ਨਿਊਜ਼ੀਲੈਂਡ ਦੇ ਵਿਚ ਆਮ ਆਦਮੀ ਪਾਰਟੀ ਵਰਕਰਾਂ ਦੇ ਵਿਚ ਬੇਹੱਦ ਖੁਸ਼ੀ ਦੀ ਲਹਿਰ-ਮਨਾਏ ਜਾਣਗੇ ਵੱਡੇ ਜਸ਼ਨ

NZ PIC 10 Feb-1ਨਿਊਜ਼ੀਲੈਂਡ ਦੇ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਦੇ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਆ ਰਹੇ ਰੁਝਾਨ ਵੇਲੇ ਤੋਂ ਹੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਸੀ। ਹੁਣ ਜਦ ਕਿ ਦਿੱਲੀ ਵਿਧਾਨ ਸਭਾ ਦੇ ਉਤੇ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਿਲ ਕਰ ਲਈ ਹੈ ਤਾਂ ਇਹ ਖੁਸ਼ੀ ਦੋਹਰੀ ਤਿਹਰੀ ਹੋ ਕੇ ਨਵੀਂ ਦਿੱਲੀ ਨੂੰ ਇਕ ਬਦਲਵੇਂ ਰੂਪ ਵਿਚ ਵੇਖ ਰਹੀ ਹੈ। ਆਮ ਆਦਮੀ ਪਾਰਟੀ ਨੇ 67 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ ਜਦ ਕਿ ਭਾਜਪਾ ਦੇ ਪੱਲੇ ਸਿਰਫ 3 ਹੀ ਪਈਆਂ ਹਨ।
ਪਾਰਟੀ ਕਾਰਕੁੰਨ ਸ. ਖੜਗ ਸਿੰਘ ਜੋ ਕਿ ਅਮਰੀਕਾ ਦੌਰੇ ‘ਤੇ ਹਨ ਨੇ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਸੱਚ ਦੀ ਪ੍ਰੋੜਤਾ ਉਤੇ ਖੜਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਇਹ ਜਿੱਤ ਆਮ ਆਦਮੀ ਅਤੇ ਚੰਗੀ ਸੋਚ ਦੀ ਹੋਈ ਹੈ। ਜੇਕਰ ਲੋਕਾਂ ਨੇ ਵੋਟਾਂ ਦਾ ਮੀਂਹ ਵਰ੍ਹਾਇਆ ਹੈ ਤਾਂ ਇਹ ਇਸ ਗੱਲ ਦੀ ਪੁਸ਼ਟੀ ਹੈ ਕਿ ਲੋਕ ਗੰਦੀ ਅਤੇ ਬੇਈਮਾਨ ਰਾਜਨੀਤੀ ਤੋਂ ਤੰਗ ਆ ਚੁਕੇ ਹਨ। ਮੌਜੂਦਾ ਸਰਕਾਰਾਂ ਨੂੰ ਅਜਿਹੀ ਸਥਿਤੀ ਦੇ ਵਿਚ ਆਪਣੀਆਂ ਨੀਤੀਆਂ ਦੀ ਹਾਰ ਸੁਚੇਤ ਲੋਕਾਂ ਨੂੰ ਸ਼ਰੇਆਮ ਮੰਗਣੀ ਚਾਹੀਦੀ ਹੈ। ਉਨ੍ਹਾਂ ਆਪਣੇ ਵੱਲੋਂ ਸਾਰੇ ਹੀ ਪਾਰਟੀ ਵਰਕਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਵਾਪਿਸ ਪਹੁੰਚ ਕੇ ਇਕ ਵਧੀਆ ਪ੍ਰੋਗਰਾਮ ਰੱਖਣਗੇ ਜਿਸ ਵਿਚ ਸਾਰੇ ਪਾਰਟੀ ਵਰਕਰਾਂ ਅਤੇ ਸਹਿਯੋਗੀਆਂ ਦਾ ਰਸਮੀ ਧੰਨਵਾਦ ਕੀਤਾ ਜਾਵੇਗਾ। ਸ. ਖੜਗ ਸਿੰਘ ਨੇ ਨਵੀਂ ਦਿੱਲੀ ਦੇ ਵਿਚ ਜਿੱਤੇ ਸਾਰੇ ਪੰਜਾਬੀ ਵਿਧਾਇਕਾਂ ਨੂੰ ਵੀ ਵਧਾਈ ਦਿੱਤੀ ਹੈ ਜੋ ਕਿ ਸਿੱਖਾਂ ਦੇ ਨਾਲ ਜੁੜੇ ਮਾਮਲਿਆਂ ਵੱਲ ਖਾਸ ਧਿਆਨ ਦੇਣਗੇ।
