ਪੰਜਾਬ ਦੌਰੇ ‘ਤੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਨਿਕਲੇ ਹੋਏ ਦਿੱਲੀ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਅਰਵਿੰਦਰ ਕੇਜਰੀਵਾਲ ਉਤੇ ਕੱਲ੍ਹ ਲੁਧਿਆਣਾ-ਫਿਰੋਜ਼ਪੁਰ ਰੋਡ ਉਤੇ ਜਦੋਂ ਉਹ ਕੁਝ ਸਨਅਤਕਾਰਾਂ ਦੇ ਨਾਲ ਗੱਲਬਾਤ ਕਰਕੇ ਬਾਹਰ ਨਿਕਲ ਰਹੇ ਸਨ ਤਾਂ ਗੱਡੀ ਦੇ ਵਿਚ ਬੈਠਣ ਲੱਗਿਆਂ ਉਨ੍ਹਾਂ ਉਤੇ ਪੱਥਰਾਂ ਅਤੇ ਡਾਂਗਾ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਵੀ ਟੁੱਟੇ। ਇਸ ਘਟਨਾ ਦੀ ਜਿੱਥੇ ਦੇਸ਼-ਵਿਦੇਸ਼ ਦੇ ਵਿਚ ਘੋਰ ਨਿੰਦਾ ਹੋ ਰਹੀ ਹੈ ਉਥੇ ਨਿਊਜ਼ੀਲੈਂਡ ਦੇ ਵਿਚ ਸਥਾਪਿਤ ਆਮ ਆਦਮੀ ਪਾਰਟੀ ਵਿੰਗ ਨੇ ਵੀ ਇਸ ਦੀ ਸਖਤ ਸ਼ਬਦਾਂ ਦੇ ਵਿਚ ਨਿਖੇਧੀ ਕੀਤੀ ਹੈ। ਵੱਟਸ ਅੱਪ ‘ਤੇ ਸਥਾਪਿਤ ਆਮ ਆਦਮੀ ਦੇ ਸਾਰੇ ਵਲੰਟੀਅਰਜ ਨੇ ਅੱਜ ਇਸ ਘਟਨਾ ਉਤੇ ਆਪਸੀ ਚਰਚਾ ਕੀਤੀ ਅਤੇ ਪੰਜਾਬ ਦੇ ਮੌਜੂਦਾ ਪ੍ਰਸ਼ਾਸ਼ਣ ਨੂੰ ਇਸ ਦੇ ਲਈ ਜਿੰਮੇਵਾਰ ਠਹਿਰਾਇਆ। ਸ. ਖਗੜ ਸਿੰਘ ਅਤੇ ਸ੍ਰੀ ਰਾਜੀਵ ਬਾਜਵਾ ਹੋਰਾਂ ਸਾਰਿਆਂ ਦੇ ਨਾਲ ਤਾਲਮੇਲ ਬਣਾਇਆ। ਉਨ੍ਹਾਂ ਆਉਣ ਵਾਲੀਆਂ ਚੋਣਾਂ ਦੇ ਵਿਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਉਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਆਖਿਆ ਕਿ ਮੌਜੂਦਾ ਸਰਕਾਰ ਭਵਿੱਖ ਦੇ ਵਿਚ ਆਮ ਆਦਮੀ ਦੀ ਹੋਣ ਵਾਲੀ ਜਿੱਤ ਤੋਂ ਹੁਣੇ ਬੌਖਲਾ ਗਈ ਹੈ ਅਤੇ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਕੇ ਆਪਣਾ ਦਬਦਬਾ ਬਣਾਉਣਾ ਚਾਹੁੰਦੀ ਹੈ। ਪਰ ਸ੍ਰੀ ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਕਾਰ ਨੂੰ ਤਾਂ ਤੋੜਿਆ ਜਾ ਸਕਦਾ ਹੈ ਪਰ ਉਨ੍ਹਾਂ ਦੇ ਹੌਂਸਲੇ ਅਤੇ ਸਪਿਰਿਟ ਨੂੰ ਨਹੀਂ ਤੋੜਿਆ ਜਾ ਸਕਦਾ। ਇਸ ਦੇ ਨਾਲ ਸਾਰੇ ਵਲੰਟੀਅਰਜ਼ ਦੇ ਵਿਚ ਵੀ ਪੂਰਾ ਜੋਸ਼ ਭਰ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿਚ ਉਹ ਵੀ ਪੂਰੀ ਤਰ੍ਹਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸੁਚੇਤ ਹੋ ਕੇ ਆਪਣਾ ਪ੍ਰਬੰਧ ਰੱਖਣਗੇ।