ਮੂਰੇ ਪਾਰਕ ਵਿਖੇ, ਫਿਲਮ ਮੇਕਿੰਗ ਖ਼ਿਤੇ ਵਿੱਚ ਨਵੇਂ ਸੁਨਹਿਰੀ ਭਵਿੱਖ ਅਤੇ ਰੌਜ਼ਗਾਰ ਦਾ ਮੌਕਾ

ਨਿਊ ਸਾਊਥ ਵੇਲਜ਼ ਸਰਕਾਰ ਨੇ ਸਿਡਨੀ ਵਿਚਲੀ ਸਟਾਰ ਵਾਰਜ਼ ਦੇ ਨਿਰਮਾਤਾਵਾਂ -ਜੈਡੀ ਅਕੈਡਮੀ (JEDI Academy) ਅਤੇ ਆਈ.ਐਲ.ਐਮ. (Industrial Light & Magic (ILM)) ਨਾਲ ਮਿਲ ਕੇ ਸਾਲ 2021 ਲਈ ਫਿਲਮਾਂ ਬਣਾਉਣ ਖਾਤਰ ਅਜਿਹੇ ਟ੍ਰੇਨਿੰਗ ਕੋਰਸ ਸ਼ੁਰੂ ਕਰ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਹਜ਼ਾਰਾਂ ਨੌਜਵਾਨ ਅਤੇ ਹੋਰ ਫਿਲਮਾਂ ਨੂੰ ਬਣਾਉਣ ਦੇ ਚਾਹਵਾਨ ਇਸ ਖ਼ਿਤੇ ਵਿੱਚ ਰੌਜ਼ਗਾਰ ਦੇ ਮੌਕੇ ਲੱਭ ਕੇ ਆਪਣਾ ਭਵਿੱਖ ਉਜਵਲ ਬਣਾ ਸਕਦੇ ਹਨ।
ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਵੈਸਟਰਨ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੇ ਇਸ ਉਦਮ ਅਤੇ ਪਾਰਟਨਰਸ਼ਿਪ ਕਾਰਨ ਲੋਕਾਂ ਨੂੰ ਅੰਤਰ-ਰਾਸ਼ਟਰੀ ਪੱਧਰ ਉਪਰ ਕੰਮ ਕਰਨ ਅਤੇ ਸਿੱਖਣ ਦਾ ਮੌਕਾ ਮਿਲੇਗਾ ਜਿਸ ਨਾਲ ਕਿ ਰਾਜ ਸਰਕਾਰ ਦੀ ਵੀ ਚੜ੍ਹਤ ਬਣੇਗੀ ਅਤੇ ਰਾਜ ਅੰਦਰ ਫਿਲਮਾਂ ਬਣਾਉਣ ਦੇ ਨਵੇਂ ਆਧਾਰ ਸਥਾਪਤ ਹੋਣਗੇ। ਰਾਜ ਸਰਕਾਰ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਵਾਸਤੇ 6 ਮਿਲੀਅਨ ਡਾਲਰਾਂ ਦਾ ਨਿਵੇਸ਼ ਕੀਤਾ ਹੈ ਜਿਸ ਨਾਲ ਕਿ ਸੈਂਕੜਿਆਂ ਦੀ ਤਾਦਾਦ ਵਿੱਚ ਆਉਣ ਵਾਲੇ ਅਗਲੇ 5 ਸਾਲਾਂ ਤੱਕ, ਰੌਜ਼ਗਾਰਾਂ ਦੇ ਸਾਧਨ ਮਹੱਈਆ ਹੋਣਗੇ ਅਤੇ ਲੋਕਾਂ ਨੂੰ ਅੰਤਰ ਰਾਸ਼ਟਰੀ ਪੱਧਰ ਉਪਰ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਫਿਲਮ ਮੇਕਿੰਗ ਵਿਚਲੇ ਨਵੇਂ ਤਜੁਰਬਿਆਂ ਜਿਨ੍ਹਾਂ ਵਿੱਚ ਕਿ ਵਿਜ਼ੁਅਲ ਇਫੈਕਟ ਅਤੇ ਐਨੀਮੇਸ਼ਨ ਸ਼ਾਮਿਲ ਹਨ, ਦੀ ਵੀ ਜਾਣਕਾਰੀ ਮਿਲੇਗੀ।
ਰਾਜ ਦੇ ਟੈਰਿਟਰੀ ਐਜੁਕੇਸ਼ਨ ਅਤੇ ਹੁਨਰ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਜਿਓਫ ਲੀ ਨੇ ਇਸ ਬਾਬਤ ਕਿਹਾ ਕਿ ਉਹ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ ਅਤੇ ਇਹ ਇੱਕ ਸਹੀ ਅਤੇ ਉਤਮ ਕਦਮ ਹੈ ਜਿਸ ਨਾਲ ਕਿ ਲੋਕਾਂ ਦੇ ਨਾਲ ਨਾਲ ਸਰਕਾਰ ਦੀ ਅਰਥ ਵਿਵਸਥਾ ਨੂੰ ਵੀ ਭਵਿੱਖ ਵਿੱਚ ਲਾਭ ਹੀ ਪ੍ਰਾਪਤ ਹੋਵੇਗਾ।
ਸਿੰਗਾਪੁਰ ਅਤੇ ਸਿਡਨੀ ਵਿਚਲੇ ਸਟੂਡੀਉ ਦੇ ਇੰਚਾਰਜ ਲਿਊਕ ਹੈਦਰਿੰਗਟਨ ਨੇ ਇਸ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਆਈ.ਐਲ.ਐਮ. ਕੰਪਨੀ ਵਾਸਤੇ ਬਹੁਤ ਜ਼ਿਆਦਾ ਮਾਣ ਦੀ ਗੱਲ ਹੈ ਕਿ ਉਹ ਜੈਡੀ ਅਕੈਡਮੀ ਨਾਲ ਮਿਲ ਕੇ ਸਿਡਨੀ ਅੰਦਰ ਅਜਿਹਾ ਟ੍ਰੇਨਿੰਗ ਪ੍ਰੋਗਰਾਮ ਚਲਾ ਰਹੇ ਹਨ।
ਜ਼ਿਕਰਯੋਗ ਹੈ ਕਿ ਆਈ.ਐਲ.ਐਮ. ਕੰਪਨੀ ਦੀ ਸਥਾਪਨਾ ਡਾਇਰੈਕਟਰ ਜਾਰਜ ਲੁਕਾਸ ਵੱਲੋਂ 1975 ਵਿੱਚ ‘ਸਟਾਰ ਵਾਰਜ਼’ ਨਾਮ ਦੀ ਸੰਸਾਰ ਪ੍ਰਸਿੱਧ ਫਿਲਮ ਬਣਾ ਕੇ ਕੀਤੀ ਗਈ ਸੀ ਅਤੇ ਨਿਊ ਸਾਊਥ ਵੇਲਜ਼ ਸਰਕਾਰ ਨਾਲ ਇਨ੍ਹਾਂ ਦੀ ਪਾਰਟਨਰਸ਼ਿਪ 2019 ਵਿੱਚ ਸਥਾਪਿਤ ਹੋਈ ਹੈ ਅਤੇ ਹੁਣ ਇਹ ਮਿਲ ਕੇ ਫਿਲਮ ਉਦਯੋਗ ਦੀ ਸਿਖਲਾਈ ਮੁਹੱਈਆ ਕਰਵਾ ਰਹੇ ਹਨ।

Install Punjabi Akhbar App

Install
×