ਸ੍ਰੀ ਰਾਜੀਵ ਬਾਜਵਾ ਨੇ ਵੀ ਜਾਰੀ ਆਪਣੇ ਬਿਆਨ ਵਿਚ ਕਿਹਾ ਹੈ ਕਿ ਧੱਕੇਸ਼ਾਹੀ ਦੀ ਰਾਜਨੀਤੀ ਦਾ ਡੰਡਾ ਹੁਣ ਚੱਲਣ ਵਾਲਾ ਨਹੀਂ ਹੈ। ਦਿੱਲੀ ਤੋਂ ਬਾਅਦ ਪੰਜਾਬ ਸਮੇਤ ਹੋਰ ਰਾਜਾਂ ਦੇ ਵਿਚ ਵੀ ਆਮ ਆਦਮੀ ਪਾਰਟੀ ਦੀ ਬੁਨਿਆਦ ਆਉਣ ਵਾਲੇ ਸਮੇਂ ਵਿਚ ਸਮੀਕਰਣ ਬਦਲੇਗੀ। ਇਹ ਜਿੱਤ ਹਰ ਉਸ ਭਾਰਤੀ ਦੀ ਜਿੱਤ ਹੈ ਜਿਹੜਾ ਭਾਰਤ ਨੂੰ ਇਕ ਵਿਕਸਤ ਦੇਸ਼ ਵੇਖਣਾ ਲੋਚਦਾ ਹੈ ਅਤੇ ਇਮਾਨਦਾਰ ਵਿਵਸਥਾ ਦੀ ਆਸ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸੰਪਰਦਾਈ ਤਾਕਤਾਂ ਅਤੇ ਧਰਮਾਂ ਦੇ ਨਾਂਅ ‘ਤੇ ਹੁੰਦੀ ਰਾਜਨੀਤੀ ਅੱਜ ਦੇ ਮਨੁੱਖ ਉਤੇ ਨਹੀਂ ਹੋ ਸਕਦੀ। ਉਨ੍ਹਾਂ ਨਿਊਜ਼ੀਲੈਂਡ ਦੇ ਸਾਰੇ ਵਰਕਰਾਂ, ਪੂਰੀ ਧਰਤੀ ਦੇ ਉਤੇ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ,  ਫੰਡ ਰੇਜਿੰਗ ਵਿਚ ਹਿੱਸਾ ਪਾਉਣ ਵਾਲੇ ਸਾਰੇ ਸਹਿਯੋਗੀਆਂ ਅਤੇ ਭਾਰਤ ਦੇ ਵਿਕਾਸ ਦਾ ਸੁਪਨਾ ਵੇਖਣ ਵਾਲੇ ਹਰ ਉਸ ਸਖਸ਼ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਦਿੱਲੀ ਰਾਜਨੀਤੀ ਦਾ ਨਕਸ਼ਾ ਬਦਲਿਆ ਹੈ। ਉਨ੍ਹਾਂ ਸ੍ਰੀ ਅਰਵਿੰਦ ਕੇਜਰੀਵਾਲ ਦੀ ਇਸ ਗੱਲ ਦੀ ਹਦਾਇਤ ਵੀ ਕੀਤੀ ਕਿ ਜਿਸ ਵਿਚ ਉਨ੍ਹਾਂ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਪ੍ਰਮਾਤਮਾ ਅੱਗੇ ਅਰਦਾਸ ਕਰੋ ਅਸੀਂ ਵਧੀਆ ਕੰਮ ਕਰ ਸਕੀਏ। ਸ੍ਰੀ ਰਾਜੀਵ ਬਾਜਵਾ ਨੇ ਇਸ ਜਿੱਤ ਦੇ ਵਿਚ ਸਮੁੱਚੇ ਦੇਸ਼ ਅਤੇ ਵਿਦੇਸ਼ ਦੇ ਮੀਡੀਆ ਦਾ ਖਾਸਾ ਯੋਗਦਾਨ ਮੰਨਿਆ ਹੈ ਜਿਸ ਨੇ ਸੱਚ ਦੀ ਆਵਾਜ਼ ਬੁਲੰਦ ਕਰਕੇ ਹਰ ਆਮ ਵਿਅਕਤੀ ਦੇ ਦਿਲ ਦਿਮਾਗ ਦੇ ਵਿਚ ਆਮ ਆਦਮੀ ਪਾਰਟੀ ਨੂੰ ਇਕ ਸੱਚੀ ਸੁੱਚੀ ਪਾਰਟੀ ਹੋਣ ਦਾ ਸੁਨੇਹਾ ਦਿੱਤਾ ਹੈ।
