲਾਪ: (Multicultural Initiative of Linking All Australian People – MILAAP) ਇੱਕ ਅਜਿਹੀ ਸੰਸਥਾ ਹੈ ਜਿਸ ਨੇ ਕਿ ਆਸਟ੍ਰੇਲੀਆ ਅੰਦਰ ਰਹਿੰਦੇ, ਵੱਖ ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਇਕੱਠਾ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਸੰਸਥਾ ਦਾ ਸਭ ਤੋਂ ਵੱਡਾ ਅਤੇ ਮੁੱਖ ਟੀਚਾ ਇਹ ਹੈ ਕਿ ਬਹੁ ਸਭਿਅਕ ਭਾੲਚਾਰਿਆਂ ਅੰਦਰ ਲੁਕਿਆ ਹੋਇਆ ‘ਟੇਲੈਂਟ’ ਨੂੰ ਬਾਹਰ ਲੈ ਕੇ ਆਉਣਾ ਅਤੇ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਕੇ ਦੇਸ਼ ਅਤੇ ਸਮਾਜਿਕ ਭਾਈਚਾਰਿਆਂ ਦੀ ਉਨਤੀ ਲਈ ਕਦਮ ਚੁੱਕਣੇ ਅਤੇ ਕਾਮਯਾਬੀ ਹਾਸਿਲ ਕਰਨੀ।
ਮਿਲਾਪ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਹ ਇੱਕ ਅਵੇਅਰਨੈਸ ਮੁਹਿੰਮ ਚਲਾ ਰਹੇ ਹਨ ਜਿਸ ਨਾਲ ਕਿ ਨਾਗਰਿਕਾਂ ਨੂੰ ਵੋਟ ਪਾਉਣ ਵਾਸਤੇ ਉਚੇਚੇ ਤੌਰ ਤੇ ਪ੍ਰੇਰਿਆ ਜਾ ਰਿਹਾ ਹੈ। ਵੋਟਰਾਂ ਨੂੰ ਕੌਂਸਲ ਦੀਆਂ ਚੋਣਾਂ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਸਮਝਾਇਆ ਜਾ ਰਿਹਾ ਹੈ।

ਮਿਲਾਪ ਸੰਸਥਾ ਦੇ ਨਿਰਦੇਸ਼ਕ -ਕੇ.ਡੀ. ਸਿੰਘ ਨੇ ਦੱਸਿਆ ਕਿ ਸੰਸਥਾ ਪਹਿਲਾਂ ਤੋਂ ਹੀ ਸਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ ਅਤੇ ਇਸ ਵਾਰੀ ਲੋਕਾਂ ਨੂੰ ਵੋਟਾਂ ਦੀ ਅਹਿਮੀਅਤ ਸਮਝਾ ਰਹੀ ਹੈ ਤਾਂ ਜੋ ਆਸਟ੍ਰੇਲੀਆਈ ਨਾਗਰਿਕ, ਵੱਧ ਤੋਂ ਵੱਧ ਆਪਣੀਆਂ ਵੋਟਾਂ ਦਾ ਇਸਤੇਮਾਲ ਕਰ ਸਕਣ ਅਤੇ ਆਪਣੇ ਖੇਤਰਾਂ ਅੰਦਰ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਚੁਣ ਸਕਣ।