ਸ਼ੈਲਰ ਮਾਲਕਾਂ ਨਾਲ ਬਾਰਦਾਨੇ ਦੇ ਨਾਂ ਤੇ ਧੱਕਾ ਕਰ ਰਹੀ ਹੈ ਪੰਜਾਬ ਸਰਕਾਰ- ਸ੍: ਨਿੱਜਰ

ਆਮ ਆਦਮੀ ਪਾਰਟੀ ਦੇ ਟ੍ਰੇਡ ਵਿੰਗ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਡਿਪਟੀ ਪ੍ਰਧਾਨ ਪੰਜਾਬ ਅਨਿਲ ਠਾਕੁਰ ਨੇ ਵੀ ਹਿੱਸਾ ਲਿਆ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਵਪਾਰੀਆਂ ਉਤੇ ਪ੍ਰੋਫੈਸ਼ਨਲ ਟੈਕਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2.5 ਲੱਖ ਦੀ ਆਮਦਨ ਉਤੇ ਲਗਾਏ ਗਏ 200 ਰੁਪਏ ਪ੍ਰਤੀ ਮਹੀਨਾ ਟੈਕਸ ਨਾਲ ਵਪਾਰੀਆਂ ਉਤੇ ਹੋਰ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਕੋਰੋਨਾ ਦੇ ਚਲਦਿਆਂ ਵਪਾਰੀਆਂ ਦੇ ਕਾਰੋਬਾਰ ਦਾ ਬਹੁਤ ਮੰਦਾ ਚਲ ਰਿਹਾ ਹੈ, ਵਪਾਰੀਆਂ ਨੂੰ ਆਪਣਾ ਕਾਰੋਬਾਰ ਚਲਾਉਣਾ ਮੁਸ਼ਕਲ ਹੋਇਆ ਪਿਆ ਹੈ, ਦੂਜੇ ਪਾਸੇ ਕੈਪਟਨ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜ੍ਹਨ ਦੀ ਬਜਾਏ ਉਨ੍ਹਾਂ ਉਤੇ ਹੋਰ ਬੋਝ ਪਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਸਰਕਾਰ ਸਭ ਤੋਂ ਨਿਕੰਮੀ ਤੇ ਨਖਿੱਧ ਸਾਬਤ ਹੋ ਰਹੀ ਹੈ, ਜੋ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਲੋਕਾਂ ਉਤੇ ਹੋਰ ਬੋਝ ਪਾ ਕੇ ਦਬਾ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪੰਜਾਬ ‘ਚ ਸ਼ੈਲਰ ਮਾਲਕਾਂ ਨਾਲ ਇਕ ਹੋਰ ਵੱਡਾ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਰਦਾਨੇ ਦੇ ਨਾਂ ਤੇ ਸ਼ੈਲਰ ਮਾਲਕਾਂ ਉਤੇ ਹੋਰ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਪੈਸੇ ਬਾਰਦਾਨੇ ਦੇ ਸੈਲਰ ਮਾਲਕਾਂ ਨੂੰ ਦਿੱਤੇ ਜਾ ਰਹੇ ਹਨ ਉਹ ਬਹੁਤ ਘੱਟ ਹਨ, ਜਦੋਂ ਕਿ ਬਾਰਦਾਨੇ ਦੀ ਕੀਮਤ ਉਸ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਬਾਰਦਾਨੇ ਵਿੱਚ ਵਾਧੂ ਪੈਸੇ ਸੈਲਰ ਮਾਲਕਾਂ ਨੂੰ ਆਪਣੀ ਜੇਬ ਵਿੱਚੋਂ ਪਾਉਣੇ ਪੈਣਗੇ ਜਿਸ ਨਾਲ ਸ਼ੈਲਰ ਮਾਲਕਾਂ ਦੀ ਮਾਲੀ ਹਾਲਤ ਹੋਰ ਖਰਾਬ ਹੋਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਪਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਵਿੱਚ ਟ੍ਰੇਡ ਵਿੰਗ ਪੰਜਾਬ ਵੱਲੋਂ ਪੰਜਾਬ ਦੇ ਵਪਾਰੀਆਂ ਨੂੰ ਜੱਥੇਬੰਦ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਕ ਪਾਸੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਹੈ ਜੋ ਆਪਣੇ ਵਪਾਰੀਆਂ ਨੂੰ ਸਹੂਲਤਾਂ ਦੇ ਰਹੀ ਹੈ ਤਾਂ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਆਪਣਾ ਕਾਰੋਬਾਰ ਕਰ ਸਕਣ। ਵਾਪਰੀਆਂ ਨੂੰ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ, ਹੋਰਨਾਂ ਟੈਕਸਾਂ ਤੋਂ ਵੀ ਰਾਹਤ ਦਿੱਤੀ ਜਾ ਰਹੀ ਹੈ ਤਾਂ ਜੋ ਕਾਰੋਬਾਰੀ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ। ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਹੈ ਜੋ ਆਪਣੀਆਂ ਤਿਜੌਰੀਆ ਭਰਨ ਦੇ ਇਰਾਦੇ ਨਾਲ ਲੋਕਾਂ ਉਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਗਾਕੇ ਉਨ੍ਹਾਂ ਨੂੰ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿ ਸਰਕਾਰ ਦਾ ਕੰਮ ਲੋਕਾਂ ਨੂੰ ਸਹੂਲਤਾ ਦੇਣਾ ਹੁੰਦਾ ਹੈ, ਨਾ ਕਿ ਲੋਕਾਂ ਉਤੇ ਤਰ੍ਹਾਂ ਤਰ੍ਹਾਂ ਦੇ ਟੈਕਸ ਲਗਾਕੇ ਉਨ੍ਹਾਂ ਨੂੰ ਲੁੱਟਣ ਦਾ….।

Install Punjabi Akhbar App

Install
×