ਨੌਜਵਾਨ ਮਹਿਲਾ ਕੈਦੀ ਦੀ ਅਪੀਲ -ਉਸਦਾ ਮਾਮਲਾ ਮਹਿਲਾ ਜੱਜ ਦੁਆਰਾ ਹੀ ਸੁਣਿਆ ਜਾਵੇ, ਅਦਾਲਤ ਵੱਲੋਂ ਖਾਰਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮਾਰਚ 2019 ਦੇ ਇੱਕ ਮਾਮਲੇ ਵਿੱਚ ਵਾਗਾ ਵਾਗਾ ਪੁਲਿਸ ਸਟੇਸ਼ਨ ਵਿਖੇ, ਪੁਲਿਸ ਵੱਲੋਂ ਇੱਕ ਐਬੋਰਿਜਨਲ ਲੜਕੀ (ਉਸ ਸਮੇਂ 15 ਸਾਲਾਂ ਦੀ) ਨੂੰ ਕਾਰ ਚੁਰਾਉਣ ਦੇ ਮਾਮਲੇ ਵਿੱਚ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸਦੇ ਸਾਰੇ ਕੱਪੜੇ ਲੁਹਾ ਕੇ (strip-searched) ਤਲਾਸ਼ੀ ਲਈ ਗਈ ਸੀ ਜਿਸ ਦੀ ਕਿ ਚਹੁੰ ਤਰਫੋਂ ਨਿੰਦਾ ਕੀਤੀ ਗਈ ਸੀ। ਮਾਮਲੇ ਦੀ ਪੜਤਾਲ ਦੌਰਾਨ ਹੁਣ ਜਦੋਂ ਉਕਤ ਲੜਕੀ ਨੇ ਅਦਾਲਤ ਕੋਲ ਦਰਖਾਸਤ ਕੀਤੀ ਕਿ ਉਸਦੇ ਮਾਮਲੇ ਦੀ ਸੁਣਵਾਈ ਕਿਸੇ ਮਹਿਲਾ ਜੱਜ ਕੋਲੋਂ ਹੀ ਕਰਵਾਈ ਜਾਵੇ ਅਤੇ ਜਦੋਂ ਉਸ ਵੇਲੇ ਦੀ ਵੀਡੀਉ ਫੁਟੇਜ ਦਿਖਾਈ ਜਾਵੇ ਤਾਂ ਅਦਾਲਤ ਅੰਦਰ ਕੋਈ ਵੀ ਪੁਰਸ਼ ਮੌਜੂਦ ਨਹੀਂ ਹੋਣਾ ਚਾਹੀਦਾ ਕਿਉਂਕਿ ਕਿਸੇ ਔਰਤ ਨੂੰ ਇਸ ਤਰ੍ਹਾਂ ਦੇਖਣਾ ਦੇਸ਼ ਦੇ ਮੂਲ ਨਿਵਾਸੀਆਂ ਦੇ ਰੀਤੀ-ਰਿਵਾਜਾਂ ਅਤੇ ਜੀਵਨ ਸ਼ੈਲੀ ਦੇ ਖ਼ਿਲਾਫ਼ ਹੈ। ਪਰੰਤੂ ਨਿਊ ਸਾਊਥ ਵੇਲਜ਼ ਦੀ ਅਦਾਲਤ ਨੇ ਉਸਦੀ ਇਸ ਅਪੀਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਪੁਲਿਸ ਨੇ ਉਸਦੀ ਤਲਾਸ਼ੀ ਲਈ ਸੀ ਅਤੇ ਉਸਨੇ ਮਹਿਲਾ ਪੁਲਿਸ ਕਰਮਚਾਰੀਆਂ ਉਪਰ ਲੱਤਾਂ ਨਾਲ ਹਮਲਾ ਵੀ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਵਰਦੀ ਉਪਰ ਲੱਗੇ ਕੈਮਰੇ ਵੀ ਤੋੜ ਦਿੱਤੇ ਸਨ।
ਲੜਕੀ ਦਾ ਡਿਫੈਂਸ ਕਰ ਰਹੇ ਵਕੀਲ ਦਾ ਕਹਿਣਾ ਹੈ ਕਿ ਤਲਾਸ਼ੀ ਬਿਲਕੁਲ ਨਾਜਾਇਜ਼ ਸੀ ਅਤੇ ਗੈਰ-ਕਾਨੂੰਨੀ ਵੀ। ਕੈਮਰਾ ਫੂਟੇਜ ਵਿੱਚ ਲੜਕੀ ਨੂੰ ਨਿਰਵਸਤਰ ਦਿਖਾਇਆ ਗਿਆ ਹੈ।
ਐਬੋਰਿਜਨਲ ਕਾਨੂੰਨੀ ਸੇਵਾਵਾਂ ਦੇ ਮਾਹਿਰ ਇੱਕ ਫੀਲਡ ਅਫ਼ਸਰ ਦਾ ਕਹਿਣਾ ਹੈ ਕਿ ਐਬੋਰਿਜਨਲ ਸਭਿਆਚਾਰ ਵਿੱਚ ਕਿਸੇ ਔਰਤ ਲਈ ਅਜਿਹਾ ਮਾਮਲਾ ਉਸਦਾ ਨਿਜੀ ਮੰਨਿਆ ਜਾਂਦਾ ਹੈ ਅਤੇ ਇਸ ਵਾਸਤੇ ਸਰਕਾਰ ਨੂੰ ਇਸ ਬਾਬਤ ਫਜ਼ੂਲ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ ਅਤੇ ਮਾਮਲਾ ਮਹਿਲਾ ਜੱਜ ਦੇ ਸਪੁਰਦ ਕਰ ਦੇਣਾ ਚਾਹੀਦਾ ਸੀ ਕਿਉਂਕਿ ਇਹ ਪਰੰਪਰਾਵਾਂ ਦੀਆਂ ਧਾਰਨਾਵਾਂ ਦੇ ਮਾਮਲੇ ਹੁੰਦੇ ਹਨ ਅਤੇ ਹਜ਼ਾਰਾਂ ਸਾਲਾਂ ਤੋਂ ਚਲੇ ਆ ਰਹੇ ਹੁੰਦੇ ਹਨ ਅਤੇ ਕੋਈ ਵੀ ਆਪਣੇ ਅਜਿਹੇ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਬਰਦਾਸ਼ਤ ਨਹੀਂ ਕਰਦਾ।
ਜ਼ਿਕਰਯੋਗ ਹੈ ਕਿ ਉਕਤ ਵਾਕਿਆ (ਮਾਰਚ 2019) ਤੋਂ ਬਾਅਦ ਲੜਕੀ ਨੂੰ ਇੱਕ ਦਮ ਜ਼ਮਾਨਤ ਨਹੀਂ ਦਿੱਤੀ ਗਈ ਅਤੇ 6 ਮਹੀਨਿਆਂ ਤੋਂ ਵੀ ਜ਼ਿਆਦਾ ਜੇਲ੍ਹ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ ਉਸਨੂੰ ਜ਼ਮਾਨਤ ਤੇ ਰਿਹਾ ਕੀਤਾ ਗਿਆ।

Install Punjabi Akhbar App

Install
×