ਪੁਲਿਸ ਹਿਰਾਸਤ ਅੰਦਰ ਐਬੋਰਿਜਨਲ ਕੈਦੀਆਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ -ਜ਼ਿਆਦਾਤਰ ਐਬੋਰਿਜਨਲ ਕੈਦੀ ਛੋਟੇ ਮੋਟੇ ਗੁਨਾਹਗਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਕਈ ਸਾਲਾਂ ਤੋਂ ਆਸਟ੍ਰੇਲੀਆ ਅੰਦਰ ਐਬੋਰਿਜਨਲ ਲੋਕਾਂ ਦੀ ਪੁਲਿਸ ਹਿਰਾਸਤ ਵਿੱਚ ਮੌਤ ਹਮੇਸ਼ਾ ਹੀ ਇੱਕ ਅਣਸੁਲਝੀ ਗੁੱਥੀ ਬਣ ਕੇ ਰਹਿ ਜਾਂਦਾ ਹੈ ਅਤੇ ਇਸ ਹਫਤੇ ਤਾਂ ਰਾਇਲ ਕਮਿਸ਼ਨ ਦੀਆਂ ਰਿਪੋਰਟਾਂ ਆਦਿ ਨੂੰ ਵੀ ਅਣਗੌਲ਼ਿਆਂ ਹੋਇਆਂ ਤਕਰੀਬਨ 30 ਸਾਲ ਹੋ ਰਹੇ ਹਨ ਅਤੇ ਪਾਇਆ ਇਹੀ ਜਾ ਰਿਹਾ ਰਿਹਾ ਹੈ ਕਿ ਆਸਟ੍ਰੇਲੀਆਈ ਪੁਲਿਸ ਦੀ ਹਿਰਾਸਤ ਵਿੱਚ ਕੈਦੀਆਂ ਦੀ ਮੌਤਾਂ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਦੌਰਾਨ ਜਿਹੜੇ ਐਬੋਰਿਜਨਲ ਕੈਦੀ ਮਾਰੇ ਜਾਂਦੇ ਹਨ, ਉਨ੍ਹਾਂ ਦਾ ਗੁਨਾਹ ਵੀ ਬਹੁਤ ਜ਼ਿਆਦਾ ਛੋਟਾ-ਮੋਟਾ ਹੀ ਹੁੰਦਾ ਹੈ ਅਤੇ ਉਹ ਕਿਸੇ ਵੱਡੇ ਗੁਨਾਹ ਦੇ ਧਾਰਨੀ ਨਹੀਂ ਹੁੰਦੇ।
ਨੂੰਗਾਰ ਭਾਈਚਾਰੇ ਦੀ ਵਿਨੀ ਹੇਅਵਰਡ ਰੋਂਦੀ ਰੋਂਦੀ ਦੱਸਦੀ ਹੈ ਕਿ ਉਸਦਾ 16 ਸਾਲਾਂ ਦਾ ਬੇਟਾ -ਕ੍ਰਿਸਟੋਫਰ ਡਰੇਜ ਅਤੇ 17 ਸਾਲਾਂ ਦੇ ਦੋਸਤ ਟ੍ਰਿਸਜੈਕ ਸਿੰਪਸਨ ਅਤੇ ਤਿੰਨ ਹੋਰ ਦੋਸਤਾਂ ਨਾਲ ਸਤੰਬਰ 2018 ਵਿੱਚ, ਪਰਥ ਦੇ ਮੇਲੈਂਡਜ਼ ਅੰਦਰ, ਇੱਕ ਘਰ ਦੀ ਚਾਰ ਦਿਵਾਰੀ ਟੱਪਦਾ ਪੁਲਿਸ ਵੱਲੋਂ ਦੇਖਿਆ ਗਿਆ ਤਾਂ ਪੁਲਿਸ ਵਾਲਿਆਂ ਨੂੰ ਦੇਖ ਕੇ ਉਹ ਸਾਰੇ ਦੇ ਸਾਰੇ ਹੀ ਡਰ ਕਾਰਨ ਉਥੋਂ ਦੌੜ ਗਏ। ਕਾਂਸਟੇਬਲ ਲਿੰਡਸੇ ਜੈਫਰੀ ਅਤੇ ਐਲਾ ਕਟਲਰ (ਪੱਛਮੀ ਆਸਟ੍ਰੇਲੀਆ ਪੁਲਿਸ) ਨੇ ਉਨ੍ਹਾਂ ਉਪਰ ਇਲਜ਼ਾਮ ਲਗਾਏ ਕਿ ਇਹ ਬੱਚੇ ਘਰ ਅੰਦਰ ਚੋਰੀ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਦੇਖ ਕੇ ਦੌੜ ਗਏ ਅਤੇ ਪੁਲਿਸ ਨੇ ਵੀ ਉਨ੍ਹਾਂ ਦਾ ਪਿੱਛਾ ਕੀਤਾ। ਭੱਜਦੇ ਭੱਜਦੇ ਉਹ ਸਾਰੇ ਦੇ ਸਾਰੇ ਹੀ ਬਚਣ ਖਾਤਰ ਸਵੈਨ ਨਦੀ ਵਿੱਚ ਕੁੱਦ ਗਏ ਅਤੇ ਤੈਰ ਕੇ ਦੂਸਰੇ ਕਿਨਾਰੇ ਤੇ ਜਾਣ ਲੱਗੇ। ਕ੍ਰਿਸਟੋਫਰ ਅਤੇ ਟ੍ਰਿਸਜੈਕ ਪਾਣੀ ਦਾ ਤੇਜ਼ ਬਹਾਅ ਅਤੇ ਠੰਢ ਨੂੰ ਬਰਦਾਸ਼ਤ ਨਾ ਕਰ ਪਾਏ ਅਤੇ ਨਦੀ ਵਿੱਚ ਹੀ ਡੁੱਬ ਕੇ ਆਪਣੀ ਜਾਨ ਗੁਆ ਬੈਠੇ। ਦੋਹੇਂ ਕਾਂਸਟੇਬਲ ਕਿਨਾਰੇ ਉਪਰ ਖੜ੍ਹ ਕੇ ਇਹ ਨਜ਼ਾਰਾ ਦੇਖਦੇ ਰਹੇ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਬਚਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਅਤੇ ਬਾਅਦ ਵਿੱਚ ਦੋਹਾਂ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨਦੀ ਦੇ ਪਾਣੀ ਵਿੱਚੋਂ ਬਰਾਮਦ ਕੀਤੀਆਂ ਗਈਆਂ।
ਕਿਉਂਕਿ ਦੋਹਾਂ ਬੱਚਿਆਂ ਦੀ ਮੌਤ, ਪੁਲਿਸ ਦੀ ਮੌਜੂਦਗੀ ਵਿੱਚ ਹੀ ਹੋਈ ਸੀ, ਇਸ ਵਾਸਤੇ ਪੱਛਮੀ ਆਸਟ੍ਰੇਲੀਆ ਪੁਲਿਸ ਕਮਿਸ਼ਨਰ ਨੇ ਇਸਨੂੰ ਪੁਲਿਸ ਹਿਰਾਸਤ ਵਿਚਲੀ ਮੌਤ ਹੀ ਕਰਾਰ ਦਿੱਤਾ।
ਅਜਿਹੀਆਂ ਕਈ ਕਹਾਣੀਆਂ/ਹਕੀਕਤਾਂ ਹਨ ਜੋ ਦਰਸਾਉਂਦੀਆਂ ਹਨ ਕਿ ਜਿਨ੍ਹਾਂ ਐਬੋਰਿਜਨਲ ਅਤੇ ਟੋਰਸ ਆਈਲੈਂਡਰ ਵਿਅਕਤੀਆਂ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੋਈ -ਉਹ ਬਹੁਤ ਹੀ ਮਾਮੂਲੀ ਗੁਨਾਹਾਂ ਦੇ ਗੁਨਾਹਗਾਰ ਸਨ ਅਤੇ ਜੇਕਰ ਪੁਲਿਸ ਚਾਹੁੰਦੀ ਤਾਂ ਅਜਿਹੀਆਂ ਮੌਤਾਂ ਨੂੰ ਹੋਣ ਤੋਂ ਟਾਲ਼ਿਆ ਜਾ ਸਕਦਾ ਸੀ।
ਏ.ਆਈ.ਸੀ. (Australian Institute of Criminology’s) ਦੇ ਆਂਕੜੇ ਦਰਸਾਉਂਦੇ ਹਨ ਕਿ ਬੀਤੇ 30 ਸਾਲਾਂ ਦੌਰਾਨ (1989-90 ਤੋਂ 2018-19) ਪੁਲਿਸ ਹਿਰਾਸਤ ਵਿੱਚ ਕੁੱਲ 858 ਮੌਤਾਂ ਹੋਈਆਂ ਜਿਨ੍ਹਾਂ ਵਿਚੋਂ ਕਿ 168 ਐਬੋਰਿਜਨਲ ਕੈਦੀ ਸਨ ਅਤੇ ਪੁਲਿਸ ਹਿਰਾਸਤ ਵਿੱਚ ਸਨ ਅਤੇ ਇਨ੍ਹਾਂ ਵਿੱਚੋਂ 53 ਅਜਿਹੇ ਸਨ ਜਿਹੜੇ ਕਿ ਮਾਮੂਲੀ ਚੋਰੀ ਦੇ ਇਲਜ਼ਾਮ ਵਿੱਚ ਪੁਲਿਸ ਵੱਲੋਂ ਫੜੇ ਗਏ ਸਨ ਅਤੇ 39 ਅਜਿਹੇ ਸਨ ਜਿਹੜੇ ਕਿ ਸ਼ਰਾਬ ਸਬੰਧੀ, ਲੜਾਈ ਝਗੜਿਆਂ ਸਬੰਧੀ ਅਤੇ ਜਾਂ ਫੇਰ ਜੁਰਮਾਨੇ ਆਦਿ ਅਦਾ ਨਾ ਕਰਨ ਦੀ ਸੂਰਤ ਵਿੱਚ ਪੁਲਿਸ ਵੱਲੋਂ ਫੜੇ ਗਏ ਸਨ।

Install Punjabi Akhbar App

Install
×