ਵਿੱਤੀ ਕਾਰਨਾਂ ਕਾਰਨ ਜ਼ੈਰੋ ਅਕਾਊਂਟਿੰਗ ਸਾਫ਼ਟਵੇਅਰ ਕੰਪਨੀ ਕੱਢੇਗੀ 800 ਮੁਲਾਜ਼ਮਾਂ ਨੂੰ

ਸਾਲ 2006 ਦੌਰਾਨ ਨਿਊਜ਼ੀਲੈਂਡ (ਵਲਿੰਗਟਨ) ਵਿੱਚੋਂ ਉਭਰ ਕੇ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਆਪਣੇ ਪੈਰ ਪਸਾਰਨ ਵਾਲੀ ਅਕਾਊਂਟਿੰਗ ਸਾਫ਼ਟਵੇਅਰ ਕੰਪਨੀ ‘ਜ਼ੈਰੋ’ ਜਿਸ ਨੇ ਕਿ ਬੀਤੇ ਸਾਲ ਸਤੰਬਰ ਦੇ ਮਹੀਨੇ ਵਿੱਚ ਹੀ 4915 ਲੋਕਾਂ ਨੂੰ ਰੌਜ਼ਗਾਰ ਦਿੱਤਾ ਸੀ ਅਤੇ ਜਿਸ ਦੀ ਮੌਜੂਦਾ ਸਟਾਕ ਮਾਰਕਿਟ ਵੈਲਿਊ 11.81 ਬਿਲੀਅਨ ਡਾਲਰਾਂ ਦੇ ਕਰੀਬ ਹੈ, ਨੇ ਵਿੱਤੀ ਕਾਰਨਾਂ ਅਤੇ ਕੰਮ ਦੀ ਘਾਟ ਦਾ ਹਵਾਲਾ ਦਿੰਦਿਆਂ ਐਲਾਨ ਕੀਤਾ ਹੈ ਕਿ ਕੰਪਨੀ ਆਪਣੇ 16% ਦੇ ਕਰੀਬ (700 ਤੋਂ 800) ਮੌਜੂਦਾ ਕਾਮਿਆਂ ਦੀ ਛਾਂਟੀ ਕਰਨ ਜਾ ਰਹੀ ਹੈ। ਇਹ ਸਾਫ਼ ਨਹੀਂ ਹੈ ਕਿ ਛਾਂਟੀ ਕਿਸ ਖੇਤਰ ਵਿੱਚੋਂ ਕੀਤੀ ਜਾਵੇਗੀ।
ਬੀਤੇ ਮਹੀਨੇ, ਕੰਪਨੀ ਦੀ ਨਵੀਂ ਸੀ.ਈ.ਓ. (ਸੁਖਿੰਦਰ ਸਿੰਘ ਕੈਸਿਡੀ) ਨੇ ਆਪਣਾ ਪਦਭਾਰ ਸੰਭਾਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਦੇ ਉਜਵਲ ਭਵਿੱਖ ਅਤੇ ਵਿੱਤੀ ਲਾਭ ਵਾਸਤੇ ਉਕਤ ਫੈਸਲਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਕੰਪਨੀ ਦੇ 5 ਦਫ਼ਤਰ ਹਨ ਜਿੱਥੇ ਕਿ ਕਾਫੀ ਮੁਲਾਜ਼ਮ ਕੰਮ ਕਰਦੇ ਹਨ।
ਜ਼ੈਰੋ ਕੰਪਨੀ ਦੇ ਅਕਾਊਂਟਿੰਗ ਸਾਫ਼ਟਵੇਅਰ ਤਹਿਤ 3.5 ਮਿਲੀਅਨ ਛੋਟੇ ਕਾਰੋਬਾਰੀ ਸਬਸਕਰਾਈਬਰ ਹਨ ਅਤੇ ਕੰਪਨੀ ਵੱਲੋਂ ਕੋਰ ਅਕਾਊਂਟਿੰਗ ਸੋਲਿਊਸ਼ਨ, ਪੇਅਰੋਲ, ਵਰਕਫੋਰਸ ਮੈਨੇਜਮੈਂਟ, ਖਰਚੇ, ਖਰੀਦ-ਓ-ਫ਼ਰੋਖ਼ਤ ਅਤੇ ਹੋਰ ਪ੍ਰਾਜੈਕਟ ਆਦਿ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਜ਼ਿਕਰਯੋਗ ਇਹ ਵੀ ਹੈ ਕਿ ਦੇਸ਼ ਵਿੱਚ ਕੁੱਝ ਦਿਨ ਪਹਿਲਾਂ ਹੀ ਇੱਕ ਹੋਰ ਸਾਫ਼ਟਵੇਅਰ ਕੰਪਨੀ (ਐਟਲੇਸ਼ੀਅਨ) ਨੇ ਵੀ ਘੱਟ ਕੰਮ ਅਤੇ ਵਿੱਤੀ ਸੰਕਟ ਦਾ ਹਵਾਲਾ ਦਿੰਦਿਆਂ ਆਪਣੇ 500 ਕਾਮਿਆਂ ਦੀ ਛਾਂਟੀ ਕਰਨ ਦੀ ਗੱਲ ਕੀਤੀ ਹੈ ਜੋ ਕਿ ਕੰਪਨੀ ਦੀ ਕੁੱਲ ਵਰਕਫੋਰਸ ਦਾ 5% ਬਣਦਾ ਹੈ।