ਸ. ਫਤਿਹ ਸਿੰਘ ਹੋਰਾਂ ਨੇ ਨਿਊਜੀਲੈੰਡ ਵਿੱਚ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਜਿੱਤ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੀ ਜਿੱਤ ਆਮ ਆਦਮੀ ਦੇ ਨਾਮ ਦਰਜ ਹੁੰਦੀ ਹੈ ਅਤੇ ਨਾਲ ਹੀ ਉਹਨਾ ਨੇ ਸਾਰੇ ਭਾਰਤੀ ਭਾਈਚਾਰੇ ਦਾ ਪਾਰਟੀ ਨੂੰ ਇਹ ਜਿੱਤ ਦਿਵਾਉਣ ਲਈ ਤੰਨ, ਮੰਨ, ਧੰਨ ਨਾਲ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ
ਚੋਣਾਂ ਦੌਰਾਨ ਸੌਦਾ ਸਾਧ ਦੀ ਚੱਲਣ ਵਾਲੀ ਤੋਪ ਫੁੱਸ ਨਿਕਲੀ-ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ
ਸੁਪਰੀਮ ਸਿੱਖ ਕੌਂਸਿਲ ਨਿਊਜ਼ੀਲੈਂਡ ਵੱਲੋਂ ਨਵੀਂ ਦਿੱਲੀ ਵਿਖੇ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਅਤੇ ਇਨ੍ਹਾਂ ਜਿੱਤਾਂ ਦੌਰਾਨ ਜਿੱਤੇ ਵਿਧਾਇਕਾਂ ਖਾਸ ਕਰਕੇ ਸਾਰੇ ਸਿੱਖ ਵਿਧਾਇਕਾਂ ਨੂੰ ਵਧਾਈ ਦਿੱਤੀ ਹੈ। ਸਿੱਖ ਕੌਂਸਿਲ ਦੇ ਬੁਲਾਰੇ ਨੇ ਇਹ ਸਪਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਇਕ ਪਾਰਟੀ ਦੇ ਸਮਰਥਕ ਜਾਂ ਦੋਸ਼ੀ ਨਹੀਂ ਹਨ, ਜਿਹੜੀ ਵੀ ਪਾਰਟੀ ਭਾਰਤ ਦੇਸ਼ ਅਤੇ ਸਿੱਖ ਕੌਮ ਲਈ ਚੰਗਾ ਕੰਮ ਕਰਦੀ ਹੈ, ਉਸਦੀ ਹਮੇਸ਼ਾਂ ਹਮਾਇਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਚੌਣਾਂ ਦੌਰਾਨ ਸੌਦਾ ਸਾਧ (ਗੁਰਮੀਤ ਰਾਮ ਰਹੀਮ) ਦੀ ਚੱਲਣ ਵਾਲੀ ਤੋਪ ਕਿ ਉਸਦੇ ਕੋਲ 20 ਲੱਖ ਵੋਟਰ ਹਨ, ਵੀ ਫੁੱਸ ਨਿਕਲੀ ਹੈ। ਭਾਜਪਾ ਨੂੰ ਲੋਕ ਐਨਾ ਨਕਾਰ ਦੇਣਗੇ ਕਦੇ ਉਨ੍ਹਾਂ ਦੇ ਕਿਸੇ ਵੀ ਲੀਡਰ ਨੇ ਨਹੀਂ ਸੋਚਿਆ ਹੋਵੇਗਾ। ਇਸ ਝੂਠੇ ਬਾਬੇ ਦੀਆਂ ਗੱਲਾਂ ਅਤੇ ਹਦਾਇਤਾਂ ਦੇ ਵਿਚ ਕੋਈ ਵੀ ਲੋਕ ਨਹੀਂ ਆਇਆ ਜਿਸ ਦਾ ਸਿੱਧ ਮਤਲਬ ਹੈ ਕਿ ਲੋਕ ਅੱਗੇ ਤੋਂ ਵੀ ਅਜਿਹੇ ਅਖੌਤੀ ਸਾਧਾਂ ਨੂੰ ਮੂੰਹ ਨਹੀਂ ਲਾਉਣਗੇ। ਕੌਂਸਿਲ ਵੱਲੋਂ ਚੁਣੇ ਗਏ ਸਾਰੇ ਪੰਜਾਬੀ ਅਤੇ ਸਿੱਖ ਵਿਧਾਇਕਾਂ ਨੂੰ ਲੱਖ-ਲੱਖ ਵਧਾਈ ਦਿੱਤੀ ਗਈ ਹੈ।

Install Punjabi Akhbar App

Install
×