ਚਾਰ ਸਾਲ ਪਹਿਲਾਂ ਹੋਏ ਟੋਇਆਹ ਕੋਰਡਿੰਗਲੇ ਕਤਲ ਦੇ ਮਾਮਲੇ ਵਿੱਚ ਭਾਰਤ ਤੋਂ ਲਿਆਂਦਾ ਗਿਆ 38 ਸਾਲਾਂ ਦੇ ਮੁਲਜ਼ਮ ਰਾਜਵਿੰਦਰ ਸਿੰਘ ਨੂੰ ਪੁਲਿਸ ਨੇ ਅੱਜ ਪਹਿਲੀ ਵਾਰੀ ਕੁਈਨਜ਼ਲੈਂਡ ਦੀ ਅਦਾਲਤ ਵਿੱਚ ਵੀਡੀਓ ਕਾਨਫਰੰਸੀ ਦੇ ਜ਼ਰੀਏ ਪੇਸ਼ ਕੀਤਾ ਗਿਆ।
ਮਾਣਯੋਗ ਜੱਜ -ਕੈਥੀ ਮੈਕਲੇਨਨ ਦੇ ਵਾਰ ਵਾਰ ਗੱਲ ਕਰਨ ਤੇ ਜਦੋਂ ਰਾਜਵਿੰਦਰ ਖਾਮੋਸ਼ ਰਿਹਾ ਤਾਂ ਜੱਜ ਸਾਹਿਬਾਨ ਨੇ ਪੁੱਛਿਆ ਕਿ ਕੀ ਉਹ ਸੁਣ ਰਿਹਾ ਹੈ….? ਤਾਂ ਰਾਜਵਿੰਦਰ ਨੇ ਬੜੇ ਹੀ ਸਲੀਕੇ ਨਾਲ ਕਿਹਾ ਕਿ ਜੀ ਹਾਂ ਮੈਡਮ, ਮੈਂ ਸੁਣ ਰਿਹਾ ਹਾਂ।
ਰਾਜਵਿੰਦਰ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਅਪ੍ਰੈਲ ਦੀ 14 ਤਾਰੀਖ ਨੂੰ ਪੁਲਿਸ ਗਵਾਹਾਂ ਦੀ ਸੂਚੀ ਪੇਸ਼ ਕਰੇਗੀ ਅਤੇ ਇਸਤੋਂ ਬਾਅਦ ਸੁਣਵਾਈ ਵਾਸਤੇ ਅਪ੍ਰੈਲ ਮਹੀਨੇ ਦੇ ਹੀ 28 ਤਾਰੀਖ ਤੈਅ ਕੀਤੀ ਗਈ ਹੈ।
ਰਾਜਵਿੰਦਰ ਦੀ ਇਸ ਅਦਾਲਤੀ ਕਾਰਵਾਈ ਵਾਸਤੇ ਅਧਿਕਾਰੀਆਂ ਨੂੰ ਅਦਾਲਤ ਦੇ ਕਮਰੇ ਵਿੱਚ ਜ਼ਿਆਦਾ ਸੁਰੱਖਿਆ ਮੁਲਾਜ਼ਮਾਂ ਦਾ ਤਾਇਨਾਤੀ ਕਰਨੀ ਪਈ ਕਿਉਂਕਿ ਇਸ ਮਾਮਲੇ ਦੀ ਕਾਰਵਾਈ ਨੂੰ ਦੇਖਣ ਸੁਣਨ ਵਾਲਿਆਂ ਦੀ ਭੀੜ ਇੰਨੀ ਸੀ ਕਿ ਅਦਾਲਤ ਦਾ ਕਮਰਾ ਪੂਰੀ ਤਰ੍ਹਾਂ ਹੀ ਭਰ ਚੁਕਿਆ ਸੀ।
ਰਾਜਵਿੰਦਰ ਦੇ ਵਕੀਲ ਨੂੰ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਤਾਂ ਉਸਦਾ ਇੰਨਾ ਹੀ ਕਹਿਣਾ ਸੀ ਕਿ ਜਦੋਂ ਤੱਕ ਰਾਜਵਿੰਦਰ ਉਪਰ ਦੋਸ਼ ਸਾਬਿਤ ਨਹੀਂ ਹੋ ਜਾਂਦੇ, ਉਹ ਬੇਕਸੂਰ ਹੈ ਅਤੇ ਆਪਣੀ ਲੜਾਈ ਲੜਦਾ ਰਹੇਗਾ।
ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਹੋਏ ਉਕਤ 24 ਸਾਲਾਂ ਦੀ ਟੋਇਆਹ ਕੋਰਡਿੰਗਲੇ ਕਤਲ ਮਾਮਲੇ ਵਿੱਚ ਰਾਜਵਿੰਦਰ ਮੁੱਖ ਦੋਸ਼ੀ ਹੈ ਜੋ ਕਿ ਆਸਟ੍ਰੇਲੀਆ ਤੋਂ ਭੱਜ ਕੇ ਭਾਰਤ ਚਲਾ ਗਿਆ ਸੀ। ਬੀਤੇ ਸਾਲ ਨਵੰਬਰ ਦੇ ਮਹੀਨੇ ਦੌਰਾਨ ਉਸਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਤੇ ਇਸੇ ਹਫ਼ਤੇ ਭਾਰਤ ਤੋਂ ਸਪੁਰਦਗੀ ਦੇ ਜ਼ਰੀਏ ਕੁਈਨਜ਼ਲੈਂਡ ਲਿਆਂਦਾ ਗਿਆ ਹੈ।