ਅਦਾਕਾਰੀ ਦਾ ਜਨੂੰਨ ਬਚਪਨ ਤੋਂ ਹੀ ਸੀ-ਫਤਹਿ ਗਿੱਲ

ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਕਸਬਾ ਗਿੱਦੜਬਹਾ ਜਿਸਨੇ ਪੰਜਾਬੀ ਗਾਇਕੀ ਤੇ ਪੰਜਾਬੀ ਸਿਨਮੇਂ ਨੂੰ ਗੁਰਦਾਸ ਮਾਨ, ਹਾਕਮ ਸੂਫੀ ਅਤੇ ਕਮੇਡੀ ਕਿੰਗ ਮੇਹਰ ਮਿੱਤਲ ਵਰਗੇ ਕਲਾਕਾਰ ਦਿੱਤੇ ਹਨ, ਉਸ ਧਰਤੀ ਤੇ ਫਤਿਹ ਗਿੱਲ ਵਰਗੇ ਕਲਾਕਾਰਾਂ ਦਾ ਪੈਦਾ ਹੋਣਾ ਸੁਭਾਵਕ ਹੈ। ਅਦਾਕਾਰੀ ਦੇ ਖੇਤਰ ਦੇ ਨਵੇਂ ਕਲਾਕਾਰਾਂ ਵਿਚ ਇਸ ਗਿੱਦੜਬਹਾ ਸ਼ਹਿਰ ਦੇ ਅਦਾਕਾਰ ਜੋਗਿੰਦਰ ਸਿੰਘ ਉਰਫ ਫਤਿਹ ਗਿੱਲ ਦਾ ਨਾਂ ਅੱਜ ਕੱਲ੍ਹ ਕਾਫੀ ਚਰਚਾ ਵਿਚ ਹੈ। ਫਤਿਹ ਗਿੱਲ ਨੂੰ ਅਦਾਕਾਰੀ ਦਾ ਸ਼ੌਕ ਬਚਪਨ ਤੋਂ ਹੀ ਸੀ। ਇਸ ਸ਼ੌਕ ਨੂੰ ਅੱਗੇ ਵਧਾਉਣ ਲਈ ਉਸਨੇ ਡੀ ਏ ਵੀ ਵੈਸ਼ ਸਕੂਲ ਗਿੱਦੜਬਹਾ ਅਤੇ ਬਾਬਾ ਗੰਗਾ ਰਾਮ ਸਕੂਲ ਗਿੱਦੜਬਹਾ ਵਿਚ ਪੜ੍ਹਦਿਆਂ ਸਕੂਲ ਵਿਚ ਕਰਵਾਏ ਜਾਂਦੇ ਪ੍ਰੋਗਰਾਮਾਂ ਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਬਾਬਾ ਫਰੀਦ ਕਾਲਜ ਦਿਉਣ ਤੋਂ ਗਰੈਜੂਏਸ਼ਨ ਤੱਕ ਦੀ ਪੜ੍ਹਾਈ ਕਰਦਿਆਂ, ਇਸਦੇ ਨਾਲ ਨਾਲ ਆਪਣੀ ਕਲਾ ਨੂੰ ਸੰਵਾਰਨ ਲਈ ਟੋਨੀ ਬਾਤਿਸ਼ ਵਰਗੇ ਥੀਏਟਰ ਦੇ ਉਸਤਾਦ ਕਲਾਕਾਰ ਕੋਲ ਆਪਣੀ ੁਕਲਾ ਨੂੰ ਹੋਰ ਨਿਖਾਰਣ ਲਈ ਕੰਮ ਕਰਨਾ ਸ਼ੁਰੂ ਕੀਤਾ। ਮਿਹਨਤ ਰੰਗ ਲਿਆਈ ਅਤੇ ‘ਬਲੈਕੀਆਂ’ ਮੂਵੀ ਤੋਂ ਉਸਨੇ ਪਾਲੀਵੁੱਡ ਵਿਚ ਆਪਣਾ ਸਫਰ ਸ਼ੁਰੂ ਕੀਤਾ ਅਤੇ ਅਗਲੇ ਕਦਮ ਵਿਚ ਡੀ ਐਸ ਪੀ ਦੇਵ, ਓਲਡ ਕਲਚਰ, ਵਿਹਲੇ ਬਿਜ਼ੀ ਬੁਆਏ, ਇੰਜਨ, ਆਤਮ ਨਿਰਭਰ, ਸਹੁਰੇ ਜਾ ਕੀ ਕਰਤੂਤ ਕੀਤੀ, ਭਾਨਾ ਚੱਲਿਆ ਧਰਨੇ ਤੇ, ਮਹਿੰਗੀ ਗੱਡੀ ਸਸਤੀ ਗੱਡੀ ਆਦਿ ਸ਼ਾਰਟ ਮੂਵੀ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਸਫਰ ਦੌਰਾਨ ਫਤਿਹ ਗਿੱਲ ਨੂੰ ਪੰਜਾਬੀ ਸਿਨਮੇਂ ਦੇ ਪ੍ਰਸਿੱਧ ਅਦਾਕਾਰ ਦੇਵ ਖਰੌੜ, ਤਰਸੇਮ ਪੋਲ, ਮਾਨਵ ਵਿੱਜ ਆਦਿ ਬਾਲੀਵੁੱਡ ਅਦਾਕਾਰਾਂ ਅਤੇ ਅਮਨ ਧਾਲੀਵਾਲ, ਰਾਮ ਔਜਲਾ, ਹਸਤਿੰਦਰ ਪੰਜਾਬੀ ਗਾਇਕਾਂ ਅਤੇ ਸਵਿੰਦਰ ਮਾਹਲ, ਲੱਖਾ ਲਹਿਰੀ, ਗੁਰਚੇਤ ਚਿੱਤਰਕਾਰ, ਭਾਨਾ ਸਿੱਧੂ ਆਦਿ ਅਦਾਕਾਰਾਂ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਉਸ ਦਾ ਪਸੰਸਦੀਦਾ ਅਦਾਕਾਰ ਨਵਾਜ਼ੂਦੀਨ ਸਿੱਦਿਕੀ ਹੈ। ਫਤਿਹ ਗਿੱਲ ਦਿਨ ਰਾਤ ਪੰਜਾਬੀ ਫਿਲਮ ਇੰਡਸਟਰੀ ਵਿਚ ਆਪਣੀ ਥਾਂ ਬਣਾਉਣ ਲਈ ਲਗਨ ਨਾਲ ਮਿਹਨਤ ਕਰ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਪ੍ਰਸਿੱਧ ਅਦਾਕਾਰ ਵਜੋਂ ਉਸਦਾ ਨਾਂ ਹਰ ਜ਼ੁਬਾਨ ਤੇ ਹੋਵੇਗਾ।

Install Punjabi Akhbar App

Install
×